ਸ਼ਰਾਬ ਫੈਕਟਰੀ ਮਾਮਲਾ : ਹੋਰ ਭਖਿਆ ਵਿਵਾਦ, ਮੋਰਚੇ ਦੇ ਸਮਰਥਨ ''ਚ ਆਈਆਂ ਮਜ਼ਦੂਰ ਜਥੇਬੰਦੀਆਂ
Friday, Dec 23, 2022 - 11:06 AM (IST)
ਚੰਡੀਗੜ੍ਹ (ਜ.ਬ.) : ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝਾ ਮੋਰਚਾ ਪੰਜਾਬ ਦੇ ਆਗੂਆਂ ਨੇ ਬੇਤਹਾਸ਼ਾ ਪ੍ਰਦੂਸ਼ਣ ਫੈਲਾ ਰਹੀ ਸ਼ਰਾਬ ਫੈਕਟਰੀ ਨੂੰ ਬੰਦ ਕਰਵਾਉਣ ਲਈ ਜ਼ੀਰਾ ਵਿਖੇ ਚੱਲ ਰਹੇ ਮੋਰਚੇ ’ਚ ਅੱਜ ਵੱਡੇ ਜਥੇ ਨਾਲ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ। ਸਾਂਝੇ ਮਜ਼ਦੂਰ ਮੋਰਚੇ ਦੇ ਆਗੂਆਂ ਭਗਵੰਤ ਸਿੰਘ ਸਮਾਓ, ਕੁਲਵੰਤ ਸਿੰਘ ਸੇਲਬਰਾਹ, ਗੁਲਜ਼ਾਰ ਸਿੰਘ ਗੋਰੀਆ, ਗੁਰਨਾਮ ਸਿੰਘ ਦਾਊਦ, ਮੁਕੇਸ਼ ਮਲੌਦ, ਭੂਪ ਚੰਦ ਚੰਨੋ, ਤਰਸੇਮ ਪੀਟਰ ਤੇ ਲਛਮਣ ਸਿੰਘ ਸੇਵੇਵਾਲਾ ਨੇ ਬਿਆਨ ਰਾਹੀਂ ਸ਼ਰਾਬ ਫੈਕਟਰੀ ਦੇ ਪ੍ਰਦੂਸ਼ਣ ਖ਼ਿਲਾਫ਼ ਚੱਲ ਰਹੇ ਮੋਰਚੇ ਦੀਆਂ ਹੱਕੀ ਮੰਗਾਂ ਮੰਨਣ ਦੀ ਥਾਂ ‘ਆਪ’ ਸਰਕਾਰ ਵਲੋਂ ਸੰਘਰਸ਼ ਕਰਦੇ ਲੋਕਾਂ ’ਤੇ ਜਬਰ ਢਾਹੁਣ ਅਤੇ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਦਰਜਨਾਂ ਲੋਕਾਂ ਨੂੰ ਗ੍ਰਿਫ਼ਤਾਰ ਕਰਨ ਦੀ ਸਖ਼ਤ ਨਿੰਦਾ ਕਰਦਿਆਂ ਸਾਂਝੇ ਮਜ਼ਦੂਰ ਮੋਰਚੇ ਵਲੋਂ ਇਸ ਹੱਕੀ ਸੰਘਰਸ਼ ਦੀ ਡਟਵੀਂ ਹਮਾਇਤ ਦਾ ਐਲਾਨ ਕੀਤਾ ਹੈ।
ਇਹ ਵੀ ਪੜ੍ਹੋ- 25 ਦਸੰਬਰ ਨੂੰ ਪਰਤਣਾ ਸੀ ਘਰ, ਮਾਂ ਵੇਖਦੀ ਰਹਿ ਗਈ ਰਾਹ, ਕੈਨੇਡਾ ਤੋਂ ਆਈ ਪੁੱਤ ਦੀ ਮੌਤ ਦੀ ਖ਼ਬਰ
ਉਨ੍ਹਾਂ ਆਖਿਆ ਕਿ ਬਦਲਾਅ ਦਾ ਝਾਂਸਾ ਦੇ ਕੇ ਸੱਤਾ ’ਚ ਆਈ ਭਗਵੰਤ ਮਾਨ ਸਰਕਾਰ ਨਿਯਮਾਂ ਦੇ ਉਲਟ ਪ੍ਰਦੂਸ਼ਿਤ ਪਾਣੀ ਨੂੰ ਧਰਤੀ ਹੇਠਾਂ ਭੇਜ ਕੇ ਕੁਦਰਤ ਤੇ ਮਨੁੱਖ ਦੋਖੀ ਅਪਰਾਧ ਕਰਨ ਵਾਲੇ ਫੈਕਟਰੀ ਮਾਲਕਾਂ ਖ਼ਿਲਾਫ਼ ਕਾਰਵਾਈ ਕਰਨ ਦੀ ਥਾਂ ਲੋਕਾਂ ਦੀ ਆਵਾਜ਼ ਨੂੰ ਜਬਰ ਦੇ ਜ਼ੋਰ ਨਾਲ ਦਬਾਉਣ ਦੇ ਰਾਹ ਪੈ ਗਈ ਹੈ। ਉਨ੍ਹਾਂ ਨੇ ਮਜ਼ਦੂਰਾਂ ਨੂੰ ਸੱਦਾ ਦਿੱਤਾ ਕਿ ਉਹ ਜ਼ੀਰੇ ਮੋਰਚੇ ’ਚ ਸ਼ਾਮਲ ਹੋਣ ਲਈ 23 ਦਸੰਬਰ ਨੂੰ 12 ਵਜੇ ਬੱਸ ਸਟੈਂਡ ਜ਼ੀਰਾ ਲਾਗੇ ਪਹੁੰਚਣ, ਜਿੱਥੋਂ ਕਾਫ਼ਲੇ ਦੇ ਰੂਪ ’ਚ ਮੋਰਚੇ ਵਿਚ ਸ਼ਮੂਲੀਅਤ ਕੀਤੀ ਜਾਵੇਗੀ। ਉਨ੍ਹਾਂ ਨੇ ਲਤੀਫਪੁਰਾ ਵਿਖੇ ਉਜਾੜੇ ਗਏ ਲੋਕਾਂ ਦਾ ਉਸੇ ਜਗ੍ਹਾ ’ਤੇ ਮੁੜ ਵਸੇਬਾ ਕਰਨ ਦੀ ਮੰਗ ਵੀ ਦੁਹਰਾਈ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਮੂਸੇਵਾਲਾ ਕਤਲ ਕਾਂਡ 'ਚ ਮਾਨਸਾ ਪੁਲਸ ਨੇ 7 ਮੁਲਜ਼ਮਾਂ ਖ਼ਿਲਾਫ਼ ਪੇਸ਼ ਕੀਤਾ ਸਪਲੀਮੈਂਟਰੀ ਚਲਾਨ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।