ਸਿੱਖਿਆ ਮਹਿਕਮੇ ਨੇ ਕੋਵਿਡ ਦੀ ਚੁਣੌਤੀ ਨੂੰ ਇਕ ਮੌਕੇ ਦੇ ਰੂਪ ''ਚ ਤਬਦੀਲ ਕੀਤਾ : ਸਿੱਖਿਆ ਸਕੱਤਰ

10/13/2020 3:13:53 PM

ਚੰਡੀਗੜ੍ਹ : ਪੰਜਾਬ ਸਰਕਾਰ ਨੂੰ ਪਿਛਲੇ 6 ਮਹੀਨਿਆਂ ਤੋਂ ਕੋਵਿਡ-19 ਦੇ ਕਾਰਨ ਸਕੂਲ ਬੰਦ ਰੱਖਣ ਲਈ ਮਜ਼ਬੂਰ ਹੋਣ ਦੇ ਬਾਵਜੂਦ ਸਮੁੱਚੇ ਤੌਰ ’ਤੇ ਸਿੱਖਿਆ ਮਹਿਕਮੇ ਅਤੇ ਵਿਸ਼ੇਸ਼ ਕਰਕੇ ਹੇਠਲੇ ਪੱਧਰ ’ਤੇ ਅਧਿਆਪਕਾਂ ਨੇ ਇਸ ਚੁਣੌਤੀ ਨੂੰ ਅਸਲ 'ਚ ਇਕ ਮੌਕੇ 'ਚ ਬਦਲ ਦਿੱਤਾ ਹੈ। ਇਹ ਪ੍ਰਗਟਾਵਾ ਕਰਦੇ ਹੋਏ ਸਕੂਲ ਸਿੱਖਿਆ ਮਹਿਕਮੇ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਕਿਹਾ ਹੈ ਕਿ ਭਾਵੇਂ ਸਮਾਜਿਕ ਦੂਰੀ ਬਣਾਈ ਰੱਖਣ ਵਾਸਤੇ ਉਨ੍ਹਾਂ ਨੂੰ ਸਕੂਲ ਬੰਦ ਰੱਖਣ ਲਈ ਮਜ਼ਬੂਰ ਹੋਣਾ ਪਿਆ ਹੈ ਪਰ ਫਿਰ ਵੀ ਇਸ ਸਮੇਂ ਦੌਰਾਨ ਮਹਿਕਮੇ ਨੇ ਇਸ ਮਹਾਮਾਰੀ ਦੌਰਾਨ ਨਵੀਂਆਂ ਪਹਿਲ ਕਦਮੀਆਂ ਕਰਦੇ ਹੋਏ ਸਿੱਖਿਆ ਦੇ ਖੇਤਰ 'ਚ ਨਵੇਂ ਰਾਹ ਕੱਢੇ ਹਨ।

ਸਿੱਖਿਆ ਸਕੱਤਰ ਨੇ ਕਿਹਾ ਕਿ ਮਹਿਕਮਾ ਕੋਵਿਡ-19 ਦੌਰਾਨ ਸਾਵਧਾਨੀਆਂ ਦੀ ਪਾਲਣਾ ਕਰਦਿਆਂ ‘ਸਮਾਰਟ ਸਕੂਲਜ਼’, ‘ਅੰਗਰੇਜ਼ੀ ਮਾਧਿਅਮ’, ‘ਈਚ ਵਨ, ਬਰਿੰਗ ਵਨ’, ‘ਘਰ ਬੈਠੇ ਸਿੱਖਿਆ‘ ਅਤੇ ‘ਪੰਜਾਬ ਅਚੀਵਮੈਂਟ ਸਰਵੇਖਣ’ ਵਰਗੇ ਆਪਣੇ ਬਹੁਤ ਸਾਰੇ ਕਾਰਜਾਂ ਨੂੰ ਉਤਸ਼ਾਹ ਨਾਲ ਪੂਰਾ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਦੇ ਸਬੰਧ 'ਚ ਪਾਠ ਪੁਸਤਕਾਂ ਦੀ ਵੰਡ, ਮਿਡ ਡੇਅ ਮੀਲ ਆਦਿ ਵਰਗੇ ਕਰਜਾਂ ਤੋਂ ਇਲਾਵਾ ਇੱਕ ਸਾਂਝੇ ਅੰਦੋਲਨਾਂ ਰਾਹੀਂ ਲੋਕ ਲਹਿਰ ਖੜ੍ਹੀ ਕਰਕੇ ਮਾਪਿਆਂ ਖਾਸ ਕਰਕੇ ਸਮੁੱਚੇ ਲੋਕਾਂ ਨਾਲ ਸਮਾਜਿਕ ਤੰਦਾਂ ਨੂੰ ਮਜ਼ਬੂਤ ਬਣਾਇਆ ਹੈ।

ਇਨ੍ਹਾਂ ਗਤੀਵਿਧੀਆਂ ਦੇ ਨਤੀਜੇ ਵਜੋਂ ਜਨਤਕ ਧਾਰਨਾ 'ਚ ਤਬਦੀਲੀ ਆਉਣ ਦਾ ਜ਼ਿਕਰ ਕਰਦੇ ਹੋਏ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਹੁਣ ਸਰਕਾਰੀ ਸਕੂਲਾਂ 'ਚ ਜਨਤਾ ਨੇ ਵਿਸ਼ਵਾਸ ਜਤਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਦਾ ਪ੍ਰਗਟਾਵਾ ਇਸ ਤੱਥ ਤੋਂ ਹੁੰਦਾ ਹੈ ਕਿ ਇਸ ਸਾਲ ਤਕਰੀਬਨ 3.45 ਲੱਖ ਵਿਦਿਆਰਥੀਆਂ ਦੇ ਦਾਖ਼ਲੇ 'ਚ ਵਾਧਾ ਦਰਜ ਕੀਤਾ ਗਿਆ ਹੈ, ਜਿਨ੍ਹਾਂ 'ਚੋਂ 1.50 ਲੱਖ ਤੋਂ ਵੱਧ ਵਿਦਿਆਰਥੀ ਨਿੱਜੀ ਸਕੂਲਾਂ 'ਚੋਂ ਤਬਦੀਲ ਹੋ ਕੇ ਸਰਕਾਰੀ ਸਕੂਲਾਂ 'ਚ ਆਏ ਹਨ।

ਉਨ੍ਹਾਂ ਕਿਹਾ ਕਿ ਜਨਤਕ ਧਾਰਨਾ 'ਚ ਤਬਦੀਲੀ ਦਾ ਕਾਰਨ ਬੁਨਿਆਦੀ ਢਾਂਚਾਗਤ ਸਹੂਲਤਾਂ ਅਤੇ ਮਿਆਰੀ ਸਿੱਖਿਆ ਵੀ ਹੈ, ਜੋ ਸਮਰਪਿਤ ਅਧਿਆਪਕਾਂ ਵੱਲੋਂ ਮੁਹੱਈਆ ਕਰਵਾਈ ਜਾ ਰਹੀ ਹੈ। ਸਿੱਖਿਆ ਸਕੱਤਰ ਨੇ ਕਿਹਾ ਕਿ ਹੁਣ ਮਹਿਕਮੇ ਦੇ ਸਾਹਮਣੇ ਚੁਣੌਤੀ ਉਨ੍ਹਾਂ ਮਾਪਿਆਂ ਦੀਆਂ ਉਮੀਦਾਂ ਅਤੇ ਇੱਛਾਵਾਂ ਨੂੰ ਪੂਰਾ ਕਰਨਾ ਹੈ, ਜਿਨ੍ਹਾਂ ਨੇ ਆਪਣੇ ਬੱਚਿਆਂ 'ਚ ਅੰਗਰੇਜ਼ੀ ਭਾਸ਼ਾ ਦਾ ਹੁਨਰ ਵਿਕਸਤ ਕਰਨ ਦੇ ਲਈ ਨਿੱਜੀ ਸਕੂਲਾਂ ਤੋਂ ਤਬਦੀਲ ਕਰਕੇ ਸਰਕਾਰੀ ਸਕੂਲਾਂ 'ਚ ਲਿਆਂਦਾ ਹੈ।


Babita

Content Editor

Related News