ਲਾਰੇਂਸ ਬਿਸ਼ਨੋਈ ਗੈਂਗ ਦੇ ਮੈਂਬਰ ਨੇ ਬਨੂੜ ਦੀ ਕੌਂਸਲਰ ਦੇ ਪਤੀ ਨੂੰ ਵੀ ਮਾਰੀ ਸੀ ਗੋਲੀ
Wednesday, Nov 22, 2017 - 07:04 AM (IST)
ਮੋਹਾਲੀ, (ਰਾਣਾ)- ਦਿੱਲੀ ਵਿਚ ਪੰਜ ਗੈਂਗਸਟਰਾਂ ਹਿਸਾਰ ਨਿਵਾਸੀ ਦੀਪਕ, ਬਰਵਾਲਾ ਨਿਵਾਸੀ ਸੁਮਿਤ, ਝੱਜਰ ਨਿਵਾਸੀ ਸੁਮਿਤ, ਕ੍ਰਿਸ਼ਨ ਤੇ ਦਿੱਲੀ ਨਿਵਾਸੀ ਟਿੰਕੂ ਨੂੰ ਫੜ ਕੇ ਪੁਲਸ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਪੁਲਸ ਨੇ ਬਨੂੜ ਦੀ ਕੌਂਸਲਰ ਦੇ ਪਤੀ ਦੀ ਗੋਲੀ ਮਾਰ ਕੇ ਕੀਤੀ ਹੱਤਿਆ ਦੀ ਵੀ ਗੁੱਥੀ ਸੁਲਝਾ ਲਈ ਹੈ।
ਇਨ੍ਹਾਂ ਹੀ ਗੈਂਗਸਟਰਾਂ ਨੇ 6 ਦਸੰਬਰ, 2017 ਵਿਚ ਬਨੂੜ ਦੇ ਰਾਜੋਮਾਜਰਾ ਰੋਡ 'ਤੇ ਬਨੂੜ ਦੀ ਕੌਂਸਲਰ ਪ੍ਰੀਤੀ ਵਾਲੀਆ ਦੇ ਪਤੀ ਦਲਜੀਤ ਸਿੰਘ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ ਤੇ ਉਸ ਦੇ ਦੋ ਸਾਥੀਆਂ ਨੂੰ ਜ਼ਖਮੀ ਕਰ ਦਿੱਤਾ ਸੀ। ਪ੍ਰੀਤੀ ਵਾਲੀਆ ਆਜ਼ਾਦ ਤੌਰ 'ਤੇ ਜਿੱਤ ਕੇ ਕੌਂਸਲਰ ਬਣੀ ਸੀ ਪਰ ਬਾਅਦ ਵਿਚ ਉਨ੍ਹਾਂ ਦਾ ਪਰਿਵਾਰ ਕਾਂਗਰਸ ਨੂੰ ਸਮਰਥਨ ਦੇਣ ਲੱਗਾ।
ਸੰਪਤ ਨਹਿਰਾ ਨੇ ਸਤਵਿੰਦਰ 'ਤੇ ਵੀ ਕੀਤੀ ਸੀ ਫਾਇਰਿੰਗ
ਉਥੇ ਹੀ ਮੁਲਜ਼ਮਾਂ 'ਤੇ ਜ਼ੀਰਕਪੁਰ ਥਾਣੇ ਵਿਚ 30 ਸਤੰਬਰ, 2017 ਨੂੰ ਕੇਸ ਦਰਜ ਹੋਇਆ ਸੀ। ਇਸ ਸਬੰਧੀ ਸਤਵਿੰਦਰ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਸੀ ਕਿ 2014 ਵਿਚ ਉਹ ਚੰਡੀਗੜ੍ਹ ਦੇ ਸੈਕਟਰ-26 ਸਥਿਤ ਕਾਲਜ ਵਿਚ ਪੜ੍ਹਦਾ ਹੈ। ਉਥੇ ਸੰਪਤ ਨਹਿਰਾ ਵੀ ਸੀ ਤੇ ਉਸ ਨੂੰ ਤੰਗ ਕਰਦਾ ਸੀ। ਉਹ ਇਕ ਦਿਨ ਸਵਿਫਟ ਕਾਰ ਵਿਚ ਆਪਣੇ ਦੋਸਤ ਕੋਲ ਗਿਆ ਸੀ ਕਿ ਸੰਪਤ ਨਹਿਰਾ ਤੇ ਉਸ ਦੇ ਸਾਥੀ ਉਥੇ ਆ ਪਹੁੰਚੇ ਤੇ ਉਨ੍ਹਾਂ 'ਤੇ ਫਾਇਰਿੰਗ ਕਰ ਦਿੱਤੀ, ਜਿਸ ਵਿਚ ਉਹ ਵਾਲ-ਵਾਲ ਬਚੇ ਸਨ।
ਟ੍ਰਾਈਸਿਟੀ 'ਚ ਵੀ ਕੀਤੀ ਵਾਰਦਾਤ
ਗੈਂਗ ਦੇ ਮੁਖੀ ਸੰਪਤ ਨਹਿਰਾ 'ਤੇ ਚੰਡੀਗੜ੍ਹ ਦੇ ਸੈਕਟਰ-26 ਵਿਚ ਵੀ ਫਾਇਰਿੰਗ ਕਰਨ ਤੇ ਪੰਚਕੂਲਾ ਵਿਚ ਪੁਲਸ ਕਸਟੱਡੀ 'ਚੋਂ ਮੁਲਜ਼ਮ ਨੂੰ ਛੁਡਵਾਉਣ ਦਾ ਮਾਮਲਾ ਦਰਜ ਹੈ। ਜਾਣਕਾਰੀ ਮੁਤਾਬਿਕ ਪੁਲਸ ਨੂੰ ਇਕ ਹਫਤਾ ਪਹਿਲਾਂ ਲਾਰੇਂਸ ਬਿਸ਼ਨੋਈ ਗੈਂਗ ਦੇ ਮੈਂਬਰ ਸੰਪਤ ਨਹਿਰਾ, ਰਵਿੰਦਰ ਉਰਫ ਕਾਲੀ ਤੇ ਉਸ ਦੇ ਸਾਥੀਆਂ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਪੁਲਸ ਨੇ ਡੀ. ਐੱਸ. ਪੀ. ਕੰਵਲਜੀਤ ਸਿੰਘ ਦੀ ਅਗਵਾਈ ਵਿਚ ਟੀਮਾਂ ਗਠਿਤ ਕੀਤੀਆਂ। ਟੀਮ ਨੇ ਦਿੱਲੀ ਦੇ ਦੁਆਰਕਾ ਖੇਤਰ ਵਿਚ ਗੁਡੀਆ ਪ੍ਰਾਪਰਟੀਜ਼ ਪਲਾਟ ਨੰਬਰ 5, ਸੈਕੰਡ ਫਲੋਰ, ਸ਼ਾਂਤੀ ਪਾਰਕ ਨਜ਼ਦੀਕ ਪਿੱਲਰ ਨੰਬਰ 786 ਵਿਚ ਛਾਪਾ ਮਾਰਿਆ। ਜਿਵੇਂ ਹੀ ਮੁਲਜ਼ਮਾਂ ਨੇ ਪੁਲਸ ਨੂੰ ਦੇਖਿਆ ਤਾਂ ਉਨ੍ਹਾਂ ਨੇ ਪੁਲਸ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਆਖਿਰ ਮੁਲਜ਼ਮਾਂ ਨੂੰ ਪੁਲਸ ਨੇ ਦਬੋਚ ਲਿਆ।
ਮੇਜਰ ਸਿੰਘ ਦੀ ਲੱਤ 'ਤੇ ਮਾਰੀ ਸੀ ਗੋਲੀ
ਇਨ੍ਹਾਂ ਹੀ ਮੁਲਜ਼ਮਾਂ ਖਿਲਾਫ ਮੇਜਰ ਸਿੰਘ ਦੀ ਸ਼ਿਕਾਇਤ 'ਤੇ ਇਕ ਮਾਮਲਾ ਡੇਰਾਬੱਸੀ ਵਿਚ ਦਰਜ ਹੋਇਆ ਸੀ। ਮੇਜਰ ਨੇ ਦੱਸਿਆ ਸੀ ਕਿ ਉਹ ਕਾਰ 'ਚ ਰਾਮਗੜ੍ਹ ਜਾ ਰਿਹਾ ਸੀ ਕਿ ਰਾਤ ਨੂੰ ਪਿੰਡ ਫਤਿਹਪੁਰ ਜੱਟਾਂ ਕੋਲ ਪਹੁੰਚਿਆ ਤਾਂ ਮੁਲਜ਼ਮਾਂ ਨੇ ਉਨ੍ਹਾਂ ਦੀ ਕਾਰ 'ਤੇ ਫਾਇੰਰਿੰਗ ਕਰ ਦਿੱਤੀ। ਇਕ ਗੋਲੀ ਉਸਦੀ ਲੱਤ ਵਿਚ ਲੱਗੀ ਸੀ। ਮੁਲਜ਼ਮ ਆਪਣੀ ਪੰਕਚਰ ਕਾਰ ਛੱਡ ਕੇ ਸਾਡੀ ਕਾਰ ਲੈ ਕੇ ਫਰਾਰ ਹੋ ਗਏ ਸਨ।
ਸਰੰਡਰ ਨਹੀਂ, ਫਾਇਰਿੰਗ ਕੀਤੀ
ਐੱਸ. ਐੱਸ. ਪੀ. ਨੇ ਦੱਸਿਆ ਕਿ ਗੁਪਤ ਸੂਚਨਾ ਮਿਲੀ ਸੀ ਕਿ ਮੋਸਟ ਵਾਂਟੇਡ ਲਾਰੇਂਸ ਬਿਸ਼ਨੋਈ, ਸੰਪਤ ਨਹਿਰਾ ਤੇ ਰਵਿੰਦਰ ਕਾਲੀ ਗੈਂਗ ਦੇ ਮੈਂਬਰ ਦਿੱਲੀ ਵਿਚ ਹਨ ਤੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਵਿਚ ਹਨ। ਸੂਚਨਾ ਤੋਂ ਬਾਅਦ ਉਨ੍ਹਾਂ ਇਕ ਸਪੈਸ਼ਲ ਟੀਮ ਬਣਾਈ, ਜਿਸ ਦੀ ਅਗਵਾਈ ਐੱਸ. ਐੱਸ. ਪੀ. ਨੇ ਖੁਦ ਕੀਤੀ। ਟੀਮ ਵਿਚ ਡੀ. ਐੱਸ. ਪੀ. ਇਨਵੈਸਟੀਗੇਸ਼ਨ ਕਮਲਪ੍ਰੀਤ ਸਿੰਘ, ਸੀ. ਆਈ. ਏ. ਇੰਸਪੈਕਟਰ ਤਿਰਲੋਚਨ ਸਿੰਘ, ਇੰਸਪੈਕਟਰ ਮਨਜੀਤ ਸਿੰਘ ਸਨ। ਪੁਲਸ ਟੀਮ ਦਿੱਲੀ ਦੇ ਦੁਆਰਕਾ ਵਿਚ ਪਹੁੰਚੀ ਤਾਂ ਉਥੇ ਪੰਜ ਮੁਲਜ਼ਮ ਸਨ, ਜਿਨ੍ਹਾਂ ਨੂੰ ਪੁਲਸ ਨੇ ਸਰੰਡਰ ਕਰਨ ਲਈ ਕਿਹਾ ਪਰ ਉਨ੍ਹਾਂ ਨੇ ਸਰੰਡਰ ਨਹੀਂ ਕੀਤਾ ਤੇ ਪੁਲਸ 'ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਪੁਲਸ ਨੇ ਵੀ ਫਾਇਰਿੰਗ ਕਰਦਿਆਂ ਪੰਜਾਂ ਨੂੰ ਦਬੋਚ ਲਿਆ।
