ਰਜਿਸਟਰੀਆਂ ਬੰਦ ਕਰਵਾ ਕੇ ਸਰਕਾਰ ਨੇ ਕੀਤਾ ਜਨਤਾ ਨਾਲ ਧੋਖਾ: ਪਵਨ ਟੀਨੂੰ
Friday, Feb 16, 2018 - 02:36 PM (IST)

ਜਲੰਧਰ (ਬੁਲੰਦ)— ਸ਼੍ਰੋਮਣੀ ਅਕਾਲੀ ਦਲ ਜਲੰਧਰ ਇਕਾਈ ਵੱਲੋਂ ਪ੍ਰਧਾਨ ਕੁਲਵੰਤ ਸਿੰਘ ਮੰਨਣ ਦੇ ਘਰ ਵੀਰਵਾਰ ਅਕਾਲੀ ਦਲ ਦੇ ਸੀਨੀਅਰ ਮੈਂਬਰਾਂ ਦੀ ਇਕ ਬੈਠਕ ਬੁਲਾਈ ਗਈ। ਇਸ ਵਿਚ ਵਿਧਾਇਕ ਪਵਨ ਟੀਨੂੰ, ਕੁਲਵੰਤ ਮੰਨਣ, ਕਮਲਜੀਤ ਸਿੰਘ ਭਾਟੀਆ, ਪਰਮਿੰਦਰ ਕੌਰ ਪੰਨੂ, ਰਣਜੀਤ ਸਿੰਘ ਰਾਣਾ, ਅਮਨਪ੍ਰੀਤ ਸਿੰਘ ਮੋਂਟੀ ਆਦਿ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਜਲੰਧਰ ਦੀਆਂ 358 ਅਤੇ ਪੰਜਾਬ ਦੀਆਂ ਹਜ਼ਾਰਾਂ ਕਾਲੋਨੀਆਂ ਦੀਆਂ ਰਜਿਸਟਰੀਆਂ ਬੰਦ ਕਰਵਾ ਕੇ ਲੋਕਾਂ ਨਾਲ ਧੋਖਾ ਕੀਤਾ ਹੈ। ਇਸ ਨਾਲ ਪੰਜਾਬ ਦੇ ਅਰਥਚਾਰੇ ਨੂੰ ਵੱਡਾ ਨੁਕਸਾਨ ਪੁੱਜਾ ਹੈ ਅਤੇ ਨਾਲ ਹੀ ਪੰਜਾਬ ਦਾ ਸਾਰਾ ਕਾਰੋਬਾਰ ਪ੍ਰਭਾਵਿਤ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਕਿਸੇ ਨਾ ਕਿਸੇ ਮਜਬੂਰੀ ਕਾਰਨ ਆਪਣੀਆਂ ਜ਼ਮੀਨਾਂ ਤੇ ਪਲਾਟ ਵੇਚਣੇ ਪੈਂਦੇ ਹਨ ਪਰ ਸਰਕਾਰ ਦੀ ਪਾਬੰਦੀ ਕਾਰਨ ਲੋਕ ਕਰਜ਼ਾ ਲੈਣ ਲਈ ਮਜਬੂਰ ਹਨ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਕੋਲ ਐੱਨ. ਓ. ਸੀ. ਹੈ, ਉਹ ਵੀ ਰਜਿਸਟਰੀਆਂ ਨਹੀਂ ਕਰਵਾ ਪਾ ਰਹੇ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਕੈਪਟਨ ਸਰਕਾਰ ਭ੍ਰਿਸ਼ਟਾਚਾਰ ਨੂੰ ਉਤਸ਼ਾਹਿਤ ਕਰ ਰਹੀ ਹੈ। ਸਰਕਾਰ ਨੇ ਨਾ ਤਾਂ ਕੋਈ ਨਵੀਂ ਨੀਤੀ ਬਣਾਈ ਤੇ ਨਾ ਹੀ ਆਮ ਜਨਤਾ ਦੀਆਂ ਸਹੂਲਤਾਂ ਲਈ ਕੋਈ ਪਲਾਨਿੰਗ ਕੀਤੀ ਹੈ। ਅਕਾਲੀ ਸਰਕਾਰ ਨੇ ਜਿੰਨਾ ਆਮ ਜਨਤਾ ਨੂੰ ਫਾਇਦਾ ਪਹੁੰਚਾਇਆ ਸੀ, ਓਨਾ ਹੀ ਕਾਂਗਰਸ ਸਰਕਾਰ ਨੁਕਸਾਨ ਪਹੁੰਚਾ ਰਹੀ ਹੈ।
ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਦੇ ਰਾਜ ਵਿਚ ਜਨਤਾ ਨਾਲ ਲੁੱਟ ਇੰਨੀ ਵਧ ਗਈ ਹੈ ਕਿ ਕਾਲੋਨਾਈਜ਼ਰਾਂ ਕੋਲੋਂ ਵੱਖਰੇ ਪੈਸੇ ਲਏ ਜਾ ਰਹੇ ਹਨ ਤੇ ਪਲਾਟ ਹੋਲਡਰਾਂ ਕੋਲੋਂ ਵੱਖਰੇ। ਅਕਾਲੀ ਆਗੂਆਂ ਨੇ ਇਸ ਨੂੰ 420 ਐਲਾਨਦਿਆਂ ਇਨ੍ਹਾਂ ਤਾਨਾਸ਼ਾਹੀ ਹੁਕਮਾਂ ਨੂੰ ਵਾਪਸ ਲੈਣ ਦੀ ਅਪੀਲ ਕੀਤੀ। ਇਸ ਮੌਕੇ ਚਰਨਜੀਵ ਸਿੰਘ ਲਾਲੀ, ਸਤਿੰਦਰ ਪੀਤਾ, ਗੁਰਪ੍ਰਤਾਪ ਪੰਨੂ, ਮਹਿੰਦਰਪਾਲ, ਬਲਵਿੰਦਰ ਬਿੰਦਰ, ਅਸ਼ੋਕ ਚੱਢਾ ਆਦਿ ਵੀ ਮੌਜੂਦ ਸਨ।