ਜ਼ਮੀਨੀ ਵਿਵਾਦ ਨੇ ਧਾਰਿਆ ਖ਼ੂਨੀ ਰੂਪ, ਪਤਨੀ ਨਾਲ ਮਿਲ ਛੋਟੇ ਭਰਾ ਨੂੰ ਉਤਾਰਿਆ ਮੌਤ ਦੇ ਘਾਟ
Sunday, Nov 27, 2022 - 07:56 PM (IST)

ਲੁਧਿਆਣਾ (ਤਰੁਣ) : ਬਾੜੇਵਾਲ ਰੋਡ ਮਧੂਬਨ ਐਨਕਲੇਵ ਸਥਿਤ ਇਲਾਕੇ ’ਚ ਜਾਇਦਾਦ ਦੇ ਵਿਵਾਦ ਦੇ ਚੱਲਦਿਆਂ ਭਰਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਵੱਡੇ ਭਰਾ ਨੇ ਆਪਣੀ ਪਤਨੀ ਨਾਲ ਮਿਲ ਕੇ ਛੋਟੇ ’ਤੇ ਲੋਹੇ ਦੀ ਰਾਡ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ। ਜਾਣਕਾਰੀ ਮਿਲਣ ਤੋਂ ਬਾਅਦ ਥਾਣਾ ਸਰਾਭਾ ਨਗਰ ਦੇ ਇੰਚਾਰਜ ਅਮਰਿੰਦਰ ਸਿੰਘ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ। ਮ੍ਰਿਤਕ ਦੀ ਪਛਾਣ ਰਾਜਵਿੰਦਰ ਸਿੰਘ (52) ਵਜੋਂ ਹੋਈ ਹੈ, ਜਦਕਿ ਮੁਲਜ਼ਮਾਂ ਦੀ ਪਛਾਣ ਬਲਜੀਤ ਸਿੰਘ ਅਤੇ ਉਸ ਦੀ ਪਤਨੀ ਸੁਖਰਾਜ ਕੌਰ ਵਜੋਂ ਹੋਈ ਹੈ।
ਇਹ ਖ਼ਬਰ ਵੀ ਪੜ੍ਹੋ : UK ਤੋਂ ਪਰਤੇ ਪਿਤਾ ਬਲਕੌਰ ਸਿੰਘ ਨੇ ਸਿੱਧੂ ਮੂਸੇਵਾਲਾ ਨੂੰ ਲੈ ਕੇ ਕੀਤਾ ਵੱਡਾ ਖ਼ੁਲਾਸਾ
ਮ੍ਰਿਤਕ ਰਾਜਵਿੰਦਰ ਦੀ ਪਤਨੀ ਰਮਨਦੀਪ ਕੌਰ ਨੇ ਦੱਸਿਆ ਕਿ ਉਹ ਹਸਪਤਾਲ ’ਚ ਫਾਰਮਾਸਿਸਟ ਦੇ ਤੌਰ ’ਤੇ ਕੰਮ ਕਰਦੀ ਹੈ। ਉਸ ਦੇ 2 ਪੁੱਤ ਹਨ, ਜੋ ਵਿਦੇਸ਼ ਰਹਿੰਦੇ ਹਨ। ਘਰ ਦੀ ਪਹਿਲੀ ਮੰਜ਼ਿਲ ’ਤੇ ਉਹ ਆਪਣੇ ਪਤੀ ਰਾਜਵਿੰਦਰ ਅਤੇ ਸਹੁਰੇ ਨਾਲ ਰਹਿੰਦੀ ਹੈ, ਜਦਕਿ ਉਸ ਦਾ ਜੇਠ ਅਤੇ ਜੇਠਾਣੀ ਹੇਠਲੀ ਮੰਜ਼ਿਲ ’ਤੇ ਰਹਿੰਦੇ ਹਨ।
ਉਸ ਦੇ ਸਹੁਰੇ ਨੇ ਜੇਠ ਬਲਜੀਤ ਸਿੰਘ ਨੂੰ ਜਾਇਦਾਦ ਤੋਂ ਬੇਦਖਲ ਕੀਤਾ ਹੋਇਆ ਹੈ। ਸਹੁਰੇ ਲਾਟਪਾਲ ਸਿੰਘ ਨੇ ਜਾਇਦਾਦ ਛੋਟੇ ਪੁੱਤ ਰਾਜਵਿੰਦਰ ਦੇ ਨਾਂ ’ਤੇ ਕਰਵਾਈ ਹੈ। ਇਸੇ ਗੱਲ ਨੂੰ ਲੈ ਕੇ ਉਸ ਦਾ ਜੇਠ ਅਤੇ ਜੇਠਾਣੀ ਰੰਜਿਸ਼ ਰੱਖਦੇ ਸਨ, ਜਿਸ ਕਾਰਨ ਇਕ ਹੀ ਘਰ ’ਚ ਰਹਿੰਦਿਆਂ ਦੋਸ਼ੀਆਂ ਨੇ ਉਨ੍ਹਾਂ ਨੂੰ ਬਹੁਤ ਪ੍ਰੇਸ਼ਾਨ ਕੀਤਾ ਹੋਇਆ ਸੀ। ਦੋਸ਼ੀ ਗੇਟ ਨੂੰ ਤਾਲਾ ਲਗਾ ਦਿੰਦੇ ਸਨ ਅਤੇ ਉਨ੍ਹਾਂ ਨੂੰ ਘਰ ’ਚ ਵੜਨ ਨਹੀਂ ਦਿੰਦੇ ਸਨ, ਜਿਸ ਕਾਰਨ ਉਹ ਅਕਸਰ ਉਹ ਬਹੁਤ ਪਰੇਸ਼ਾਨ ਰਹਿੰਦੇ ਸਨ।
ਇਹ ਖ਼ਬਰ ਵੀ ਪੜ੍ਹੋ : ਮੰਤਰੀ ਧਾਲੀਵਾਲ ਦਾ ਵੱਡਾ ਬਿਆਨ, ਬਾਦਲ ਸਰਕਾਰ ਵੇਲੇ ਬੀਜ ਫਾਰਮ ਦੇ ਨਾਂ ’ਤੇ ਖ਼ਰੀਦੀ ਜ਼ਮੀਨ ਦੀ ਹੋਵੇਗੀ ਜਾਂਚ
ਸ਼ਨੀਵਾਰ ਰਾਤ ਤਕਰੀਬਨ 9.30 ਵਜੇ ਜਦੋਂ ਉਸ ਦਾ ਪਤੀ ਰਾਜਵਿੰਦਰ ਘਰ ਪਹੁੰਚਿਆ ਤਾਂ ਅਚਾਨਕ ਉਸ ਦੇ ਜੇਠ ਅਤੇ ਜੇਠਾਣੀ ਨੇ ਉਸ ਦੇ ਪਤੀ ’ਤੇ ਹਮਲਾ ਕਰ ਦਿੱਤਾ। ਚੀਕ-ਚਿਹਾੜਾ ਸੁਣ ਕੇ ਜਦੋਂ ਉਹ ਹੇਠਾਂ ਆਈ ਤਾਂ ਦੇਖਿਆ ਕਿ ਉਸ ਦੇ ਜੇਠ ਬਲਜੀਤ ਦੇ ਹੱਥ ’ਚ ਲੋਹੇ ਦੀ ਰਾਡ ਹੈ। ਜੇਠ ਬਲਜੀਤ ਨੇ ਲੋਹੇ ਦੀ ਰਾਡ ਉਸ ਦੇ ਪਤੀ ਰਾਜਵਿੰਦਰ ਦੇ ਸਿਰ ’ਤੇ ਮਾਰੀ, ਜਦਕਿ ਭਰਜਾਈ ਚੀਕ ਚੀਕ ਜੇਠ ਨੂੰ ਰਾਡ ਨਾਲ ਹਮਲਾ ਕਰਨ ਲਈ ਉਕਸਾ ਰਹੀ ਸੀ। ਜੇਠਾਣੀ ਨੇ ਪਤੀ ਦੇ ਢਿੱਡ ’ਤੇ ਕਈ ਲੱਤਾਂ ਮਾਰੀਆਂ। ਹਮਲਾ ਕਰਨ ਤੋਂ ਬਾਅਦ ਦੋਵੇਂ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ। ਪਤਨੀ ਰਮਨਦੀਪ ਕੌਰ ਨੇ ਪਤੀ ਦੀ ਮੌਤ ਦੀ ਘਟਨਾ ਨੂੰ ਖੁਦ ਦੇਖਿਆ।
ਡਾਕਟਰ ਨੇ ਰਾਜਵਿੰਦਰ ਨੂੰ ਕੀਤਾ ਮ੍ਰਿਤਕ ਐਲਾਨ
ਘਬਰਾਈ ਰਮਨਦੀਪ ਕੌਰ ਕਿਸੇ ਤਰ੍ਹਾਂ ਆਪਣੇ ਪਤੀ ਨੂੰ ਇਲਾਜ ਲਈ ਹਸਪਤਾਲ ਲੈ ਗਈ, ਜਿੱਥੇ ਗੁਰੂਦੇਵ ਹਸਪਤਾਲ ਦੇ ਡਾਕਟਰਾਂ ਨੇ ਉਸ ਦੇ ਪਤੀ ਰਾਜਵਿੰਦ ਨੂੰ ਮ੍ਰਿਤਕ ਐਲਾਨ ਦਿੱਤਾ।
ਇਹ ਖ਼ਬਰ ਵੀ ਪੜ੍ਹੋ : ਸਟੱਡੀ ਵੀਜ਼ਾ ਦੀ ਐਪਲੀਕੇਸ਼ਨ ਹੋਈ ਰਿਜੈਕਟ, ਦੁਖੀ ਕੁੜੀ ਨੇ ਚੁੱਕਿਆ ਖ਼ੌਫ਼ਨਾਕ ਕਦਮ
ਸਟੇਸ਼ਨ ਇੰਚਾਰਜ ਦਾ ਕੀ ਕਹਿਣੈ
ਇਸ ਸਬੰਧੀ ਥਾਣਾ ਇੰਚਾਰਜ ਅਮਰਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਆਪਣੇ ਭਰਾ ਦਾ ਕਤਲ ਕਰਨ ਵਾਲੇ ਬਲਜੀਤ ਸਿੰਘ ਅਤੇ ਉਸ ਦੀ ਪਤਨੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਰਾਜਵਿੰਦਰ ਦਾ ਕਤਲ ਜਾਇਦਾਦ ਦੇ ਵਿਵਾਦ ਕਾਰਨ ਹੋਇਆ ਹੈ। ਪੁਲਸ ਨੇ ਮ੍ਰਿਤਕ ਰਾਜਵਿੰਦਰ ਦੀ ਪਤਨੀ ਰਮਨਦੀਪ ਕੌਰ ਦੇ ਬਿਆਨਾਂ ’ਤੇ ਕਤਲ ਦੇ ਦੋਸ਼ ਹੇਠ ਮੁਲਜ਼ਮ ਬਲਜੀਤ ਸਿੰਘ ਅਤੇ ਸੁਖਰਾਜ ਕੌਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ, ਜਿਨ੍ਹਾਂ ਨੂੰ ਸੋਮਵਾਰ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਪੁਲਸ ਨੇ ਰਾਜਵਿੰਦਰ ਦੀ ਲਾਸ਼ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ।