10 ਦਿਨਾਂ ਨੂੰ ਜਾਣਾ ਸੀ ਵਿਆਹੁਣ, ਲਾੜੇ ਸਣੇ ਤਿੰਨਾਂ ਦੀ ਮੌਤ
Monday, Nov 12, 2018 - 03:31 PM (IST)
ਕੋਟਕਪੂਰਾ (ਨਰਿੰਦਰ)— ਅੱਜ ਸਵੇਰੇ ਇੱਥੇ ਬਠਿੰਡਾ-ਅੰਮ੍ਰਿਤਸਰ ਨੈਸ਼ਨਲ ਹਾਈਵੇ 'ਤੇ ਪੁਲ ਕੋਲ ਵਾਪਰੇ ਇਕ ਸੜਕ ਹਾਦਸੇ ਵਿਚ ਵਿਆਹ ਵਾਲੇ ਮੁੰਡੇ ਸਮੇਤ 3 ਜਣਿਆਂ ਦੀ ਮੌਤ ਹੋ ਗਈ, ਜਦਕਿ ਇਕ ਵਿਅਕਤੀ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ।
ਜਾਣਕਾਰੀ ਅਨੁਸਾਰ ਬਠਿੰਡਾ ਦੇ ਰਹਿਣ ਵਾਲੇ ਹਰਪ੍ਰੀਤ ਸਿੰਘ ਪੁੱਤਰ ਮਹਿੰਦਰ ਸਿੰਘ, ਸਤਪਾਲ ਸਿੰਘ ਪੁੱਤਰ ਲਛਮਣ ਸਿੰਘ ਅਤੇ ਜਲੰਧਰ ਸਿੰਘ ਪੁੱਤਰ ਜਸਕੌਰ ਸਿੰਘ ਇਹ ਸਾਰੇ ਹਰਪ੍ਰੀਤ ਸਿੰਘ, ਜਿਸ ਦਾ 22 ਨਵੰਬਰ ਨੂੰ ਵਿਆਹ ਸੀ, ਦੇ ਕਾਰਡ ਵੰਡਣ ਕਾਰ 'ਤੇ ਜਾ ਰਹੇ ਸੀ ਕਿ ਸਵੇਰੇ 11:15 ਵਜੇ ਦੇ ਕਰੀਬ ਜਦ ਨੈਸ਼ਨਲ ਹਾਈਵੇ 15 'ਤੇ ਬਣੇ ਪੁਲ ਕੋਲ ਪੁੱਜੇ ਤਾਂ ਉਨ੍ਹਾਂ ਦੀ ਕਾਰ ਅੱਗੇ ਜਾ ਰਹੀ ਮਿੱਟੀ ਨਾਲ ਭਰੀ ਟਰੈਕਟਰ ਟਰਾਲੀ ਨਾਲ ਟਕਰਾਅ ਗਈ, ਜਿਸ ਕਾਰਨ ਵਿਆਹ ਵਾਲੇ ਲੜਕੇ ਹਰਪ੍ਰੀਤ ਸਿੰਘ ਅਤੇ ਸਤਪਾਲ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਟਰੈਕਟਰ ਚਾਲਕ ਜਸਵਿੰਦਰ ਸਿੰਘ ਪੁੱਤਰ ਤਰਲੋਕ ਸਿੰਘ ਵਾਸੀ ਪਿੰਡ ਪਹਿਲੂਵਾਲਾ ਦੀ ਆਪਣੇ ਹੀ ਟਰੈਕਟਰ ਦੇ ਟਾਇਰ ਹੇਠਾਂ ਆਉਣ ਕਾਰਨ ਮੌਤ ਹੋ ਗਈ।
ਕਾਰ 'ਚ ਸਵਾਰ ਤੀਜਾ ਨੌਜਵਾਨ ਜਲੰਧਰ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ, ਫਰੀਦਕੋਟ ਪਹੁੰਚਾਇਆ ਗਿਆ, ਜਿੱਥੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਏ. ਐੱਸ. ਆਈ. ਜਸਵੀਰ ਸਿੰਘ ਨੇ ਦੱਸਿਆ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਪੋਸਟਮਾਰਟਮ ਲਈ ਉਕਤ ਹਸਪਤਾਲ ਭੇਜੀਆਂ ਗਈਆਂ ਹਨ ਅਤੇ ਪੋਸਟਮਾਰਟਮ ਉਪਰੰਤ ਵਾਰਿਸਾਂ ਦੇ ਹਵਾਲੇ ਕਰ ਦਿੱਤੀਆਂ ਜਾਣਗੀਆਂ।