ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਪੈਦਲ ਜਾ ਰਹੇ ਵਿਅਕਤੀ ਤੋਂ ਖੋਹਿਆ ਮੋਬਾਈਲ
Monday, Sep 07, 2026 - 02:41 PM (IST)
ਲੁਧਿਆਣਾ (ਰਾਜ)- ਸ਼ਹਿਰ ਦੇ ਮਸ਼ਹੂਰ ਫਾਊਂਟੇਨ ਚੌਕ ਅਤੇ ਆਰੀਆ ਸਕੂਲ ਰੋਡ ਵਿਚਕਾਰ ਦਿਨ-ਦਿਹਾੜੇ ਇਕ ਵਿਅਕਤੀ ਤੋਂ ਮੋਬਾਈਲ ਖੋਹਣ ਦੀ ਵਾਰਦਾਤ ਸਾਹਮਣੇ ਆਈ ਹੈ। ਘਰ ਪਰਤ ਰਹੇ ਪੀੜਤ ਦੀ ਕਮੀਜ਼ ਦੀ ਜੇਬ ’ਤੇ ਝਪਟਾ ਮਾਰ ਕੇ ਮੋਟਰਸਾਈਕਲ ਸਵਾਰ ਲੁਟੇਰੇ ਮੋਬਾਈਲ ਫ਼ੋਨ ਖੋਹ ਕੇ ਫ਼ਰਾਰ ਹੋ ਗਏ। ਪੀੜਤ ਦੀ ਸ਼ਿਕਾਇਤ ’ਤੇ ਥਾਣਾ ਡਵੀਜ਼ਨ ਨੰਬਰ-4 ਦੀ ਪੁਲਸ ਨੇ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਰਾਜੇਸ਼ ਕੁਮਾਰ ਨੇ ਪੁਲਸ ਨੂੰ ਦਿੱਤੇ ਆਪਣੇ ਬਿਆਨਾਂ ’ਚ ਦੱਸਿਆ ਕਿ 2 ਸਤੰਬਰ ਨੂੰ ਦੁਪਹਿਰ ਲੱਗਭਗ 3.45 ਵਜੇ ਉਹ ਫਾਊਂਟੇਨ ਚੌਕ ਤੋਂ ਪੈਦਲ ਆਪਣੇ ਘਰ ਵੱਲ ਜਾ ਰਿਹਾ ਸੀ। ਜਦੋਂ ਉਹ ਆਰੀਆ ਸਕੂਲ ਰੋਡ ’ਤੇ ਸਥਿਤ ਸੰਨੀ ਚਿਕਨ ਦੇ ਨੇੜੇ ਪਹੁੰਚਿਆ, ਉਦੋਂ ਹੀ ਪਿੱਛੋਂ ਇਕ ਮੋਟਰਸਾਈਕਲ ’ਤੇ ਸਵਾਰ ਦੋ ਅਣਪਛਾਤੇ ਨੌਜਵਾਨ ਤੇਜ਼ੀ ਨਾਲ ਉਸ ਦੇ ਨੇੜੇ ਆਏ। ਲੁਟੇਰਿਆਂ ਨੇ ਪਲਕ ਝਪਕਦਿਆਂ ਹੀ ਉਸ ਦੀ ਕਮੀਜ਼ ਦੀ ਉੱਪਰਲੀ ਜੇਬ ’ਤੇ ਝਪਟਾ ਮਾਰਿਆ ਅਤੇ ਮੋਬਾਈਲ ਜ਼ਬਰਦਸਤੀ ਖੋਹ ਲਿਆ। ਇਸ ਤੋਂ ਪਹਿਲਾਂ ਕਿ ਉਹ ਸੰਭਲ ਪਾਉਂਦਾ ਜਾਂ ਰੌਲਾ ਪਾਉਂਦਾ, ਦੋਵੇਂ ਮੁਲਜ਼ਮ ਆਪਣੀ ਤੇਜ਼ ਰਫ਼ਤਾਰ ਮੋਟਰਸਾਈਕਲ ਭਜਾ ਕੇ ਭੀੜ-ਭੜੱਕੇ ਦਾ ਫ਼ਾਇਦਾ ਚੁੱਕਦੇ ਹੋਏ ਮੌਕੇ ਤੋਂ ਫ਼ਰਾਰ ਹੋ ਗਏ। ਪੁਲਸ ਨੇ ਪੀੜਤ ਦੇ ਬਿਆਨਾਂ ਦੇ ਆਧਾਰ ’ਤੇ ਅਣਪਛਾਤੇ ਮੋਟਰਸਾਈਕਲ ਸਵਾਰ ਝਪਟਮਾਰਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
