ਕੋਰੋਨਾ ਪਾਜ਼ੇਟਿਵ ਮਰੀਜ਼ ਦੇ ਸੰਪਰਕ ''ਚ ਆਉਣ ਕਰਕੇ ''ਆਪ'' ਦੇ ਇਸ ਵਿਧਾਇਕ ਨੇ ਖੁਦ ਨੂੰ ਕੀਤਾ ਕੁਆਰੰਟਾਈਨ
Wednesday, Apr 08, 2020 - 04:35 PM (IST)
ਕੋਟਕਪੂਰਾ/ਫਰੀਦਕੋਟ (ਨਰਿੰਦਰ/ਜਗਤਾਰ) : ਫਰੀਦਕੋਟ ਸ਼ਹਿਰ ਨਾਲ ਸਬੰਧਤ ਕੋਰੋਨਾ ਪਾਜ਼ੇਟਿਵ ਦੇ ਦੂਜੇ ਕੇਸ ਤੋਂ ਬਾਅਦ ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਆਪਣੇ ਆਪ ਨੂੰ ਹੋਮ ਕੁਆਰਿੰਟਾਈਨ ਕਰ ਲਿਆ ਹੈ। ਦੱਸ ਦਈਏ ਕਿ ਅੱਜ ਸਵੇਰੇ ਫਰੀਦਕੋਟ ਦਾ 45 ਸਾਲਾ ਵਿਅਕਤੀ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਇਸ ਤੋਂ ਬਾਅਦ ਸਿਹਤ ਵਿਭਾਗ ਵਲੋਂ ਉਕਤ ਪੀੜਤ ਵਿਅਕਤੀ ਦੀ ਪੂਰੀ ਹਿਸਟਰੀ ਅਤੇ ਇਸ ਦੇ ਸੰਪਰਕ 'ਚ ਆਉਣ ਵਾਲੇ ਵਿਅਕਤੀਆਂ ਦੀ ਜਾਂਚ ਸ਼ੁਰੂ ਕੀਤੀ ਗਈ। ਵਿਧਾਇਕ ਸੰਧਵਾਂ ਨੇ ਪਹਿਲ ਕਦਮੀ ਕਰਦੇ ਹੋਏ ਆਪਣੇ ਆਪ ਨੂੰ ਹੋਮ ਕੁਆਰਿੰਟਾਈਨ ਕਰ ਦਿੱਤਾ।
ਇਹ ਵੀ ਪੜ੍ਹੋ ► ਤਬਲੀਗੀ ਜਮਾਤ ਦੇ ਗਾਇਬ ਲੋਕਾਂ ਨੂੰ ਪੰਜਾਬ ਸਰਕਾਰ ਵਲੋਂ 24 ਘੰਟਿਆਂ ਦਾ ਅਲਟੀਮੇਟਮ
ਇਸ ਸਬੰਧ 'ਚ 'ਜਗ ਬਾਣੀ' ਨਾਲ ਫੋਨ 'ਤੇ ਗੱਲਬਾਤ ਕਰਦੇ ਹੋਏ ਵਿਧਾਇਕ ਸੰਧਵਾਂ ਨੇ ਦੱਸਿਆ ਕਿ ਉਕਤ ਕੋਰੋਨਾ ਪਾਜ਼ੇਟਿਵ ਉਨ੍ਹਾਂ ਦਾ ਰਿਸ਼ਤੇਦਾਰ ਵੀ ਹੈ ਅਤੇ ਕੁਝ ਦਿਨਾਂ ਪਹਿਲਾਂ ਇਕ ਸ਼ੋਕ ਸਮਾਗਮ 'ਚ ਉਹ ਉਕਤ ਵਿਅਕਤੀ ਦੇ ਸੰਪਰਕ 'ਚ ਆਏ ਸਨ, ਜਿਸ ਨੂੰ ਧਿਆਨ 'ਚ ਰੱਖਦੇ ਹੋਏ ਉਨ੍ਹਾਂ ਨੇ ਹੋਮ ਕੁਆਰਿੰਟਾਈਨ ਦਾ ਫੈਸਲਾ ਲਿਆ ਹੈ। ਉਨ੍ਹਾਂ ਦੱਸਿਆ ਕਿ ਉਹ ਆਪਣੇ ਇਸ ਫੈਸਲੇ ਸਬੰਧੀ ਐੱਸ. ਡੀ. ਐੱਮ. ਕੋਟਕਪੂਰਾ ਨੂੰ ਮੇਲ ਰਾਹੀਂ ਜਾਣਕਾਰੀ ਦੇ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਸਿਹਤ ਵਿਭਾਗ ਵਲੋਂ ਉਨ੍ਹਾਂ ਨੂੰ ਜੋ ਵੀ ਨਿਰਦੇਸ਼ ਦਿੱਤੇ ਜਾਣਗੇ, ਉਹ ਉਸ ਦੀ ਪੂਰੀ ਤਰ੍ਹਾਂ ਨਾਲ ਪਾਲਣਾ ਕਰਨਗੇ।
ਇਹ ਵੀ ਪੜ੍ਹੋ ► ਪਠਾਨਕੋਟ 'ਚ ਕੋਰੋਨਾ ਨੇ ਫੜਿਆ ਜ਼ੋਰ, ਇਕੋਂ ਪਰਿਵਾਰ ਦੇ ਹੋਰ 5 ਜੀਅ ਕੋਰੋਨਾ ਪਾਜ਼ੇਟਿਵ
ਲੋਕਾਂ ਨੂੰ ਕੀਤੀ ਅਪੀਲ
ਵਿਧਾਇਕ ਸੰਧਵਾਂ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਇਹ ਬਹੁਤ ਭਿਆਨਕ ਬੀਮਾਰੀ ਹੈ। ਇਸ ਤੋਂ ਬਚਾਅ ਲਈ ਸਿਹਤ ਵਿਭਾਗ ਵਲੋਂ ਜਾਰੀ ਹੁਕਮਾਂ ਦੀ ਪਾਲਣਾ ਕੀਤੀ ਜਾਵੇ ਅਤੇ ਸੋਸ਼ਲ ਡਿਸਟੈਂਸ ਬਣਾ ਕੇ ਹੀ ਰੱਖਿਆ ਜਾਵੇ।
ਪੰਜਾਬ 'ਚ ਕੋਰੋਨਾ ਦਾ ਕਹਿਰ
ਪੰਜਾਬ 'ਚ ਹੁਣ ਤੱਕ 101 ਪਾਜ਼ੇਟਿਵ ਕੇਸ ਸਾਹਮਣੇ ਆ ਚੁੱਕੇ ਹਨ। ਜਦਕਿ ਇਸ ਨਾਲ 8 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹੁਣ ਤਕ ਦੇ ਅੰਕੜਿਆਂ ਮੁਤਾਬਕ ਮੋਹਾਲੀ 'ਚ ਸਭ ਤੋਂ ਵੱਧ ਕੋਰੋਨਾ ਦੇ 26 ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਨਵਾਂਸ਼ਹਿਰ ਦੇ 19, ਹੁਸ਼ਿਆਰਪੁਰ ਦੇ 07, ਜਲੰਧਰ ਦੇ 07, ਲੁਧਿਆਣਾ 06, ਅੰਮ੍ਰਿਤਸਰ 'ਚ 10, ਪਟਿਆਲਾ, ਫਰੀਦਕੋਟ 2, ਬਰਨਾਲਾ, ਕਪੂਰਥਲਾ ਦਾ 1-1 ਅਤੇ ਮੋਗਾ ਦੇ 4 ਕੇਸ ਸਾਹਮਣੇ ਆ ਚੁੱਕਾ ਹੈ। ਜਦਕਿ ਰੋਪੜ 'ਚ ਕੋਰੋਨਾ ਦੇ 03, ਮਾਨਸਾ 'ਚ 05, ਪਠਾਨਕੋਟ 'ਚ 07, ਫਤਿਹਗੜ ਸਾਹਿਬ ਦੇ 02 ਕੇਸ ਸਾਹਮਣੇ ਆ ਚੁੱਕੇ ਹਨ।
ਇਹ ਵੀ ਪੜ੍ਹੋ ► ਕੋਰੋਨਾ ਪੀੜਤ ,ਉਮਰ 81 ਸਾਲ ਰਿਸਕ ਜ਼ਿਆਦਾ ਪਰ ਡਾਕਟਰਾਂ ਦੀ ਮਿਹਨਤ ਰੰਗ ਲਿਆਈ