ਸ਼ੋਅਰੂਮ ਦੀ ਇਮਾਰਤ ਡਿੱਗਣ ਦੌਰਾਨ ਮਜ਼ਦੂਰ ਦੀ ਮੌਤ, ਬਿਲਡਰ ਖ਼ਿਲਾਫ਼ ਮਾਮਲਾ ਦਰਜ
Monday, Jan 02, 2023 - 12:29 PM (IST)
ਖਰੜ (ਅਮਰਦੀਪ, ਗਗਨਦੀਪ) : ਨਿੱਝਰ ਰੋਡ ਛੱਜੂ ਮਾਜਰਾ ਵਿਖੇ ਬੀਤੇ ਦਿਨੀਂ ਨਿਰਮਾਣ ਅਧੀਨ ਸ਼ੋਅਰੂਮ ਦੀ ਇਮਾਰਤ ਡਿੱਗਣ ਦੌਰਾਨ ਇਕ ਮਜ਼ਦੂਰ ਦੀ ਮੌਤ ਹੋ ਗਈ ਸੀ। ਇਸ ਮਾਮਲੇ ਨੂੰ ਲੈ ਕੇ ਸਿਟੀ ਪੁਲਸ ਨੇ ਬਿਲਡਰ ਦਿਨੇਸ਼ ਕੁਮਾਰ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਥਾਣਾ ਸਿਟੀ ਦੇ ਐੱਸ. ਐੱਚ. ਓ. ਹਰਜਿੰਦਰ ਸਿੰਘ ਨੇ ਦੱਸਿਆ ਕਿ ਛੱਜੂ ਮਾਜਰਾ ਵਿਖੇ ਸ਼੍ਰੀ ਮਨਸਾ ਦੇਵੀ ਮੰਦਰ ਨੇੜੇ ਨਿਰਮਾਣ ਅਧੀਨ ਸ਼ੋਅਰੂਮ ਦੀ ਦੂਜੀ ਮੰਜ਼ਿਲ ਦਾ ਲੈਂਟਰ ਪਾਇਆ ਜਾ ਰਿਹਾ ਸੀ , ਇਸ ਦੌਰਾਨ ਇਮਾਰਤ ਡਿੱਗ ਗਈ। ਬਚਾਅ ਕਾਰਜਾਂ ਦੌਰਾਨ ਮਲਬੇ 'ਚ ਦੱਬੇ ਮਜ਼ਦੂਰ ਨਤੀਸ਼ ਕੁਮਾਰ ਤੇ ਅਜੈ ਨੂੰ ਬਾਹਰ ਕੱਢ ਕੇ ਗੰਭੀਰ ਜ਼ਖਮੀ ਹਾਲਤ 'ਚ ਇਲਾਜ ਲਈ ਹਸਪਤਾਲ ਭੇਜਿਆ ਗਿਆ ਸੀ।
ਡਾਕਟਰਾਂ ਨੇ ਅਜੇ ਕੁਮਾਰ ਨੂੰ ਮ੍ਰਿਤਕ ਕਰਾਰ ਦਿੱਤਾ, ਜਦਕਿ ਦੂਜੇ ਮਜ਼ਦੂਰ ਦਾ ਇਲਾਜ ਚੱਲ ਰਿਹਾ ਹੈ। ਰਾਤ ਨੂੰ ਐੱਨ. ਡੀ. ਆਰ. ਐੱਫ. ਦੀਆਂ ਟੀਮਾਂ ਵੀ ਮੌਕੇ ’ਤੇ ਪਹੁੰਚ ਗਈਆਂ ਸਨ। ਇਸ ਦੌਰਾਨ ਐੱਸ. ਐੱਸ. ਪੀ. ਸੰਦੀਪ ਗਰਗ ਵੱਲੋਂ ਦੇਰ ਰਾਤ ਦੌਰਾ ਕਰਨ ਉਪਰੰਤ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੇ ਨਿਰਦੇਸ਼ ਦਿੱਤੇ ਗਏ ਸਨ। ਪੁਲਸ ਨੇ ਨਿਤਿਨ ਕੁਮਾਰ ਪੁੱਤਰ ਸੁਰਿੰਦਰ ਯਾਦਵ ਵਾਸੀ ਪਿੰਡ ਸੰਤੋੜਨਾ ਜ਼ਿਲ੍ਹਾ ਰੋਪਨਾ ਬਿਹਾਰ ਹਾਲ ਵਾਸੀ ਛੱਜੂ ਮਾਜਰਾ ਕਾਲੋਨੀ ਦੇ ਬਿਆਨਾਂ ’ਤੇ ਘਟੀਆ ਮਟੀਰੀਅਲ ਲਾ ਕੇ ਅਣਗਹਿਲੀ ਕਰਨ ’ਤੇ ਬਿਲਡਰ ਦਿਨੇਸ਼ ਕੁਮਾਰ ਖ਼ਿਲਾਫ਼ ਧਾਰਾ 304ਏ ਆਈ. ਪੀ. ਸੀ. ਅਧੀਨ ਮਾਮਲਾ ਦਰਜ ਕੀਤਾ ਹੈ।