ਕੁਵੈਤ ਜੇਲ ''ਚ ਪੰਜਾਬੀ ਨੂੰ ਸੁਣਾਈ ਫਾਂਸੀ ਦੀ ਸਜ਼ਾ, ਪਰਿਵਾਰ ਨੇ PM ਮੋਦੀ ਨੂੰ ਕੀਤੀ ਅਪੀਲ

09/22/2019 12:49:09 AM

ਹੁਸ਼ਿਆਰਪੁਰ,(ਅਮਰਿੰਦਰ) : ਹੁਸ਼ਿਆਰਪੁਰ ਦੇ ਜਲੰਧਰ ਰੋਡ 'ਤੇ ਸਥਿਤ ਪਿੰਡ ਰਤਾਰਾਗੜ੍ਹ ਦੇ ਰਾਜਿੰਦਰ ਸਿੰਘ (30) ਦੇ ਪਿਤਾ ਬਲਦੇਵ ਸਿੰਘ ਤੇ ਭੈਣ ਇੰਦਰਜੀਤ ਕੌਰ ਦੇ ਨਾਲ ਹੋਰ ਰਿਸ਼ਤੇਦਾਰਾਂ ਨੇ ਰੋਂਦਿਆਂ ਦੱਸਿਆ ਕਿ ਰਾਜਿੰਦਰ ਜਨਵਰੀ 2019 'ਚ ਕੁਵੈਤ ਗਿਆ ਸੀ। ਇਕ ਦਿਨ ਬੱਸ ਵਿਚ ਸਫਰ ਕਰਦਿਆਂ ਕਿਸੇ ਦਾ ਸਾਮਾਨ ਉਸ ਕੋਲੋਂ ਬਰਾਮਦ ਹੋਣ 'ਤੇ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਸੀ, ਬਾਅਦ ਵਿਚ ਪਤਾ ਲੱਗਾ ਕਿ ਉਸ ਦੇ ਸਾਮਾਨ ਵਿਚ ਨਸ਼ੇ ਵਾਲਾ ਪਦਾਰਥ ਸੀ। ਪਹਿਲਾਂ ਤਾਂ ਉਸ ਨੂੰ ਜੇਲ ਹੋਈ ਪਰ ਹੁਣ ਕੁਵੈਤ ਤੋਂ ਦੋਸਤਾਂ ਨੇ ਫੋਨ ਕਰ ਕੇ ਦੱਸਿਆ ਕਿ ਰਾਜਿੰਦਰ ਨੂੰ ਕੁਵੈਤ ਦੀ ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾਈ ਹੈ।

ਰਾਜਿੰਦਰ ਸਿੰਘ ਦੇ ਮਾਪਿਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਵਿਦੇਸ਼ ਮੰਤਰੀ ਐੱਸ. ਜੈਸ਼ੰਕਰ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਭਾਜਪਾ ਦੇ ਰਾਸ਼ਟਰੀ ਉਪ ਪ੍ਰਧਾਨ ਅਵਿਨਾਸ਼ ਰਾਏ ਖੰਨਾ ਕੋਲ ਅਪੀਲ ਕਰਦਿਆਂ ਕਿਹਾ ਹੈ ਕਿ ਕੁਵੈਤ ਜੇਲ 'ਚ ਬੰਦ ਰਾਜਿੰਦਰ ਦੀ ਜਾਨ ਬਚਾਉਣ ਅਤੇ ਉਸ ਨੂੰ ਉਥੋਂ ਰਿਹਾਅ ਕਰਨ 'ਚ ਉਸ ਦੀ ਮਦਦ ਕਰਨ। ਵਰਣਨਯੋਗ ਹੈ ਕਿ ਰਾਜਿੰਦਰ ਸਾਲ 2014 ਵਿਚ ਪਹਿਲਾਂ ਦੁਬਈ ਗਿਆ ਸੀ, ਉਥੋਂ ਪਰਤਣ ਮਗਰੋਂ ਉਹ ਕੁਵੈਤ ਚਲਾ ਗਿਆ ਸੀ। ਮਾਪਿਆਂ ਨੇ ਦੱਸਿਆ ਕਿ ਅਸੀਂ ਅਜੇ ਉਸ ਦਾ ਵਿਆਹ ਕਰਨ ਦੀ ਯੋਜਨਾ ਬਣਾ ਰਹੇ ਸੀ ਪਰ ਕੁਵੈਤ ਤੋਂ ਆਏ ਫੋਨ ਨੇ ਸਾਡਾ ਚੈਨ ਖੋਹ ਲਿਆ ਹੈ।


Related News