ਗੈਸ ਦੀ ਕਿੱਲਤ ਦਾ ਅਸਰ : ਸਰਕਾਰੀ ਸਕੂਲਾਂ ''ਚ ਲੱਕੜ ਦੇ ਚੁੱਲ੍ਹਿਆਂ ''ਤੇ ਬਣ ਰਿਹਾ ਮਿਡ-ਡੇ-ਮੀਲ

Tuesday, Mar 31, 2026 - 05:54 PM (IST)

ਗੈਸ ਦੀ ਕਿੱਲਤ ਦਾ ਅਸਰ : ਸਰਕਾਰੀ ਸਕੂਲਾਂ ''ਚ ਲੱਕੜ ਦੇ ਚੁੱਲ੍ਹਿਆਂ ''ਤੇ ਬਣ ਰਿਹਾ ਮਿਡ-ਡੇ-ਮੀਲ

ਮੋਗਾ (ਕਸ਼ਿਸ਼ ਸਿੰਗਲਾ) : ਦੇਸ਼ ਭਰ ਵਿਚ ਐੱਲਪੀਜੀ ਗੈਸ ਦੀ ਕਿੱਲਤ ਕਾਰਨ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਬੱਚਿਆਂ ਦੇ ਮਿਡ-ਡੇ-ਮੀਲ ਦੀ ਵਿਵਸਥਾ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਮੋਗਾ ਜ਼ਿਲ੍ਹੇ ਦੇ ਕਈ ਸਕੂਲਾਂ ਵਿਚ ਗੈਸ ਸਿਲੰਡਰ ਸਮੇਂ ਸਿਰ ਨਾ ਮਿਲਣ ਕਾਰਨ ਰਵਾਇਤੀ ਲੱਕੜ ਦੇ ਚੁੱਲ੍ਹਿਆਂ 'ਤੇ ਖਾਣਾ ਤਿਆਰ ਕੀਤਾ ਜਾ ਰਿਹਾ ਹੈ, ਜਿਸ ਨਾਲ ਸਕੂਲ ਪ੍ਰਸ਼ਾਸਨ 'ਤੇ ਵਾਧੂ ਖਰਚੇ ਅਤੇ ਮੁਸ਼ਕਲਾਂ ਦਾ ਬੋਝ ਪੈ ਰਿਹਾ ਹੈ। ਜ਼ਿਲ੍ਹੇ ਦੇ 606 ਸਕੂਲਾਂ (ਜਿਨ੍ਹਾਂ ਵਿਚ 354 ਪ੍ਰਾਇਮਰੀ ਅਤੇ 237 ਅੱਪਰ ਪ੍ਰਾਇਮਰੀ ਸਕੂਲ ਸ਼ਾਮਲ ਹਨ) ਦੇ ਲਗਭਗ 65 ਹਜ਼ਾਰ ਬੱਚਿਆਂ ਲਈ ਰੋਜ਼ਾਨਾ ਭੋਜਨ ਤਿਆਰ ਕੀਤਾ ਜਾਂਦਾ ਹੈ। ਤਾਜ਼ਾ ਰਿਪੋਰਟਾਂ ਅਨੁਸਾਰ ਸਰਕਾਰੀ ਪ੍ਰਾਇਮਰੀ ਸਕੂਲ ਜਲਾਲਾਬਾਦ ਪੂਰਬੀ ਜਿੱਥੇ ਲਗਭਗ 450 ਬੱਚਿਆਂ ਲਈ ਮਿੱਟੀ ਦੇ ਚੁੱਲ੍ਹੇ 'ਤੇ ਖਾਣਾ ਬਣਾਇਆ ਜਾ ਰਿਹਾ ਹੈ। 

ਪ੍ਰਿੰਸੀਪਲ ਪ੍ਰਭਦੀਪ ਕੌਰ ਅਨੁਸਾਰ ਗੈਸ ਸਿਲੰਡਰ ਚੋਰੀ ਹੋਣ ਅਤੇ ਨਵੀਂ ਸਪਲਾਈ ਨਾ ਮਿਲਣ ਕਾਰਨ ਉਨ੍ਹਾਂ ਨੂੰ 900 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਰੋਜ਼ਾਨਾ ਭਾਰੀ ਮਾਤਰਾ ਵਿਚ ਲੱਕੜ ਖਰੀਦਣੀ ਪੈ ਰਹੀ ਹੈ। ਦੂਜੇ ਪਾਸੇ ਸਮਾਰਟ ਸਕੂਲ ਗਾਰਡਨ ਕਾਲੋਨੀ 'ਚ 187 ਬੱਚਿਆਂ ਲਈ ਲੱਕੜ 'ਤੇ ਖਾਣਾ ਬਣ ਰਿਹਾ ਹੈ। ਪ੍ਰਿੰਸੀਪਲ ਗੁਰਮੀਤ ਸਿੰਘ ਸੋਢੀ ਨੇ ਦੱਸਿਆ ਕਿ ਕਈ ਵਾਰ ਅਧਿਆਪਕਾਂ ਨੂੰ ਆਪਣੇ ਘਰਾਂ ਤੋਂ ਗੈਸ ਸਿਲੰਡਰ ਲਿਆਉਣੇ ਪੈਂਦੇ ਹਨ ਜਾਂ ਪਿੰਡ ਵਿੱਚੋਂ ਪ੍ਰਬੰਧ ਕਰਨਾ ਪੈਂਦਾ ਹੈ। ਰਸੋਈਏ ਧੂੰਏਂ ਅਤੇ ਵਾਧੂ ਮਿਹਨਤ ਦੇ ਵਿਚਕਾਰ ਕੰਮ ਕਰਨ ਲਈ ਮਜਬੂਰ ਹਨ। 

ਇਸ ਸਥਿਤੀ 'ਤੇ ਕਾਬੂ ਪਾਉਣ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ (ਪ੍ਰਾਇਮਰੀ) ਮੰਜੂ ਭਾਰਦਵਾਜ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਵੱਲੋਂ ਇਕ ਵਿਸ਼ੇਸ਼ ਕਮੇਟੀ ਬਣਾਈ ਗਈ ਹੈ ਤਾਂ ਜੋ ਗੈਸ ਦੀ ਸਪਲਾਈ ਨੂੰ ਸੁਚਾਰੂ ਬਣਾਇਆ ਜਾ ਸਕੇ। ਵਿਭਾਗ ਨੇ ਸਕੂਲਾਂ ਨੂੰ ਬੱਚਿਆਂ ਦੇ ਖਾਣੇ ਵਿਚ ਕੋਈ ਵਿਘਨ ਨਾ ਪੈਣ ਦੇਣ ਲਈ ਬਦਲਵੇਂ ਪ੍ਰਬੰਧ ਕਰਨ ਦੇ ਨਿਰਦੇਸ਼ ਵੀ ਦਿੱਤੇ ਹਨ।ਸੀਮਤ ਸਾਧਨਾਂ ਦੇ ਬਾਵਜੂਦ ਸਕੂਲ ਪ੍ਰਸ਼ਾਸਨ ਬੱਚਿਆਂ ਤੱਕ ਖਾਣਾ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਇਹ ਮੌਜੂਦਾ ਸਥਿਤੀ ਸਿੱਖਿਆ ਪ੍ਰਣਾਲੀ ਲਈ ਇੱਕ ਵੱਡੀ ਚੁਣੌਤੀ ਬਣੀ ਹੋਈ ਹੈ।


author

Gurminder Singh

Content Editor

Related News