ਹੁਣ ''ਆਪ'' ''ਚ ਛਿੜਿਆ ਕਾਟੋ-ਕਲੇਸ਼! ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਨੇ ਲਾਏ ਅਣਦੇਖੀ ਦੇ ਦੋਸ਼
Monday, Jan 26, 2026 - 06:37 PM (IST)
ਲੁਧਿਆਣਾ (ਹਿਤੇਸ਼): ਲੁਧਿਆਣਾ ਨਗਰ ਨਿਗਮ ਦੇ ਗਣਤੰਤਰ ਦਿਵਸ ਸਮਾਗਮ ਵਿਚ ਵਿਵਾਦਾਂ ਦਾ ਸਾਇਆ ਵੇਖਣ ਨੂੰ ਮਿਲਿਆ, ਜਿੱਥੇ ਪਹਿਲਾਂ ਨਵੀਂ ਕਮਿਸ਼ਨਰ ਨੀਰੂ ਕਤਿਆਲ ਦੇ ਸ਼ਾਮਲ ਨਾ ਹੋਣ ਨੂੰ ਲੈ ਕੇ ਚਰਚਾ ਹੋ ਰਹੀ ਹੈ, ਉੱਥੇ ਹੀ ਮੇਅਰ ਤੇ ਜ਼ੋਨਲ ਕਮਿਸ਼ਨਰ 'ਤੇ ਅਣਦੇਖੀ ਦਾ ਦੋਸ਼ ਲਗਾ ਕੇ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਵੱਲੋਂ ਵੀ ਪ੍ਰੋਗਰਾਮ ਦਾ ਬਾਇਕਾਟ ਕਰਨ ਦੀ ਗੱਲ ਸਾਹਮਣੇ ਆਈ ਹੈ।
ਇਸ ਸਬੰਧੀ ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ ਦਾ ਕਹਿਣਾ ਹੈ ਕਿ ਨਗਰ ਨਿਗਮ ਵੱਲੋਂ ਕਈ ਸਾਲਾਂ ਤੋਂ ਲਗਾਤਾਰ ਕਿਸੇ ਵੀ ਸਮਾਗਮ ਲਈ ਬਾਕਾਇਦਾ ਕਾਰਡ ਜਾਰੀ ਕੀਤਾ ਜਾਂਦਾ ਹੈ, ਪਰ ਇਸ ਵਾਰ ਗਣਤੰਤਰ ਦਿਵਸ ਸਮਾਗਮ ਨੂੰ ਲੈ ਕੇ ਅਜਿਹੀ ਕੋਈ ਸੂਚਨਾ ਨਹੀਂ ਦਿੱਤੀ ਗਈ। ਇਸ ਦੇ ਬਾਵਜੂਦ ਵੀ ਉਹ ਡਿਪਟੀ ਮੇਅਰ ਪ੍ਰਿੰਸ ਜੌਹਰ ਦੇ ਨਾਲ ਜ਼ੋਨ ਡੀ ਆਫ਼ਿਸ ਸਰਾਭਾ ਨਗਰ ਵਿਚ ਪਹੁੰਚ ਗਏ, ਪਰ ਉਸ ਵੇਲੇ ਤਕ ਮੇਅਰ ਨਹੀਂ ਆਈ ਸੀ ਤਾਂ ਜ਼ੋਨਲ ਕਮਿਸ਼ਨਰ ਸੇਖੋਂ ਨੇ ਉਨ੍ਹਾਂ ਨੂੰ ਅੰਦਰ ਦਫ਼ਤਰ ਵਿਚ ਬਿਠਾ ਦਿੱਤਾ। ਇਸ ਮਗਰੋਂ ਮੇਅਰ ਦੇ ਆਉਣ ਤੋਂ ਬਾਅਦ ਕੌਮੀ ਝੰਡਾ ਫ਼ਹਿਰਾ ਦਿੱਤਾ ਗਿਆ ਤੇ ਉਨ੍ਹਾਂ ਨੂੰ ਸੂਚਨਾ ਤਕ ਨਹੀਂ ਦਿੱਤੀ ਗਈ।

ਇਸ 'ਤੇ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਸਮਾਗਮ ਵਿਚ ਸ਼ਾਮਲ ਹੋਣ ਦੀ ਬਜਾਏ ਵਾਪਸ ਆ ਗਏ, ਜਿਸ ਨਾਲ ਆਮ ਆਦਮੀ ਪਾਰਟੀ ਵਿਚ ਚੱਲ ਰਹੇ ਘਮਾਸਾਨ ਦੀ ਤਸਵੀਰ ਸਾਫ਼ ਹੋ ਗਈ ਹੈ। ਹਾਲਾਂਕਿ ਮੇਅਰ ਵੱਲੋਂ ਬਾਅਦ ਵਿਚ ਸੰਪਰਕ ਕਰ ਕੇ ਨਾਰਾਜ਼ ਆਗੂਆਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਗੱਲ ਨਹੀਂ ਬਣੀ। ਇਸ ਨੂੰ ਲੈ ਕੇ ਸੀਨੀਅਰ ਡਿਪਟੀ ਮੇਅਰ ਨੇ ਪਾਰਟੀ ਦੇ ਸਾਹਮਣੇ ਮੁੱਦਾ ਚੁੱਕਣ ਦੀ ਗੱਲ ਕਹੀ ਹੈ ਤੇ ਸਾਰੇ ਮਾਮਲੇ ਲਈ ਜ਼ੋਨਲ ਕਮਿਸ਼ਨਰ ਨੂੰ ਕਸੂਰਵਾਰ ਠਹਿਰਾਇਆ, ਜਿਸ ਦੇ ਖ਼ਿਲਾਫ਼ ਸਰਕਾਰ ਨੂੰ ਸ਼ਿਕਾਇਤ ਕੀਤੀ ਜਾਵੇਗੀ।
