ਝੁੱਗੀਆਂ ਪਾ ਕੇ ਰਹਿੰਦੇ ਮਜ਼ਦੂਰਾਂ ''ਤੇ ਜਿਮੀਂਦਾਰ ਪਰਿਵਾਰਾਂ ਨੇ ਢਾਹਿਆ ਕਹਿਰ
Tuesday, Sep 03, 2019 - 06:07 PM (IST)

ਗਿੱਦੜਬਾਹਾ (ਸੰਧਿਆ) - ਸ੍ਰੀ ਮੁਕਤਸਰ ਸਾਗਿਬ ਦੇ ਪਿੰਡ ਸੰਗੂਧੌਣ 'ਚ ਰਹਿਣ ਵਾਲੇ ਕਈ ਜਿਮੀਂਦਾਰ ਪਰਿਵਾਰਾਂ ਦੀ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵਾਇਰਲ ਹੋ ਰਹੀ ਇਸ ਵੀਡੀਓ 'ਚ ਜਿਮੀਂਦਾਰ ਪਰਿਵਾਰਾਂ ਦੇ ਲੋਕ ਪਿੰਡ ਦੀ ਸ਼ਾਮਲਾਟ ਜ਼ਮੀਨ 'ਤੇ ਝੁੱਗੀਆਂ ਪਾ ਕੇ ਰਹਿੰਦੇ ਗਰੀਬ ਮਜ਼ਦੂਰਾਂ ਨੂੰ ਜ਼ਬਰਦਸਤੀ ਜ਼ਮੀਨ ਖਾਲੀ ਕਰਵਾਉਣ ਦੀਆਂ ਧਮਕੀਆਂ ਦੇਣ ਦੇ ਨਾਲ-ਨਾਲ ਉਨ੍ਹਾਂ ਦੀ ਕੁੱਟ-ਮਾਰ ਕਰ ਰਹੇ ਹਨ। ਵੀਡੀਓ ਵਾਇਰਲ ਹੋਣ ਤੋਂ ਬਾਅਦ ਮੌਕੇ 'ਤੇ ਪਹੁੰਚੀ ਥਾਣਾ ਸਦਰ ਦੀ ਪੁਲਸ ਨੇ ਹਰਪਾਲ ਸਿੰਘ ਪੁੱਤਰ ਮੋਹਨ ਸਿੰਘ ਦੀ ਸ਼ਿਕਾਇਤ 'ਤੇ ਪਿੰਡ ਦੇ ਵਿਅਕਤੀਆਂ ਸ਼ਮਿੰਦਰ ਸਿੰਘ ਪੁੱਤਰ ਅਮਰਜੀਤ ਸਿੰਘ, ਅਮਰਜੀਤ ਸਿੰਘ ਪੁੱਤਰ ਸੰਤ ਸਿੰਘ, ਬੂਟਾ ਸਿੰਘ ਪੁੱਤਰ ਜੈਲ ਸਿੰਘ ਅਤੇ ਇਕ ਹੋਰ ਅਣਪਛਾਤੇ ਵਿਅਕਤੀ ਵਿਰੁੱਧ ਮਾਮਲਾ ਦਰਜ ਕਰ ਦਿੱਤਾ ਹੈ।
ਦੱਸ ਦੇਈਏ ਕਿ ਹਰਪਾਲ ਸਿੰਘ ਨੇ ਪਿੰਡ ਦੀ ਸ਼ਾਮਲਾਟ ਜ਼ਮੀਨ 'ਚ ਝੁੱਗੀਆਂ ਪਾ ਕੇ ਰਹਿੰਦੇ ਗਰੀਬ ਮਜ਼ਦੂਰਾਂ ਨੂੰ ਜ਼ਬਰਦਸਤੀ ਜ਼ਮੀਨ ਖਾਲੀ ਕਰਵਾਉਣ, ਉਨ੍ਹਾਂ ਦੀ ਕੁੱਟ-ਮਾਰ ਕਰਨ, ਤੇਜ਼ ਹਥਿਆਰਾਂ ਨਾਲ ਹਮਲਾ ਕਰਨ ਅਤੇ ਇਕ ਔਰਤ ਨੂੰ ਸੱਟਾਂ ਮਾਰਨ ਅਤੇ ਉਸ ਦੇ ਕੱਪੜੇ ਪਾੜਨ, ਮੋਬਾਇਲ ਖੋਹਣ ਦੇ ਦੋਸ਼ ਲਗਾਉਦੇ ਹੋਏ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ। ਪੁਲਸ ਨੇ ਉਕਤ ਵਿਅਕਤੀ ਦੀ ਸ਼ਿਕਾਇਤ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ ਹੈ।