ਲਾਲ ਪਰੀ ਦੇ ਸ਼ੌਕੀਨਾਂ ਲਈ ਬੁਰੀ ਖ਼ਬਰ : ਇਸ ਵਾਰ ਨਹੀਂ ਟੁੱਟਣਗੇ ਠੇਕੇ ਤੇ ਨਾ ਹੀ ਵੱਜੇਗਾ ਢੋਲ
Tuesday, Mar 14, 2023 - 01:46 AM (IST)
ਜਲੰਧਰ (ਪੁਨੀਤ)–ਸਰਕਾਰ ਨੇ 12 ਫੀਸਦੀ ਵਾਧੇ ਨਾਲ ਨਵੀਂ ਐਕਸਾਈਜ਼ ਪਾਲਿਸੀ ਨੂੰ ਮਨਜ਼ੂਰੀ ਦਿੱਤੀ ਹੈ, ਜਿਸ ਤਹਿਤ ਮੌਜੂਦਾ ਠੇਕੇਦਾਰਾਂ ਦੇ ਗਰੁੱਪ ਰੀਨਿਊ ਕਰਨ ਲਈ ਅਰਜ਼ੀਆਂ ਵਾਸਤੇ 14 ਮਾਰਚ ਆਖਰੀ ਮਿਤੀ ਰੱਖੀ ਗਈ ਹੈ। ਜਲੰਧਰ ਜ਼ੋਨ ਅਧੀਨ 66 ਗਰੁੱਪਾਂ ’ਚੋਂ 24 ਗਰੁੱਪਾਂ ਦੇ ਠੇਕੇਦਾਰਾਂ ਵੱਲੋਂ ਅਰਜ਼ੀਆਂ ਦਿੱਤੀਆਂ ਗਈਆਂ ਹਨ, ਜਦਕਿ ਬਾਕੀ ਬਚੀਆਂ ਅਰਜ਼ੀਆਂ ਲਈ ਮੰਗਲਵਾਰ 5 ਵਜੇ ਤੱਕ ਦਾ ਸਮਾਂ ਰਹੇਗਾ। ਨਵੀਂ ਪਾਲਿਸੀ ਕਾਰਨ ਇਸ ਵਾਰ ਠੇਕੇ ਨਹੀਂ ਟੁੱਟਣਗੇ ਅਤੇ ਨਾ ਹੀ ਢੋਲ ਦੀ ਥਾਪ ’ਤੇ ਸ਼ਰਾਬ ਦੀ ਵਿਕਰੀ ਹੋ ਸਕੇਗੀ ਕਿਉਂਕਿ ਪੁਰਾਣੇ ਠੇਕੇਦਾਰ 12 ਫੀਸਦੀ ਵਾਧੇ ਨਾਲ ਆਪਣੇ ਗਰੁੱਪ ਨੂੰ ਇਕ ਸਾਲ ਲਈ ਅੱਗੇ ਵਧਾ ਸਕਦੇ ਹਨ। ਇਸੇ ਕੜੀ ਤਹਿਤ ਰੀਨਿਊ ਦੀ ਅਰਜ਼ੀ ਦੇਣ ਵਾਲਿਆਂ ਨੂੰ ਪੁਆਇੰਟ 6 ਫੀਸਦੀ ਦੇ ਲੱਗਭਗ ਰਕਮ ਅਦਾ ਕਰ ਕੇ ਆਪਣੀ ਅਰਜ਼ੀ ਜਮ੍ਹਾ ਕਰਵਾਉਣੀ ਹੋਵੇਗੀ।
ਇਹ ਖ਼ਬਰ ਵੀ ਪੜ੍ਹੋ : ਦਿੱਲੀ ਤੋਂ ਲੁਧਿਆਣੇ ਖਿੱਚ ਲਿਆਈ ਕਿਸਮਤ, ਰਾਤੋ-ਰਾਤ ਬਦਲੇ ਨਸੀਬ, ਬਣਿਆ ਕਰੋੜਪਤੀ (ਵੀਡੀਓ)
ਐਕਸਾਈਜ਼ ਵਿਭਾਗ ਵੱਲੋਂ ਮੰਗਲਵਾਰ ਸ਼ਾਮੀਂ 5 ਵਜੇ ਤੋਂ ਬਾਅਦ ਅਰਜ਼ੀਆਂ ਦੀ ਜਾਂਚ-ਪੜਤਾਲ ਕੀਤੀ ਜਾਵੇਗੀ। ਇਸ ਤਹਿਤ ਅਧਿਕਾਰੀਆਂ ਕੋਲ ਡਿਫਾਲਟਰ ਠੇਕੇਦਾਰਾਂ ਦੀਆਂ ਅਰਜ਼ੀਆਂ ਨੂੰ ਰੱਦ ਕਰਨ ਦੇ ਅਧਿਕਾਰ ਰਹਿਣਗੇ। ਸਵੀਕਾਰ ਕੀਤੇ ਜਾਣ ਵਾਲੇ ਅਰਜ਼ੀਦਾਤਿਆਂ ਨੂੰ 48 ਘੰਟਿਆਂ ਅੰਦਰ 6 ਫੀਸਦੀ ਰਕਮ ਜਮ੍ਹਾ ਕਰਵਾਉਣੀ ਹੋਵੇਗੀ, ਉਥੇ ਹੀ 6 ਫੀਸਦੀ ਦੂਜੀ ਕਿਸ਼ਤ 5 ਦਿਨਾਂ ਅੰਦਰ ਜਮ੍ਹਾ ਕਰਵਾਉਣੀ ਲਾਜ਼ਮੀ ਹੋਵੇਗੀ। ਸ਼ਰਾਬ ਦਾ ਓਪਨ ਕੋਟਾ ਹੋਣ ਕਾਰਨ ਠੇਕੇਦਾਰਾਂ ਕੋਲ ਲਿਮਟਿਡ ਸਟਾਕ ਰਹਿੰਦਾ ਹੈ, ਉਥੇ ਹੀ ਪਾਲਿਸੀ ਤਹਿਤ 2 ਰੁਪਏ ਪ੍ਰਤੀ ਪੀ. ਐੱਲ. (ਪਰੂਫ ਲਿਟਰ) ਦੇ ਹਿਸਾਬ ਨਾਲ ਸਟਾਕ ਨੂੰ ਅਗਲੇ ਸਾਲ ਵਿਚ ਸ਼ਿਫਟ ਕਰਨ ਦੀ ਵਿਵਸਥਾ ਮੌਜੂਦ ਹੈ। ਇਸ ਕਾਰਨ 31 ਮਾਰਚ ਨੂੰ ਠੇਕੇ ਟੁੱਟਣ ਦੀ ਉਡੀਕ ਕਰਨ ਵਾਲਿਆਂ ਦੇ ਹੱਥ ਨਿਰਾਸ਼ਾ ਹੀ ਲੱਗੇਗੀ। ਅਧਿਕਾਰੀਆਂ ਦੇ ਮੁਤਾਬਕ ਠੇਕੇਦਾਰ ਨਿਰਧਾਰਿਤ ਕੀਮਤ ਤੋਂ ਘੱਟ ’ਤੇ ਸ਼ਰਾਬ ਨਹੀਂ ਵੇਚ ਸਕਦੇ ਕਿਉਂਕਿ ਅਜਿਹਾ ਕਰਨ ਨਾਲ ਨਿਯਮਾਂ ਦੀ ਉਲੰਘਣਾ ਹੋਵੇਗੀ। ਇਨ੍ਹਾਂ ਨਿਯਮਾਂ ਤਹਿਤ ਇਸ ਵਾਰ ਢੋਲ ਦੀ ਥਾਪ ’ਤੇ ਸ਼ਰਾਬ ਦੀ ਵਿਕਰੀ ਨਹੀਂ ਹੋ ਸਕੇਗੀ।
ਇਹ ਖ਼ਬਰ ਵੀ ਪੜ੍ਹੋ : ਟੈੱਟ ਪੇਪਰ ਮਾਮਲੇ ’ਚ CM ਮਾਨ ਦੇ ਹੁਕਮਾਂ ਤੋਂ ਬਾਅਦ ਵੱਡੀ ਕਾਰਵਾਈ
ਉਥੇ ਹੀ, ਵਿਭਾਗ ਵੱਲੋਂ ਮੰਗਾਂ ਨੂੰ ਨਜ਼ਰਅੰਦਾਜ਼ ਕਰਦਿਆਂ ਠੇਕੇ ਖੋਲ੍ਹਣ ਦਾ ਸਮਾਂ ਸਵੇਰੇ 9 ਤੋਂ ਰਾਤ 12 ਵਜੇ ਤੱਕ ਨਿਰਧਾਰਿਤ ਕੀਤਾ ਗਿਆ ਹੈ। ਸ਼ਰਾਬ ਪਰੋਸਣ ਵਾਲੇ ਹਾਰਡ ਬਾਰ ’ਚ ਰਾਤ 1 ਵਜੇ ਤੱਕ ਸ਼ਰਾਬ ਦੀ ਵਿਕਰੀ ਕੀਤੀ ਜਾ ਸਕੇਗੀ। ਕਈ ਠੇਕਿਆਂ ’ਤੇ ਰੇਟ ਲਿਸਟਾਂ ਨੂੰ ਗਾਹਕਾਂ ਦੀ ਨਜ਼ਰ ਤੋਂ ਦੂਰ ਕਰ ਦਿੱਤਾ ਗਿਆ ਹੈ ਤਾਂ ਕਿ ਮਨਮਰਜ਼ੀ ਕੀਤੀ ਜਾ ਸਕੇ। ਉਥੇ ਹੀ, ਕਈ ਠੇਕਿਆਂ ’ਤੇ ਕੁਝ ਬਰਾਂਡ ਆਊਟ ਆਫ ਸਟਾਕ ਦੱਸੇ ਜਾ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ : ਵਿਜੀਲੈਂਸ ਦੀ ਭ੍ਰਿਸ਼ਟਾਚਾਰ ਖ਼ਿਲਾਫ਼ ਕਾਰਵਾਈ, ਪਟਵਾਰੀ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ
ਓਪਨ ਕੋਟੇ ਨਾਲ ਸ਼ਰਾਬ ਖਰੀਦ ਸਕਣਗੇ ਠੇਕੇਦਾਰ
ਸ਼ਰਾਬ ਦੀ ਖਰੀਦ ਕਰਨ ਲਈ ਵਿਭਾਗ ਨੇ ਕਿਸੇ ਤਰ੍ਹਾਂ ਦਾ ਕੋਟਾ ਸਿਸਟਮ ਨਹੀਂ ਬਣਾਇਆ ਹੈ। ਠੇਕੇਦਾਰ ਆਪਣੀ ਲੋੜ ਦੇ ਹਿਸਾਬ ਨਾਲ ਸ਼ਰਾਬ ਖਰੀਦ ਸਕਣਗੇ। ਇਹ ਸੁਵਿਧਾ ਠੇਕੇਦਾਰਾਂ ਲਈ ਬਹੁਤ ਵੱਡੀ ਰਾਹਤ ਮੰਨੀ ਜਾ ਰਹੀ ਹੈ। ਪਿਛਲੀਆਂ ਸਰਕਾਰਾਂ ਦੇ ਸਮੇਂ ਖਰੀਦੀ ਗਈ ਸ਼ਰਾਬ ਦਾ ਸਟਾਕ ਕਲੀਅਰ ਕਰਨਾ ਠੇਕੇਦਾਰਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣਦਾ ਰਿਹਾ ਹੈ ਅਤੇ ਉਨ੍ਹਾਂ ਨੂੰ ਭਾਅ ਘਟਾ ਕੇ ਸ਼ਰਾਬ ਵੇਚਣੀ ਪੈਂਦੀ ਸੀ।
ਅਰਜ਼ੀ ਰੱਦ ਹੋਣ ’ਤੇ ਕੀਤੀ ਜਾਵੇਗੀ ਨਿਲਾਮੀ : ਡੀ. ਸੀ. ਐਕਸਾਈਜ਼ ਪਰਮਜੀਤ
ਡੀ. ਸੀ. ਐਕਸਾਈਜ਼ ਪਰਮਜੀਤ ਸਿੰਘ ਨੇ ਕਿਹਾ ਕਿ ਮੰਗਲਵਾਰ ਸ਼ਾਮ ਨੂੰ ਅਰਜ਼ੀਆਂ ਦੀ ਜਾਂਚ ਸ਼ੁਰੂ ਕੀਤੀ ਜਾਵੇਗੀ। ਇਸ ਤੋਂ ਬਾਅਦ ਹੀ ਤਸਵੀਰ ਸਾਫ ਹੋ ਸਕੇਗੀ। ਅਰਜ਼ੀ ਰੱਦ ਹੋਣ ਦੀ ਸੂਰਤ ਵਿਚ ਸਬੰਧਤ ਗਰੁੱਪਾਂ ਨੂੰ ਨਿਲਾਮੀ ਜ਼ਰੀਏ ਵੇਚਿਆ ਜਾਵੇਗਾ।