ਖਰੜ ''ਚ ਵਿਦਿਆਰਥੀ ਦਾ ਬੇਰਹਿਮੀ ਨਾਲ ਕਤਲ, ਕਰ ਰਿਹਾ ਸੀ ਵਕਾਲਤ ਦੀ ਪੜ੍ਹਾਈ
Thursday, Apr 02, 2026 - 12:19 PM (IST)
ਖਰੜ (ਰਣਬੀਰ) : ਇੱਥੇ ਖਰੜ-ਮੋਰਿੰਡਾ ਰੋਡ ਟੋਲ ਪਲਾਜ਼ਾ ਨੇੜੇ ਸਥਿਤ ਗੁਰਫ਼ਤਹਿ ਟਾਊਨ ’ਚ ਪੁਰਾਣੀ ਰੰਜਿਸ਼ ਦੇ ਚੱਲਦਿਆਂ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੇ ਇਕ ਵਿਦਿਆਰਥੀ ਦਾ ਚਾਕੂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਅਮਨ ਦਹੀਆ (22) ਵਾਸੀ ਸੋਨੀਪਤ ਹਰਿਆਣਾ ਵਜੋਂ ਹੋਈ ਹੈ, ਜੋ ਬੀ. ਏ. ਐੱਲ. ਐੱਲ. ਬੀ- (ਭਾਗ-3) ਦਾ ਵਿਦਿਆਰਥੀ ਸੀ। ਵਾਰਦਾਤ ’ਚ ਪੁਲਸ ਨੇ ਰਾਮ, ਮੋਨੂ, ਵਿਨੇ ਤੋਂ ਇਲਾਵਾ ਲਵੀਸਾ ਨਾਮਕ ਇਕ ਕੁੜੀ ਸਣੇ ਕੁੱਲ 4 ਲੋਕਾਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੂੰ ਦਿੱਤੇ ਬਿਆਨ ’ਚ ਮ੍ਰਿਤਕ ਦੇ ਚਾਚਾ ਅਨਿਲ ਕੁਮਾਰ ਵਾਸੀ ਪਿੰਡ ਗੜੀਬਾਲਾ, ਥਾਣਾ ਕੁੰਡਲੀ, ਜ਼ਿਲ੍ਹਾ ਸੋਨੀਪਤ (ਹਰਿਆਣਾ), ਜੋ ਪੇਸ਼ੇ ਤੋਂ ਵਕੀਲ ਹਨ, ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ’ਚ ਚਾਰ ਭੈਣ-ਭਰਾ ਹਨ ਅਤੇ ਸਭ ਇਕੱਠੇ ਰਹਿੰਦੇ ਹਨ। ਉਨ੍ਹਾਂ ਦੇ ਵੱਡੇ ਭਰਾ ਸੁੰਦਰ ਦਹੀਆ ਦਾ ਪੁੱਤਰ ਅਮਨ ਦਹੀਆ ਇੱਥੇ ਯੂਨੀਵਰਸਿਟੀ ’ਚ ਪੜ੍ਹਦਾ ਸੀ।
ਇਹ ਵੀ ਪੜ੍ਹੋ : ਸਕੂਲਾਂ 'ਤੇ ਡਿੱਗੇਗੀ ਗਾਜ਼! ਸਖ਼ਤ ਕਾਰਵਾਈ ਦੀ ਤਿਆਰੀ 'ਚ CBSE, ਜਾਰੀ ਕੀਤੀ ਵੱਡੀ ਚਿਤਾਵਨੀ
ਅਨੀਲ ਕੁਮਾਰ ਅਨੁਸਾਰ 1 ਅਪ੍ਰੈਲ ਸਵੇਰੇ ਤੜਕੇ ਕਰੀਬ 3 ਵਜੇ ਉਨ੍ਹਾਂ ਨੂੰ ਅਮਨ ਦੇ ਦੋਸਤ ਹਰਸ਼ ਦੇ ਮੋਬਾਇਲ ਤੋਂ ਫੋਨ ਆਇਆ। ਹਰਸ਼ ਨੇ ਦੱਸਿਆ ਕਿ ਕੁੱਝ ਮੁੰਡਿਆਂ ਨੇ ਅਮਨ ਨੂੰ ਚਾਕੂ ਮਾਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ ਹੈ ਤੇ ਉਹ ਉਸ ਨੂੰ ਹਸਪਤਾਲ ਲੈ ਕੇ ਜਾ ਰਹੇ ਹਨ। ਇਸ ਤੋਂ ਬਾਅਦ ਅਨਿਲ ਕੁਮਾਰ ਨੇ ਅਮਨ ਨਾਲ ਫੋਨ ’ਤੇ ਗੱਲ ਕੀਤੀ, ਜਿਸ ਦੌਰਾਨ ਜ਼ਖ਼ਮੀ ਅਮਨ ਨੇ ਦੱਸਿਆ ਕਿ ਰਾਮ ਨਾਂ ਦਾ ਨੌਜਵਾਨ ਉਸ ਨੂੰ ਪਹਿਲਾਂ ਵੀ ਕਈ ਵਾਰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਚੁੱਕਾ ਸੀ। ਅਮਨ ਨੇ ਦੱਸਿਆ ਕਿ ਉਹ ਉਸ ਰਾਤ ਆਪਣੇ ਫਲੈਟ ’ਚ ਸੀ। ਇਸ ਦੌਰਾਨ ਯੂਨੀਵਰਸਿਟੀ ’ਚ ਪੜ੍ਹਦੀ ਕੁੜੀ ਲਵੀਸਾ ਉਸ ਦੇ ਫਲੈਟ ’ਤੇ ਆਈ ਤੇ ਉਸ ਨੂੰ ਆਪਣੇ ਗੁਰਫ਼ਤਹਿ ਟਾਊਨ ਵਾਲੇ ਫਲੈਟ ਛੱਡਣ ਲਈ ਕਿਹਾ। ਅਮਨ ਉਸ ਨੂੰ ਕਾਰ ਰਾਹੀਂ ਛੱਡਣ ਗਿਆ। ਜਿਵੇਂ ਹੀ ਲਵੀਸਾ ਪਹਿਲੀ ਮੰਜ਼ਿਲ ’ਤੇ ਆਪਣੇ ਫਲੈਟ ’ਚ ਗਈ ਤਾਂ ਅਮਨ ਵਾਪਸ ਮੁੜਨ ਲੱਗਾ। ਇਸੇ ਦੌਰਾਨ ਕਰੀਬ ਰਾਤ 2 ਵਜੇ ਅਚਾਨਕ ਰਾਮ, ਮੋਨੂ ਤੇ ਵਿਨੇ ਉੱਥੇ ਆ ਗਏ ਅਤੇ ਉਸ ਨੂੰ ਘੇਰ ਲਿਆ।
ਇਹ ਵੀ ਪੜ੍ਹੋ : ਪੰਜਾਬ ਦੇ ਵਾਹਨ ਚਾਲਕਾਂ ਲਈ ਵੱਡੀ ਖ਼ਬਰ, ਅੱਜ ਤੋਂ ਸਫ਼ਰ ਹੋਇਆ ਮਹਿੰਗਾ, NHAI ਨੇ ਵਧਾਈਆਂ ਟੋਲ ਦਰਾਂ
ਅਮਨ ਅਨੁਸਾਰ ਉਸੇ ਵੇਲੇ ਲਵੀਸਾ ਨੇ ਅੰਦਰੋਂ ਆਵਾਜ਼ ਮਾਰਦਿਆਂ ਕਿਹਾ ਕਿ ਅੱਜ ਬੜੀ ਮੁਸ਼ਕਲ ਨਾਲ ਇਸ ਨੂੰ ਇੱਥੇ ਬੁਲਾਇਆ ਹੈ, ਅੱਜ ਇਸ ਨੂੰ ਜਿਊਂਦਾ ਨੀ ਛੱਡਣਾ। ਇਸ ਤੋਂ ਬਾਅਦ ਮੋਨੂ ਅਤੇ ਵਿਨੇ ਨੇ ਅਮਨ ਨੂੰ ਪਿੱਛੋਂ ਫੜ੍ਹ ਲਿਆ ਅਤੇ ਉਸ ਦੇ ਹੱਥ ਮਰੋੜ ਦਿੱਤੇ। ਇਸ ਦੌਰਾਨ ਰਾਮ ਨੇ ਚਾਕੂ ਕੱਢ ਕੇ ਅਮਨ ਦੀ ਛਾਤੀ ’ਤੇ ਵਾਰ ਕੀਤਾ ਤੇ ਦੂਜਾ ਵਾਰ ਉਸ ਦੀ ਪਿੱਠ ’ਤੇ ਕੀਤਾ। ਇਸ ਤੋਂ ਬਾਅਦ ਚਾਰਾਂ ਨੇ ਮਿਲ ਕੇ ਉਸ ਦੀ ਕੁੱਟਮਾਰ ਵੀ ਕੀਤੀ। ਗੰਭੀਰ ਜ਼ਖ਼ਮੀ ਹੋਣ ਦੇ ਬਾਵਜੂਦ ਅਮਨ ਕਿਸੇ ਤਰ੍ਹਾਂ ਉੱਥੋਂ ਭੱਜ ਕੇ ਇਕ ਖ਼ਾਲੀ ਪਲਾਟ ’ਚ ਪਹੁੰਚਿਆ, ਜਿੱਥੇ ਉਹ ਡਿੱਗ ਪਿਆ ਤੇ ਆਪਣੇ ਦੋਸਤਾਂ ਨੂੰ ਫੋਨ ਕਰਕੇ ਬੁਲਾਇਆ। ਉਸ ਦੇ ਦੋਸਤ ਉਸ ਨੂੰ ਤੁਰੰਤ ਹਸਪਤਾਲ ਲੈ ਗਏ। ਇਸ ਦੌਰਾਨ ਉਸ ਨੇ ਘਟਨਾ ਦੀ ਪੂਰੀ ਜਾਣਕਾਰੀ ਆਪਣੇ ਚਾਚਾ ਅਨਿਲ ਕੁਮਾਰ ਨੂੰ ਵੀ ਦਿੱਤੀ। ਅਨਿਲ ਕੁਮਾਰ ਨੇ ਦੱਸਿਆ ਕਿ ਉਹ ਆਪਣੇ ਭਰਾ ਸੁੰਦਰ ਦਹੀਆ ਨਾਲ ਸਵੇਰੇ ਜਿਵੇਂ ਹੀ ਚੰਡੀਗੜ੍ਹ ਸਥਿਤ ਹਸਪਤਾਲ ਪੁੱਜੇ ਤਾਂ ਡਾਕਟਰਾਂ ਨੇ ਉਸ ਦੇ ਭਤੀਜੇ ਅਮਨ ਨੂੰ ਮ੍ਰਿਤਕ ਕਰਾਰ ਦਿੱਤਾ।
ਅਮਨ ਦੇ ਸ਼ਰੀਰ ’ਤੇ ਚਾਕੂ ਦੇ ਦੋ ਗੰਭੀਰ ਜ਼ਖ਼ਮ ਮਿਲੇ, ਜਿਨ੍ਹਾਂ ’ਚੋਂ ਇਕ ਜ਼ਖ਼ਮ ਮੋਢੇ ਤੇ ਛਾਤੀ ਦੇ ਦਰਮਿਆਨ ਕਰੀਬ 6 ਇੰਚ ਡੂੰਘਾ ਸੀ। ਪਰਿਵਾਰ ਦਾ ਦੋਸ਼ ਹੈ ਕਿ ਪਹਿਲਾਂ ਵੀ ਅਮਨ ਨੇ ਦੱਸਿਆ ਸੀ ਕਿ ਘੜੂੰਆਂ ਥਾਣੇ ’ਚ ਰਾਮ ਦੀ ਕਾਰ ਨਾਲ ਸਬੰਧਿਤ ਇਕ ਮਾਮਲਾ ਦਰਜ ਸੀ, ਜੋ ਕੁੱਟਮਾਰ ਦੀ ਘਟਨਾ ਨਾਲ ਜੁੜਿਆ ਹੋਇਆ ਸੀ। ਇਸ ਮਾਮਲੇ ’ਚ ਮੁਲਜ਼ਮਾਂ ਨੂੰ ਸ਼ੱਕ ਸੀ ਕਿ ਪੁਲਸ ਨੂੰ ਉਨ੍ਹਾਂ ਦੀ ਕਾਰ ਬਾਰੇ ਜਾਣਕਾਰੀ ਅਮਨ ਨੇ ਦਿੱਤੀ ਸੀ। ਲਵੀਸਾ ਨੂੰ ਰਾਮ ਦੀ ਗਰਲਫਰੈਂਡ ਦੱਸਿਆ ਜਾਂਦਾ ਹੈ। ਇਸੇ ਰੰਜਿਸ਼ ਦੇ ਚੱਲਦੇ ਚਾਰਾਂ ਨੇ ਮਿਲ ਕੇ ਸਾਜ਼ਿਸ਼ ਤਹਿਤ ਅਮਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਸੂਚਨਾ ਮਿਲਦਿਆਂ ਹੀ ਪੁਲਸ ਵੱਲੋਂ ਫਾਰੈਂਸਿਕ ਮਾਹਿਰਾਂ ਤੇ ਡਾਕਟਰਾਂ ਦੀ ਟੀਮ ਰਾਹੀਂ ਸਰਕਾਰੀ ਮੈਡੀਕਲ ਕਾਲਜ ਸੈਕਟਰ-32 ਚੰਡੀਗੜ੍ਹ ’ਚ ਮ੍ਰਿਤਕ ਦਾ ਪੋਸਟਮਾਰਟਮ ਕਰਵਾਇਆ ਗਿਆ। ਜਿਸ ਪਿੱਛੋਂ ਲਾਸ਼ ਉਸ ਦੇ ਪਰਿਵਾਰਕ ਮੈਂਬਰਾਂ ਹਵਾਲੇ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
