ਵਿਧਾਇਕ ਹੈਨਰੀ ਨੇ ਵਰਖਾ ਦੌਰਾਨ ਪਾਣੀ ਨਾਲ ਭਰੇ ਖੇਤਰਾਂ ਦਾ ਕੀਤਾ ਦੌਰਾ
Monday, Aug 21, 2017 - 06:42 AM (IST)

ਜਲੰਧਰ, (ਚੋਪੜਾ)- ਭਾਰੀ ਵਰਖਾ ਕਾਰਨ ਪਾਣੀ ਨਾਲ ਭਰੇ ਖੇਤਰਾਂ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਵਿਧਾਇਕ ਜੂਨੀਅਰ ਅਵਤਾਰ ਹੈਨਰੀ ਨੇ ਸਾਥੀਆਂ ਸਮੇਤ ਨਾਰਥ ਇਲਾਕੇ ਦੇ ਅਧੀਨ ਆਉਂਦੇ ਰੇਲਵੇ ਰੋਡ, ਬਲਦੇਵ ਨਗਰ, ਅਮਨ ਨਗਰ, ਕਿਸ਼ਨਪੁਰਾ, ਸ਼ਿਵ ਨਗਰ, ਗਾਜ਼ੀਗੁੱਲਾ ਸਮੇਤ ਵੱਖ-ਵੱਖ ਖੇਤਰਾਂ ਦਾ ਦੌਰਾ ਕੀਤਾ। ਵਰਖਾ ਦੌਰਾਨ ਹੀ ਵਿਧਾਇਕ ਹੈਨਰੀ ਨੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਿਆ।
ਲੋਕਾਂ ਦਾ ਕਹਿਣਾ ਸੀ ਕਿ ਇਸ ਸੰਬੰਧ ਵਿਚ ਕਈ ਵਾਰ ਮੇਅਰ ਅਤੇ ਕੌਂਸਲਰਾਂ ਵਲੋਂ ਕੋਰੇ ਭਰੋਸੇ ਦਿੱਤੇ ਜਾਂਦੇ ਰਹੇ ਪਰ ਮੌਕਾ ਆਉਣ 'ਤੇ ਉਹ ਕਿਤੇ ਦਿਖਾਈ ਨਹੀਂ ਦਿੱਤੇ। ਹੈਨਰੀ ਨੇ ਦੱਸਿਆ ਕਿ ਪਿਛਲੇ 10 ਸਾਲਾਂ ਵਿਚ ਵਿਕਾਸ ਦਾ ਝੂਠਾ ਦਾਅਵਾ ਕਰਨ ਵਾਲੀ ਅਕਾਲੀ-ਭਾਜਪਾ ਸਰਕਾਰ ਨੇ ਪੂਰੇ ਨਾਰਥ ਹਲਕੇ ਨੂੰ ਬਰਬਾਦ ਕਰ ਦਿੱਤਾ। 10 ਸਾਲਾਂ ਤਕ ਨਗਰ ਨਿਗਮ 'ਤੇ ਭਾਜਪਾ ਦਾ ਕਬਜ਼ਾ ਰਿਹਾ ਹੈ ਪਰ ਬਰਸਾਤੀ ਪਾਣੀ ਦੀ ਸਮੱਸਿਆ ਨਾਲ ਨਜਿੱਠਣ ਦੇ ਕੋਈ ਉਚਿਤ ਪ੍ਰਬੰਧ ਨਹੀਂ ਕੀਤੇ ਗਏ।
ਉਨ੍ਹਾਂ ਨੇ ਮੌਕੇ 'ਤੇ ਹੀ ਨਿਗਮ ਅਧਿਕਾਰੀਆਂ ਨੂੰ ਬੁਲਾ ਕੇ ਸੁਪਰ ਸਕਸ਼ਨ ਮਸ਼ੀਨਾਂ ਨੂੰ ਲਾ ਕੇ ਗੰਦੇ ਪਾਣੀ ਦੀ ਨਿਕਾਸੀ ਕਰਨ ਅਤੇ ਲੋਕਹਿਤ ਦੇ ਕੰਮਾਂ ਨੂੰ ਤੇਜ਼ੀ ਨਾਲ ਕਰਨ ਦੇ ਨਿਰਦੇਸ਼ ਵੀ ਦਿੱਤੇ। ਹੈਨਰੀ ਨੇ ਕਿਹਾ ਕਿ ਉਨ੍ਹਾਂ ਨੇ ਸਾਰੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਦੇਖਿਆ ਹੈ ਅਤੇ ਉਹ ਕਲ ਹੀ ਸੀਵਰੇਜ ਬੋਰਡ ਦੇ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਇਸ ਮਸਲੇ ਦਾ ਹੱਲ ਕਰਨ ਦੀ ਦਿਸ਼ਾ ਵਿਚ ਕੰਮ ਕਰਨ ਲਈ ਕਹਿਣਗੇ। ਇਸ ਮੌਕੇ 'ਤੇ ਕੌਂਸਲਰ ਪਤੀ ਨਿਰਮਲ ਸਿੰਘ ਨਿੰਮਾ, ਸਲਿਲ ਬਾਹਰੀ, ਰਤਨੇਸ਼ ਸੈਣੀ, ਦੀਪਕ ਸ਼ਾਰਦਾ, ਕਮਲ ਕਪੂਰ, ਲਵ ਗੁਲਾਟੀ, ਸਾਹਿਬ ਸਿੰਘ ਤੇ ਹੋਰ ਵੀ ਮੌਜੂਦ ਸਨ।