ਸਾਊਦੀ ਅਰਬ ''ਚ ਫਸੀ ਔਰਤ ਦੀ ਸਹਾਇਤਾ ਲਈ ਵਿਦੇਸ਼ ਮੰਤਰੀ ਤਕ ਪਹੁੰਚ
Wednesday, Jan 03, 2018 - 07:51 AM (IST)
ਜਗਰਾਓਂ/ਲੁਧਿਆਣਾ (ਸ਼ੇਤਰਾ, ਰਿੰਕੂ) – ਸਾਊਦੀ ਅਰਬ 'ਚ ਫਸੀ ਲੁਧਿਆਣਾ ਦੀ ਇਕ ਮਹਿਲਾ ਦੀ ਮੱਦਦ ਲਈ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਅੱਜ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਸਮੇਂ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਸੰਸਦ ਮੈਂਬਰ ਸੁਨੀਲ ਜਾਖੜ ਤੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਵੀ ਉਨ੍ਹਾਂ ਦੇ ਨਾਲ ਸਨ। ਬਿੱਟੂ ਨੇ ਵਿਦੇਸ਼ ਮੰਤਰੀ ਨੂੰ ਆਪਣੇ ਲੈਟਰਪੈਡ 'ਤੇ ਦਿੱਤੇ ਲਿਖਤ ਪੱਤਰ 'ਚ ਕਿਹਾ ਹੈ ਕਿ ਲੁਧਿਆਣਾ ਦੇ ਤਾਜਪੁਰ ਦੀ ਕੁਲਦੀਪ ਕੌਰ ਸਾਊਦੀ ਅਰਬ 'ਚ ਗੁਲਾਮਾਂ ਵਰਗੀ ਜ਼ਿੰਦਗੀ ਬਤੀਤ ਕਰਨ ਲਈ ਮਜਬੂਰ ਹੈ।
ਉਸ ਪਾਸੋਂ ਕਈ-ਕਈ ਘੰਟੇ ਕੰਮ ਲੈਣ ਤੋਂ ਇਲਾਵਾ ਉਸ 'ਤੇ ਮਾਨਸਿਕ ਤੇ ਸਰੀਰਕ ਅੱਤਿਆਚਾਰ ਹੋ ਰਿਹਾ ਹੈ। ਸੰਸਦ ਮੈਂਬਰ ਅਨੁਸਾਰ ਉਨ੍ਹਾਂ ਦੇ ਲੋਕ ਸਭਾ ਹਲਕੇ ਦੀ ਇਸ ਔਰਤ ਦੀ ਦੁੱਖ ਭਰੀ ਗਾਥਾ ਉਸ ਦੀ ਧੀ ਨੇ ਉਨ੍ਹਾਂ ਦੇ ਧਿਆਨ ਵਿੱਚ ਲਿਆਂਦੀ ਅਤੇ ਕੇਂਦਰ ਸਰਕਾਰ ਕੋਲੋਂ ਮੱਦਦ ਦਿਵਾਉਣ ਦੀ ਮੰਗ ਕੀਤੀ। ਉਨ੍ਹਾਂ ਦੱਸਿਆ ਕਿ ਕੁਲਦੀਪ ਕੌਰ ਜਿਥੇ ਕੰਮ ਕਰਦੀ ਹੈ, ਉਥੋਂ ਦੇ ਮਾਲਕਾਂ ਨੇ ਉਸ ਦਾ ਇੰਡੀਆ ਪਾਸਪੋਰਟ ਤਕ ਆਪਣੇ ਕਬਜ਼ੇ 'ਚ ਰੱਖਿਆ ਹੋਇਆ ਹੈ। ਉਸ ਨੂੰ ਆਪਣੇ ਪਰਿਵਾਰ ਨਾਲ ਗੱਲਬਾਤ ਨਹੀਂ ਕਰਨ ਦਿੱਤੀ ਜਾ ਰਹੀ। ਉਨ੍ਹਾਂ ਕਿਹਾ ਕਿ ਵਿਦੇਸ਼ ਦੀ ਧਰਤੀ 'ਤੇ ਫਸੀ ਭਾਰਤੀ ਔਰਤ ਦੀ ਮੱਦਦ ਵਿਦੇਸ਼ ਮੰਤਰੀ ਹੀ ਕਰ ਸਕਦੇ ਹਨ। ਰਵਨੀਤ ਬਿੱਟੂ ਨੇ ਦੱਸਿਆ ਕਿ ਕੁਲਦੀਪ ਕੌਰ ਦੇ ਇਥੇ ਰਹਿੰਦੇ ਪਰਿਵਾਰਕ ਮੈਂਬਰ ਇਸ ਸਮੇਂ ਬਹੁਤ ਫਿਕਰਮੰਦ ਹਨ। ਪੂਰਾ ਪਰਿਵਾਰ ਤੇ ਬੱਚੇ ਔਰਤ ਦੀ ਸੁਰੱਖਿਅਤ ਵਾਪਸੀ ਲਈ ਉਨ੍ਹਾਂ ਨੂੰ ਮਿਲੇ ਸਨ। ਇਸ ਤੋਂ ਬਾਅਦ ਉਨ੍ਹਾਂ ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਨੀਲ ਜਾਖੜ ਤੇ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੂੰ ਨਾਲ ਲੈ ਕੇ ਵਿਦੇਸ਼ ਮੰਤਰੀ ਨਾਲ ਮੁਲਾਕਾਤ ਕੀਤੀ। ਇਸ ਸਮੇਂ ਰਵਨੀਤ ਬਿੱਟੂ ਨੇ ਜ਼ਿਲਾ ਲੁਧਿਆਣਾ ਦੇ ਪਿੰਡ ਗਿੱਲ ਦੇ ਨੌਜਵਾਨ ਰਵਨੀਤ ਸਿੰਘ ਪੁੱਤਰ ਹਰਪਾਲ ਸਿੰਘ ਦੀ ਮ੍ਰਿਤਕ-ਦੇਹ ਵਾਪਸ ਲਿਆਉਣ 'ਚ ਵੀ ਵਿਦੇਸ਼ ਮੰਤਰੀ ਤੋਂ ਮੱਦਦ ਮੰਗੀ। ਉਨ੍ਹਾਂ ਦੱਸਿਆ ਕਿ ਆਸਟਰੇਲੀਆ 'ਚ ਬੀ. ਬੀ. ਏ. ਕਰ ਰਹੇ ਰਵਨੀਤ ਸਿੰਘ ਦੀ ਡੁੱਬਣ ਕਰਕੇ ਮੌਤ ਹੋ ਗਈ ਸੀ। ਕਈ ਦਿਨਾਂ ਤੋਂ ਪਰਿਵਾਰ ਨੌਜਵਾਨ ਦੀ ਮ੍ਰਿਤਕ-ਦੇਹ ਦੀ ਉਡੀਕ ਕਰਦਾ ਹੋਇਆ ਇਸ ਵੇਲੇ ਵੱਡੀ ਮੁਸੀਬਤ 'ਚ ਫਸਿਆ ਹੋਇਆ ਹੈ। ਨੌਜਵਾਨ ਦੀ ਦੇਹ ਕਈ ਦਿਨਾਂ ਤੋਂ ਆਸਟਰੇਲੀਆ ਦੇ ਹਸਪਤਾਲ 'ਚ ਪਈ ਹੈ। ਉਨ੍ਹਾਂ ਦੱਸਿਆ ਕਿ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਦੋਹਾਂ ਮਾਮਲਿਆਂ 'ਚ ਬਣਦੀ ਕਾਰਵਾਈ ਦਾ ਭਰੋਸਾ ਦਿੱਤਾ ਹੈ।
