ਲਾਡੋਵਾਲ ਟੋਲ ਪਲਾਜ਼ਾ ''ਤੇ ਨਿੱਜੀ ਬੱਸ ਚਾਲਕਾਂ ਦੀ ਗੁੰਡਾਗਰਦੀ, ਨਹੀਂ ਦੇ ਰਹੇ ਟੋਲ

Saturday, Jun 13, 2020 - 04:13 PM (IST)

ਲਾਡੋਵਾਲ ਟੋਲ ਪਲਾਜ਼ਾ ''ਤੇ ਨਿੱਜੀ ਬੱਸ ਚਾਲਕਾਂ ਦੀ ਗੁੰਡਾਗਰਦੀ, ਨਹੀਂ ਦੇ ਰਹੇ ਟੋਲ

ਲੁਧਿਆਣਾ (ਨਰਿੰਦਰ) : ਨਿੱਜੀ ਬੱਸਾਂ ਦੇ ਚਾਲਕਾਂ ਵਲੋਂ ਆਪਣੀ ਮਨਮਾਨੀ ਕਰਦੇ ਹੋਏ ਲਾਡੋਵਾਲ ਟੋਲ ਪਲਾਜ਼ਾ 'ਤੇ ਟੋਲ ਨਹੀਂ ਦਿੱਤਾ ਜਾ ਰਿਹਾ। ਇਸ ਸਬੰਧੀ ਸ਼ਿਕਾਇਤ ਕਰਨ ਦੇ ਬਾਵਜੂਦ ਵੀ ਪੁਲਸ ਇਨ੍ਹਾਂ 'ਤੇ ਕੋਈ ਕਾਰਵਾਈ ਨਹੀਂ ਕਰ ਰਹੀ ਹੈ ਕਿਉਂਕਿ ਇਨ੍ਹਾਂ ਨਿੱਜੀ ਟਰਾਂਸਪੋਰਟਰਾਂ ਨੂੰ ਵੱਡੀਆਂ ਸਿਆਸੀ ਪਾਰਟੀਆਂ ਅਤੇ ਆਗੂਆਂ ਦੀ ਸ਼ਹਿ ਮਿਲੀ ਹੋਈ ਹੈ। ਹਾਲਾਤ ਇਹ ਹਨ ਕਿ ਕੋਈ ਇਨ੍ਹਾਂ ਨੂੰ ਹੁਣ ਟੋਲ ਪਲਾਜ਼ਾ 'ਤੇ ਰੋਕਣ ਤੋਂ ਵੀ ਡਰਦਾ ਹੈ। ਟੋਲ ਪਲਾਜ਼ਾ ਦੇ ਮੈਨੇਜਰ ਮੁਤਾਬਕ ਜੋ ਕੋਈ ਵੀ ਇਸ ਇਨ੍ਹਾਂ ਨਿੱਜੀ ਬੱਸ ਚਾਲਕਾਂ ਨੂੰ ਰੋਕਦਾ ਹੈ ਤਾਂ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ, ਜਿਸ ਕਰਕੇ ਹੁਣ ਸਟਾਫ ਵੀ ਇਨ੍ਹਾਂ ਨੂੰ ਰੋਕਣ ਤੋਂ ਡਰਦਾ ਹੈ।

ਲੁਧਿਆਣਾ ਲਾਡੋਵਾਲ ਟੋਲ ਪਲਾਜ਼ਾ ਦੇ ਮੈਨੇਜਰ ਚੰਚਲ ਰਾਠੌਰ ਨੇ ਦੱਸਿਆ ਕਿ ਕਿਵੇਂ ਨਿੱਜੀ ਬੱਸ ਚਾਲਕ ਆਪਣੀ ਮਨਮਾਨੀ ਕਰਦੇ ਹੋਏ ਟੋਲ ਬੈਰੀਅਰ 'ਤੇ ਬਿਨਾਂ ਟੋਲ ਅਦਾ ਕੀਤੇ ਗੁੰਡਾਗਰਦੀ ਕਰਕੇ ਆਪਣੀਆਂ ਬੱਸਾਂ ਬੈਰੀਅਰ ਨੂੰ ਤੋੜ ਕੇ ਲੱਗ ਜਾਂਦੇ ਹਨ। ਕਈ ਵਾਰ ਤਾਂ ਭੱਜ ਕੇ ਮੁਲਾਜ਼ਮਾਂ ਨੂੰ ਆਪਣੀ ਜਾਨ ਬਚਾਉਣੀ ਪਈ ਹੈ। ਉਨ੍ਹਾਂ ਕਿਹਾ ਕਿ ਜੋ ਕੋਈ ਵੀ ਇਨ੍ਹਾਂ ਨੂੰ ਰੋਕਦਾ ਹੈ ਤਾਂ ਉਸ ਨੂੰ ਇਹ ਲੋਕ ਸ਼ਰੇਆਮ ਧਮਕੀਆਂ ਦਿੰਦੇ ਹਨ। ਇੱਥੋਂ ਤੱਕ ਕਿ ਉਸ ਦੇ ਘਰ ਦਾ ਪਤਾ ਪੁੱਛਿਆ ਜਾਂਦਾ ਹੈ ਅਤੇ ਉਸ ਨੂੰ ਡਰਾਇਆ-ਧਮਕਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪੁਲਸ ਨੂੰ ਕਈ ਵਾਰ ਜਾਣਕਾਰੀ ਦੇਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋ ਰਹੀ ਕਿਉਂਕਿ ਇਨ੍ਹਾਂ ਦੇ ਵੱਡੇ ਸਿਆਸਤਦਾਨਾਂ ਦੇ ਸਬੰਧ ਹਨ। ਉਨ੍ਹਾਂ ਇਨਸਾਫ ਦੀ ਮੰਗ ਕਰਦਿਆਂ ਕਿਹਾ ਕਿ ਇਹ ਸਰਕਾਰੀ ਟੋਲ ਪਲਾਜ਼ਾ ਹੈ ਅਤੇ ਉਨ੍ਹਾਂ ਨੂੰ ਹਰ ਗੱਡੀ ਦਾ ਹਿਸਾਬ ਦੇਣਾ ਪੈਂਦਾ ਹੈ।


author

Babita

Content Editor

Related News