ਦੋਸਤੀ ਦਾ ਪਵਿੱਤਰ ਰਿਸ਼ਤਾ ਕਲੰਕਿਤ, ਭੈਣ ਨੇ ਭਰਾ ਕੋਲੋਂ ਕਰਵਾਇਆ ਸਹੇਲੀ ਦਾ ਜਬਰ-ਜ਼ਨਾਹ

08/23/2019 12:17:27 PM

ਲਾਂਬੜਾ (ਵਰਿੰਦਰ) : ਥਾਣਾ ਲਾਂਬੜਾ ਦੇ ਅਧੀਨ ਆਉਂਦੇ ਇਥੋਂ ਦੇ ਪਿੰਡ ਦੀ ਇਕ ਨਾਬਾਲਗ ਲੜਕੀ ਨੂੰ ਉਸ ਦੀ ਸਹੇਲੀ ਵਲੋਂ ਨਸ਼ੇ ਵਾਲੀ ਦਵਾਈ ਕੋਲਡ ਡਰਿੰਕ 'ਚ ਪਿਆ ਕੇ ਆਪਣੇ ਭਰਾ ਕੋਲੋਂ ਜਬਰ-ਜ਼ਨਾਹ ਕਰਵਾਉਣ ਦਾ ਭੈਣ-ਭਰਾ ਅਤੇ ਦੋਸਤੀ ਦੇ ਪਵਿੱਤਰ ਰਿਸ਼ਤਿਆਂ ਨੂੰ ਕਲੰਕਿਤ ਕਰਨ ਵਾਲਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਅੱਜ ਪੀੜਤ ਲੜਕੀ ਨੇ ਥਾਣਾ ਲਾਂਬੜਾ ਵਿਖੇ ਆਪਣੇ ਘਰਦਿਆਂ ਨਾਲ ਪਹੁੰਚ ਕੇ ਆਪਣੇ ਬਿਆਨ ਦਰਜ ਕਰਵਾਏ ਕਿ ਉਹ ਜਲੰਧਰ ਦੇ ਇਕ ਕਾਲਜ 'ਚ ਪਹਿਲੇ ਸਮੈਸਟਰ ਦੀ ਪੜ੍ਹਾਈ ਕਰ ਰਹੀ ਹੈ। ਪੀੜਤ ਲੜਕੀ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਨਜ਼ਦੀਕ ਹੀ ਗੁਰਵਿੰਦਰ ਸਿੰਘ ਪੁੱਤਰ ਬਲਵੀਰ ਸਿੰਘ ਦਾ ਘਰ ਹੈ, ਜਿਸ ਦੀ ਭੈਣ ਰਮਨੀ ਨਾਲ ਉਸ ਦੀ ਦੋਸਤੀ ਹੋਣ ਕਰ ਕੇ ਸਾਡਾ ਇਕ ਦੂਜੇ ਦੇ ਘਰ ਆਉਣਾ-ਜਾਣਾ ਸੀ। ਰਮਨੀ ਦੇ ਭਰਾ ਗੁਰਵਿੰਦਰ ਸਿੰਘ ਦੀ ਪਹਿਲਾਂ ਤੋਂ ਹੀ ਉਸ 'ਤੇ ਬੁਰੀ ਨਜ਼ਰ ਸੀ। 

ਅਕਤੂਬਰ 2017 'ਚ ਰਮਨੀ ਉਸ ਨੂੰ ਘਰੋਂ ਬੁਲਾ ਕੇ ਸ਼ਹਿਰ ਦੇ ਬਹਾਨੇ ਆਪਣੇ ਘਰ ਲੈ ਗਈ, ਜਿੱਥੇ ਉਸ ਨੇ ਉਸ ਨੂੰ ਕੋਲਡ ਡਰਿੰਕ ਪੀਣ ਨੂੰ ਦਿੱਤੀ। ਉਸ ਸਮੇਂ ਰਮਨੀ ਦਾ ਭਰਾ ਗੁਰਵਿੰਦਰ ਸਿੰਘ ਵੀ ਉਥੇ ਮੌਜੂਦ ਸੀ। ਪੀੜਤ ਲੜਕੀ ਨੇ ਦੱਸਿਆ ਕਿ ਕੋਲਡ ਡਰਿੰਕ ਪੀਣ ਤੋਂ ਬਾਅਦ ਉਸ ਦਾ ਸਿਰ ਭਾਰਾ ਹੋ ਗਿਆ ਤੇ ਉਹ ਬੇਹੋਸ਼ ਹੋ ਗਈ। ਕਰੀਬ 2 ਘੰਟੇ ਬਾਅਦ ਜਦ ਉਸ ਨੂੰ ਹੋਸ਼ ਆਈ ਤਾਂ ਉਸ ਦੇ ਸਰੀਰ 'ਤੇ ਕੋਈ ਵੀ ਕੱਪੜਾ ਨਹੀਂ ਸੀ ਅਤੇ ਉਸ ਦੇ ਗੁਪਤ ਅੰਗ 'ਚ ਦਰਦ ਹੋ ਰਹੀ ਸੀ, ਜਦੋਂ ਕੱਪੜੇ ਪਾ ਕੇ ਜਾਣ ਲੱਗੀ ਤਾਂ ਉਥੇ ਹੀ ਗੁਰਵਿੰਦਰ ਸਿੰਘ ਨੇ ਉਸ ਨੂੰ ਧਮਕੀ ਦਿੱਤੀ ਕਿ ਤੇਰੀਆਂ ਨਗਨ ਅਵਸਥਾ 'ਚ ਫੋਟੋਆਂ ਖਿੱਚ ਲਈਆਂ ਹਨ, ਜੇਕਰ ਤੂੰ ਇਸ ਬਾਰੇ ਘਰ ਜਾ ਕੇ ਕਿਸੇ ਨੂੰ ਦੱਸਿਆ ਤਾਂ ਤੇਰੀਆਂ ਫੋਟੋਆਂ ਵਾਇਰਲ ਕਰ ਦੇਵਾਂਗਾ। 

ਪੀੜਤ ਲੜਕੀ ਨੇ ਦੱਸਿਆ ਕਿ ਉਸ ਨੂੰ ਫੋਟੋਆਂ ਦਾ ਡਰ ਦੇ ਕੇ ਬਾਅਦ 'ਚ ਵੀ ਗੁਰਵਿੰਦਰ ਸਿੰਘ ਉਸ ਨੂੰ ਸਰੀਰਕ ਸਬੰਧ ਬਣਾਉਣ ਲਈ ਮਜਬੂਰ ਕਰਦਾ ਰਿਹਾ। ਦਸੰਬਰ 2018 ਵਿਚ ਗੁਰਵਿੰਦਰ ਸਿੰਘ ਨੇ ਮੈਨੂੰ ਮਜਬੂਰ ਕਰ ਕੇ ਆਪਣੇ ਘਰ ਬੁਲਾ ਕੇ ਫਿਰ ਜ਼ਬਰਦਸਤੀ ਮੇਰੀ ਮਰਜ਼ੀ ਦੇ ਖਿਲਾਫ ਮੇਰੇ ਨਾਲ ਸਰੀਰਕ ਸਬੰਧ ਬਣਾਏ ਅਤੇ ਮੈਨੂੰ ਧਮਕੀ ਦਿੱਤੀ ਕਿ ਜੇਕਰ ਇਸ ਬਾਰੇ ਕਿਸੇ ਨੂੰ ਦੱਸਿਆ ਤਾਂ ਉਹ ਮੇਰੇ ਭਰਾ ਅਤੇ ਡੈਡੀ ਨੂੰ ਮਾਰ ਦੇਵੇਗਾ, ਇਸ ਡਰ ਕਾਰਨ ਉਸ ਨੇ ਇਹ ਗੱਲ ਕਿਸੇ ਨੂੰ ਨਹੀਂ ਦੱਸੀ। 

ਪੀੜਤ ਲੜਕੀ ਨੇ ਦੱਸਿਆ ਕਿ ਹੁਣ ਪਿਛਲੇ ਕਾਫੀ ਦਿਨਾਂ ਤੋਂ ਕਾਲਜ ਜਾਂਦੇ ਸਮੇਂ ਗੁਰਵਿੰਦਰ ਸਿੰਘ ਉਸ ਨੂੰ ਤੰਗ-ਪ੍ਰੇਸ਼ਾਨ ਕਰਦਾ ਸੀ। ਉਸ ਨੂੰ ਫਿਰ ਸਰੀਰਕ ਸਬੰਧ ਬਣਾਉਣ ਲਈ ਪ੍ਰੇਸ਼ਾਨ ਕਰ ਰਿਹਾ ਸੀ। ਉਸ ਨੇ ਸਰੀਰਕ ਸਬੰਧ ਬਣਾਉਣ ਤੋਂ ਮਨ੍ਹਾ ਕਰ ਦਿੱਤਾ ਤਾਂ ਗੁੱਸੇ ਵਿਚ ਆ ਕੇ ਗੁਰਵਿੰਦਰ ਸਿੰਘ ਨੇ ਉਸ ਦੀਆਂ ਨਗਨ ਅਵਸਥਾ ਵਿਚ ਤਸਵੀਰਾਂ ਉਸ ਦੇ ਮਾਮੇ ਦੇ ਮੋਬਾਇਲ 'ਤੇ ਵਟਸਐਪ ਕਰ ਦਿੱਤੀਆਂ। ਇਸ ਤੋਂ ਬਾਅਦ ਪੀੜਤ ਲੜਕੀ ਨੇ ਆਪਣੇ ਨਾਲ ਬੀਤੀ ਸਾਰੀ ਹੱਡਬੀਤੀ ਆਪਣੇ ਪਰਿਵਾਰ ਵਾਲਿਆਂ ਨੂੰ ਦੱਸੀ ਅਤੇ ਆਪਣੇ ਘਰਦਿਆਂ ਨਾਲ ਅੱਜ ਲਾਂਬੜਾ ਥਾਣਾ ਪਹੁੰਚ ਕੇ ਮੁਲਜ਼ਮ ਭੈਣ ਭਰਾ ਖਿਲਾਫ ਬਿਆਨ ਦਰਜ ਕਰਵਾਏ। ਪੀੜਤ ਲੜਕੀ ਵਲੋਂ ਮੈਜਿਸਟਰੇਟ ਸਾਹਮਣੇ ਵੀ ਆਪਣੇ ਬਿਆਨ ਦਰਜ ਕਰਵਾ ਦਿੱਤੇ ਗਏ ਹਨ। 

ਇਸ ਸਬੰਧੀ ਥਾਣਾ ਮੁਖੀ ਲਾਂਬੜਾ ਪੁਸ਼ਪ ਬਾਲੀ ਨੇ ਦੱਸਿਆ ਕਿ ਪੀੜਤ ਲੜਕੀ ਦੇ ਬਿਆਨਾਂ 'ਤੇ ਪੁਲਸ ਵਲੋਂ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ ਦੋਵੇਂ ਮੁਲਜ਼ਮ ਭੈਣ-ਭਰਾ ਅਜੇ ਪੁਲਸ ਵਲੋਂ ਫਰਾਰ ਦੱਸੇ ਜਾ ਰਹੇ ਹਨ, ਜਿਨ੍ਹਾਂ ਦੀ ਭਾਲ 'ਚ ਪੁਲਸ ਵਲੋਂ ਛਾਪੇਮਾਰੀ ਜਾਰੀ ਹੈ।


Baljeet Kaur

Content Editor

Related News