ਹੁਣ ਜ਼ੀਰਾ ਨੇ ਸੁਖਬੀਰ ਦੇ ਡੋਪ ਟੈਸਟ ਦੀ ਫਸਾਈ ਗਰਾਰੀ
Monday, Jan 28, 2019 - 06:18 PM (IST)
ਫਿਰੋਜ਼ਪੁਰ - ਨਸ਼ਿਆਂ ਦੇ ਮਾਮਲੇ 'ਚ ਕਾਂਗਰਸ ਖਿਲਾਫ ਭੜਾਸ ਕੱਢਣ ਕਾਰਨ ਕਾਂਗਰਸ 'ਚੋਂ ਮੁਅੱਤਲ ਕੀਤੇ ਕੁਲਬੀਰ ਸਿੰਘ ਜ਼ੀਰਾ ਭਾਵੇ ਹੁਣ ਬਹਾਲ ਹੋ ਗਏ ਹਨ ਪਰ ਜ਼ੀਰਾ ਨੇ ਹੁਣ ਇਕ ਹੋਰ ਗਰਾਰੀ ਫਸਾ ਲਈ ਹੈ। ਜ਼ੀਰਾ ਨੇ ਸਿਹਤ ਵਿਭਾਗ ਨੂੰ ਸੁਖਬੀਰ ਸਿੰਘ ਬਾਦਲ ਦਾ ਡੋਪ ਟੈਸਟ ਕਰਵਾਉਣ ਲਈ ਸਿਵਲ ਸਰਜਨ ਫਿਰੋਜ਼ਪੁਰ ਨੂੰ ਪੱਤਰ ਲਿੱਖ ਕੇ ਡਾਕਟਰੀ ਟੀਮ ਅਤੇ ਡੋਪ ਟੈਸਟ ਦੀਆਂ ਕਿੱਟਾਂ ਉਪਲੱਬਧ ਕਰਵਾਉਣ ਦੀ ਮੰਗ ਕੀਤੀ ਹੈ।

ਸਿਹਤ ਵਿਭਾਗ ਵਲੋਂ ਇਹ ਡੋਪ ਟੈਸਟ 29 ਜਨਵਰੀ ਨੂੰ ਜ਼ੀਰਾ ਵਿਖੇ ਆਯੋਜਿਤ ਕੀਤੀ ਜਾਣ ਵਾਲੀ ਵਰਕਰ ਮੀਟਿੰਗ ਤੋਂ ਪਹਿਲਾਂ ਪਿੰਡ ਠੱਠਾ ਕਿਸ਼ਨ ਸਿੰਘ ਵਿਖੇ ਕਰਵਾਉਣ ਦੇ ਹੁਕਮ ਜਾਰੀ ਕੀਤੇ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਡੋਪ ਟੈਸਟ ਨੂੰ ਲੈ ਕੇ ਕਾਂਗਰਸ ਅਤੇ ਅਕਾਲੀ ਆਹਮੋ-ਸਾਹਮਣੇ ਹੋ ਚੁੱਕੇ ਹਨ। ਉਸ ਮੌਕੇ ਇਹ ਮਾਮਲਾ ਕੋਰੀ ਡਰਾਮੇਾਜ਼ੀ ਤੋਂ ਇਲਾਵਾ ਹੋਰ ਕੁਝ ਵੀ ਸਾਬਤ ਨਹੀਂ ਹੋਇਆ ਸੀ। ਹੁਣ ਇਕ ਵਾਰ ਫਿਰ ਡੋਪ ਟੈਸਟ ਦੇ ਮੁੱਦੇ ਨੂੰ ਲੈ ਕੇ ਕੁਲਬੀਰ ਸਿੰਘ ਜ਼ੀਰਾ ਨੇ ਨਵੇਂ ਸਿਰਿਓਂ ਛੇੜ ਦਿੱਤਾ ਹੈ।
