''ਲੀਵਰ ਕਾਂਟਾ'' ਸਿਸਟਮ ਹੋਵੇਗਾ ਬੰਦ : ਕੰਪਿਊਟਰਾਈਜ਼ ਤਰੀਕੇ ਨਾਲ ਬਦਲੇ ਜਾਣਗੇ ਰਸਤੇ

Friday, Mar 30, 2018 - 03:38 PM (IST)

''ਲੀਵਰ ਕਾਂਟਾ'' ਸਿਸਟਮ ਹੋਵੇਗਾ ਬੰਦ : ਕੰਪਿਊਟਰਾਈਜ਼ ਤਰੀਕੇ ਨਾਲ ਬਦਲੇ ਜਾਣਗੇ ਰਸਤੇ

ਅੰਮ੍ਰਿਤਸਰ : ਅੰਮ੍ਰਿਤਸਰ 'ਚ ਅੰਗਰੇਜ਼ਾਂ ਦੇ ਸਮੇਂ ਤੋਂ ਚੱਲਣ ਵਾਲੀ ਹੱਥ ਨਾਲ ਖਿੱਚ ਕੇ 'ਲੀਵਰ ਕਾਂਟਾ' ਪ੍ਰਣਾਲੀ ਹੁਣ ਕੁਝ ਹੀ ਦਿਨਾਂ 'ਚ ਬੰਦ ਹੋ ਸਕਦੀ ਹੈ। ਜਾਣਕਾਰੀ ਮੁਤਾਬਕ ਹੁਣ ਕਰਮਚਾਰੀਆਂ ਵੱਲੋਂ ਹੱਥਾਂ ਨਾਲ ਲੀਵਰ ਖਿਚਣ ਦੀ ਬਜਾਏ ਰੇਲ ਗੱਡੀਆਂ ਦੀ ਅਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਇਲੈਕਟ੍ਰਾਨਿਕ ਇੰਟਰਲਾਕਿੰਗ ਸ਼ੁਰੂ ਕੀਤੀ ਜਾ ਰਹੀ ਹੈ। 
ਇਸ ਸਬੰਧੀ ਜਾਣਕਾਰੀ ਦਿੰਦਿਆ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਡਾਇਰੈਕਟਰ ਅੰਮ੍ਰਿਤ ਸਿੰਘ ਤੇ ਐੱਸ. ਐੱਸ. ਭੂਸ਼ਣ ਨੰਦਵਾਈ ਨੇ ਦੱਸਿਆ ਕਿ ਗੋਲਬਾਗ ਵਾਲੇ ਪਾਸੇ ਸਥਿਤ ਇਕ ਇਮਾਰਤ ਨੂੰ ਪਾਵਰ ਕੈਬਿਨ ਦੇ ਰੂਪ 'ਚ ਤਿਆਰ ਕਰ ਲਿਆ ਗਿਆ ਹੈ। ਇਸ ਇਮਾਰਤ 'ਚ ਬਣਨ ਵਾਲੇ ਪਾਵਰ ਕੈਬਿਨ ਨੂੰ ਪੂਰੀ ਤਰ੍ਹਾਂ ਨਾਲ ਕੰਪਿਊਟਰਾਈਜ਼ ਬਣਾਇਆ ਗਿਆ ਹੈ ਤੇ ਹੁਣ ਰੇਲਗੱਡੀਆਂ ਦਾ ਰਾਸਤਾ ਬਦਲਣ ਲਈ ਬੇਹੱਦ ਜ਼ੋਰ ਲਗਾ ਕੇ ਖਿੱਚੇ ਜਾਣ ਵਾਲੇ ਕਾਂਟੇ ਤੇ ਪੂਰਬ-ਪੱਛਮ ਕੈਬਿਨ ਬੰਦ ਹੋ ਜਾਣਗੇ ਤੇ ਉਨ੍ਹਾਂ ਦੀ ਥਾਂ ਕੰਪਿਊਟਰਾਈਜ਼ ਤਰੀਕੇ ਨਾਲ ਸਿਰਫ ਬਟਨ ਦੱਬ ਕੇ ਹੀ ਰੇਲਵੇ ਲਾਈਨਾਂ ਦੇ ਕਾਂਟੇ ਬਦਲੇ ਜਾਣਗੇ। ਉਕਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਹਿਲਾਂ ਇੰਟਰਲਾਕਿੰਗ ਦਾ ਕੰਮ 29 ਮਾਰਚ ਨੂੰ ਸ਼ੁਰੂ ਹੋਣਾ ਸੀ ਤੇ ਉਸ ਲਈ ਕਈ ਰੇਲਗੱਡੀਆਂ ਨੂੰ ਰੱਦ ਕਰਨਾ ਤੇ ਕਈਆਂ ਨੂੰ ਹੋਰਨਾਂ ਸਟੇਸ਼ਨਾਂ ਤੋਂ ਚਲਾਇਆ ਜਾਣਾ ਸੀ। ਇਸ ਕੰਮ ਲਈ ਰੇਲਵੇ ਵੱਲੋਂ 29 ਮਾਰਚ ਦਾ ਸਮਾਂ ਨਾ ਦਿੱਤੇ ਜਾਣ ਕਾਰਨ ਹੁਣ ਇਹ ਕੰਮ ਅਪ੍ਰੈਲ ਦੇ ਪਹਿਲੇ-ਦੂਜੇ ਹਫਤੇ ਸ਼ੁਰੂ ਕੀਤਾ ਜਾਵੇਗਾ।


Related News