ਵਿਆਹੁਤਾ ਨੂੰ ਕੁੱਟਮਾਰ ਕੇ ਖੇਤ ''ਚ ਸੁੱਟਣ ਦਾ ਦੋਸ਼
Wednesday, Aug 02, 2017 - 07:41 AM (IST)
ਪਾਤੜਾਂ (ਮਾਨ) - ਸਹੁਰਾ ਪਰਿਵਾਰ ਵੱਲੋਂ ਕੁੱਟਮਾਰ ਕਰ ਕੇ ਬੇਹੋਸ਼ੀ ਦੀ ਹਾਲਤ ਵਿਚ ਔਰਤ ਨੂੰ ਚਰ੍ਹੀ ਦੇ ਖੇਤ ਵਿਚ ਸੁੱਟਣ ਦੀ ਖਬਰ ਪੇਕਿਆਂ ਨੂੰ ਮਿਲਣ 'ਤੇ ਪਰਿਵਾਰ ਦੇ ਹੋਸ਼ ਉੱਡ ਗਏ। ਬੇਹੋਸ਼ੀ ਦੀ ਹਾਲਤ ਵਿਚ ਪਈ ਔਰਤ ਨੂੰ ਜਦੋਂ ਹੋਸ਼ ਆਈ ਤਾਂ ਉਹ ਪੇਕੇ ਘਰ ਪਹੁੰਚ ਗਈ। ਉਪਰੰਤ ਸਰਬਜੀਤ ਕੌਰ ਨੂੰ ਕਮਿਊਨਿਟੀ ਸੈਂਟਰ ਪਾਤੜਾਂ ਵਿਚ ਦਾਖਲ ਕਰਵਾ ਦਿੱਤਾ ਗਿਆ ਹੈ। ਜ਼ੇਰੇ-ਇਲਾਜ ਸਰਬਜੀਤ ਕੌਰ ਨੇ ਦੱਸਿਆ ਹੈ ਕਿ ਉਸ ਦੀ ਨਣਦ ਛੋਟੀ ਕੌਰ, ਸੱਸ ਰਾਮ ਪੱਤੀ, ਦਿਓਰ ਕੁਲਦੀਪ ਸਿੰਘ, ਮਾਸੀ ਸ਼ਿਆਮ ਪੱਤੀ ਅਤੇ ਉਸ ਦੇ ਪਤੀ ਸੁਰੇਸ਼ ਸਿੰਘ ਨੇ ਉਸ ਦੀ ਬੇਰਿਹਮੀ ਨਾਲ ਕੁੱਟਮਾਰ ਕੀਤੀ। ਬੇਹੋਸ਼ੀ ਦੀ ਹਾਲਤ ਵਿਚ ਉਸ ਨੂੰ ਪਿੰਡ ਦੇ ਨੇੜੇ ਚਰ੍ਹੀ ਦੇ ਖੇਤ ਵਿਚ ਸੁੱਟ ਦਿੱਤਾ। ਹੋਸ਼ ਆਉਣ 'ਤੇ ਉਹ ਬੱਸ ਰਾਹੀਂ ਆਪਣੇ ਪੇਕੇ ਘਰ ਗਈ। ਉਸ ਨੇ ਦੱਸਿਆ ਕਿ ਉਸ ਦਾ ਸਹੁਰਾ ਪਰਿਵਾਰ ਪੈਸਿਆਂ ਦੀ ਮੰਗ ਕਰਦਾ ਹੋਇਆ ਆਨੇ-ਬਹਾਨੇ ਉਸ ਦੀ ਕੁੱਟਮਾਰ ਕਰਦਾ ਰਹਿੰਦਾ ਹੈ।
ਪੀੜਤਾ ਦੇ ਚਾਚੇ ਨੇਕ ਸਿੰਘ ਵਾਸੀ ਭੂਤਗੜ੍ਹ ਨੇ ਦੱਸਿਆ ਕਿ ਉਸ ਦੀ ਭਤੀਜੀ ਦਾ ਵਿਆਹ ਕਰੀਬ 12 ਸਾਲ ਪਹਿਲਾਂ ਸੁਰੇਸ਼ ਸਿੰਘ ਵਾਸੀ ਪ੍ਰੇਮ ਨਗਰ ਟੋਹਾਣਾ ਨਾਲ ਹੋਇਆ ਸੀ। ਉਸ ਦਾ ਸਹੁਰਾ ਪਰਿਵਾਰ ਉਦੋਂ ਤੋਂ ਹੀ ਉਸ ਨੂੰ ਤੰਗ-ਪ੍ਰੇਸ਼ਾਨ ਕਰਦਾ ਆ ਰਿਹਾ ਹੈ। ਇਸ ਦੌਰਾਨ ਕਈ ਵਾਰ ਪੰਚਾਇਤੀ ਰੂਪ ਵਿਚ ਉਨ੍ਹਾਂ ਦੇ ਘਰ ਜਾ ਕੇ ਸੁਰੇਸ਼ ਸਿੰਘ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਘਿਨਾਉਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਏ। ਹੁਣ ਸਾਰੇ ਪਰਿਵਾਰ ਨੇ ਰਲ ਕੇ ਸਰਬਜੀਤ ਕੌਰ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਇਸ ਬਾਰੇ ਪਿੰਡ ਦੇ ਕਿਸੇ ਵਿਅਕਤੀ ਨੇ ਉਨ੍ਹਾਂ ਨੂੰ ਫੋਨ ਕਰ ਕੇ ਜਾਣਕਾਰੀ ਦਿੱਤੀ। ਜਦੋਂ ਉਨ੍ਹਾਂ ਸੁਰੇਸ਼ ਸਿੰਘ ਦੇ ਘਰ ਜਾ ਕੇ ਸਰਬਜੀਤ ਕੌਰ ਬਾਰੇ ਪੁੱਛਿਆ ਤਾਂ ਉਨ੍ਹਾਂ ਦੱਸਣ ਤੋਂ ਟਾਲਾ ਵੱਟਿਆ।
ਇਸ ਸਬੰਧੀ ਪੀੜਤਾ ਦੇ ਪਤੀ ਸੁਰੇਸ਼ ਸਿੰਘ ਵਾਸੀ ਪ੍ਰੇਮ ਨਗਰ ਟੋਹਾਣਾ ਨੇ ਸਰਬਜੀਤ ਕੌਰ ਵੱਲੋਂ ਸਾਰੇ ਪਰਿਵਾਰ 'ਤੇ ਕੁੱਟਮਾਰ ਦੇ ਲਾਏ ਗਏ ਦੋਸ਼ਾਂ ਨੂੰ ਝੂਠੇ ਤੇ ਬੇਬੁਨਿਆਦ ਦੱਸਿਆ। ਉਸ ਨੇ ਕਿਹਾ ਕਿ ਪਤੀ-ਪਤਨੀ ਵਿਚ ਤਕਰਾਰ ਹੋਇਆ ਸੀ। ਸਰਬਜੀਤ ਕੌਰ ਨੇ ਫੋਨ ਕਰ ਕੇ ਆਪਣੇ ਮਾਪਿਆਂ ਨੂੰ ਬੁਲਾ ਲਿਆ। ਹੁਣ ਉਹ ਗਲਤ ਦੋਸ਼ ਲਾ ਕੇ ਉਨ੍ਹਾਂ ਨੂੰ ਬਦਨਾਮ ਕਰ ਰਹੀ ਹੈ।
