ਰਣਜੀਤਗੜ੍ਹ ਦੇ ਸਕੂਲ ''ਚ ਅਧਿਆਪਕਾਂ ਦੀ ਘਾਟ ਨਾਲ ਬੱਚਿਆਂ ਦੀ ਪੜ੍ਹਾਈ ''ਤੇ ਪੈ ਰਿਹਾ ਹੈ ਮਾੜਾ ਅਸਰ
Thursday, Aug 24, 2017 - 11:45 AM (IST)
ਸ੍ਰੀ ਮੁਕਤਸਰ ਸਾਹਿਬ/ਮੰਡੀ ਲੱਖੇਵਾਲੀ(ਪਵਨ, ਸੁਖਪਾਲ, ਭੁਪਿੰਦਰ) - ਇਕ ਪਾਸੇ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਸਰਕਾਰੀ ਸਕੂਲਾਂ ਵਿਚ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਦੇ ਦਾਅਵੇ ਕਰ ਰਿਹਾ ਹੈ, ਉਥੇ ਹੀ ਦੂਜੇ ਪਾਸੇ ਪੇਂਡੂ ਖੇਤਰਾਂ ਵਿਚ ਦੂਰ-ਦੁਰਾਡੇ ਵਾਲੇ ਸਰਕਾਰੀ ਸਕੂਲਾਂ ਵਿਚ ਅਧਿਆਪਕਾਂ ਦੀ ਘਾਟ ਕਾਰਨ ਬੱਚਿਆਂ ਦੀ ਪੜ੍ਹਾਈ 'ਤੇ ਮਾੜਾ ਅਸਰ ਪੈ ਰਿਹਾ ਹੈ। ਇਸ ਦੀ ਮਿਸਾਲ ਬਲਾਕ ਸ੍ਰੀ ਮੁਕਤਸਰ ਸਾਹਿਬ ਅਧੀਨ ਪੈਂਦੇ ਪਿੰਡ ਰਣਜੀਤਗੜ੍ਹ ਦੇ ਸਰਕਾਰੀ ਹਾਈ ਸਕੂਲ ਦੀ ਹੈ।
ਗੁਰੂਹਰਸਹਾਏ ਨੂੰ ਜਾਣ ਵਾਲੀ ਸੜਕ 'ਤੇ ਜ਼ਿਲੇ ਦੇ ਇਸ ਆਖਰੀ ਪਿੰਡ 'ਚ ਰਮਸਾ ਅਧੀਨ ਸਰਕਾਰੀ ਹਾਈ ਸਕੂਲ ਚਲਾਇਆ ਜਾ ਰਿਹਾ ਹੈ। ਅੱਜ ਸਵੇਰੇ ਉਕਤ ਸਕੂਲ ਦਾ ਦੌਰਾ ਕਰ ਕੇ ਇਹ ਰਿਪੋਰਟ ਤਿਆਰ ਕੀਤੀ ਗਈ ਹੈ, ਜਿਸ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਪਹਿਲਾਂ ਇਹ ਸਕੂਲ ਛੇਵੀਂ ਕਲਾਸ ਤੱਕ ਸੀ, ਫਿਰ ਅੱਠਵੀਂ ਤੱਕ ਕੀਤਾ ਗਿਆ ਤੇ ਸਾਲ 2011 ਵਿਚ ਇਸ ਨੂੰ ਹਾਈ ਸਕੂਲ ਦਾ ਦਰਜਾ ਦਿੱਤਾ ਗਿਆ।
3 ਅਧਿਆਪਕਾਂ ਦੇ ਸਿਰ 'ਤੇ ਚੱਲ ਰਿਹੈ ਸਕੂਲ
ਹੈਰਾਨੀ ਦੀ ਗੱਲ ਹੈ ਕਿ 6-7 ਸਾਲ ਬੀਤ ਜਾਣ ਦੇ ਬਾਵਜੂਦ ਵੀ ਅਜੇ ਤੱਕ ਸਕੂਲ ਦਾ ਪੱਕੇ ਤੌਰ 'ਤੇ ਕੋਈ ਮੁੱਖ ਅਧਿਆਪਕ ਹੀ ਨਹੀਂ ਲਾਇਆ ਗਿਆ। ਮੁੱਖ ਅਧਿਆਪਕ ਸਮੇਤ ਇਥੇ ਕੁਲ 10 ਅਸਾਮੀਆਂ ਮਨਜ਼ੂਰ ਹਨ ਪਰ ਇਸ ਵੇਲੇ ਸਿਰਫ਼ 3 ਅਧਿਆਪਕ ਹੀ ਸਮੁੱਚੇ ਸਕੂਲ ਦਾ ਕੰਮਕਾਜ ਚਲਾ ਰਹੇ ਹਨ ਤੇ ਇਨ੍ਹਾਂ ਅਧਿਆਪਕਾਂ ਨੂੰ ਹੀ ਸਰਕਾਰੀ ਡਾਕ, ਚੋਣ ਡਿਊਟੀਆਂ ਤੇ ਹੋਰ ਸਰਕਾਰੀ ਕੰਮ-ਧੰਦਿਆਂ 'ਤੇ ਜਾਣਾ ਪੈਂਦਾ ਹੈ, ਜਦਕਿ ਸਾਇੰਸ, ਮੈਥ ਤੇ ਸਮਾਜਿਕ ਵਿਸ਼ਿਆਂ ਦੇ ਅਧਿਆਪਕ ਵੀ ਇਥੇ ਨਹੀਂ ਹਨ। ਲਾਇਬ੍ਰੇਰੀਅਨ ਤੇ ਕਲਰਕ ਵੀ ਨਹੀਂ ਹਨ ਤੇ ਨਾ ਹੀ ਇਥੇ ਕੋਈ ਸੇਵਾਦਾਰ ਹੈ। ਕਮਰਿਆਂ ਅੰਦਰ ਜਾ ਕੇ ਵੇਖਿਆ ਗਿਆ ਤਾਂ ਕੁਝ ਕਲਾਸਾਂ ਦੇ ਬੱਚੇ ਬੈਠੇ ਆਪ ਹੀ ਪੜ੍ਹ ਰਹੇ ਸਨ, ਜਦਕਿ ਅਧਿਆਪਕ ਦੀ ਕੁਰਸੀ ਖਾਲੀ ਪਈ ਸੀ।
ਜ਼ਿਕਰਯੋਗ ਹੈ ਕਿ ਪਹਿਲਾਂ ਇਸ ਸਕੂਲ ਵਿਚ 250 ਦੇ ਕਰੀਬ ਲੜਕੇ ਤੇ ਲੜਕੀਆਂ ਪੜ੍ਹਦੀਆਂ ਸਨ ਪਰ ਹੁਣ ਸਿਰਫ਼ 136 ਬੱਚਿਆਂ ਦੇ ਨਾਂ ਹੀ ਦਾਖਲ ਹਨ ਅਤੇ 100 ਤੋਂ ਵੱਧ ਵਿਦਿਆਰਥੀ ਆਪਣਾ ਨਾਂ ਕੱਟਵਾ ਕੇ ਆਸੇ-ਪਾਸੇ ਦੇ ਹੋਰਨਾਂ ਸਕੂਲਾਂ ਵਿਚ ਪੜ੍ਹਨ ਲੱਗ ਗਏ ਹਨ, ਜਦਕਿ ਅਜੇ ਹੋਰ ਬੱਚੇ ਵੀ ਨਾਂ ਕਟਵਾਉਣ ਨੂੰ ਫਿਰਦੇ ਹਨ। ਸਕੂਲ ਦੇ ਆਰਜ਼ੀ ਇੰਚਾਰਜ ਸਚਿਨ ਗਰਗ ਨੇ ਦੱਸਿਆ ਕਿ ਅਧਿਆਪਕਾਂ ਦੀ ਘਾਟ ਸਬੰਧੀ ਉਹ ਕਈ ਵਾਰ ਉੱਚ ਅਧਿਕਾਰੀਆਂ ਨੂੰ ਚਿੱਠੀਆਂ ਲਿਖ ਚੁੱਕੇ ਹਨ। ਅਧਿਆਪਕਾਂ ਦੀ ਭਾਰੀ ਘਾਟ ਹੋਣ ਦੇ ਬਾਵਜੂਦ ਵੀ ਸਕੂਲ ਦੇ ਨਤੀਜੇ ਚੰਗੇ ਆ ਰਹੇ ਹਨ। ਪਿੰਡ ਦੇ ਸਰਪੰਚ ਸੰਤੋਖ ਸਿੰਘ ਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਕੁਲਵਿੰਦਰ ਸਿੰਘ ਸੋਢੀ ਨੇ ਦੱਸਿਆ ਕਿ ਪੰਚਾਇਤ ਵੱਲੋਂ ਮਤੇ ਪਵਾ ਕੇ ਵੀ ਭੇਜੇ ਗਏ ਹਨ। ਉਨ੍ਹਾਂ ਮੰਗ ਕੀਤੀ ਕਿ ਇਸ ਸਕੂਲ ਵਿਚ ਸਾਰਾ ਸਟਾਫ਼ ਪੂਰਾ ਕੀਤਾ ਜਾਵੇ ਤਾਂ ਕਿ ਬੱਚਿਆਂ ਦੀ ਪੜ੍ਹਾਈ ਦਾ ਕੋਈ ਨੁਕਸਾਨ ਨਾ ਹੋਵੇ।
