ਕੋਟਕਪੂਰਾ ''ਚ ''ਆਨਰ ਕਿਲਿੰਗ: ਪ੍ਰੇਮ ਵਿਆਹ ਤੋਂ ਨਾਰਾਜ਼ ਪਰਿਵਾਰਕ ਮੈਂਬਰਾਂ ਵੱਲੋਂ ਧੀ ਦਾ ਕਤਲ, ਲਾਸ਼ ਖੇਤਾਂ ’ਚ ਸੁੱਟੀ

Tuesday, Jul 21, 2026 - 11:49 PM (IST)

ਕੋਟਕਪੂਰਾ ''ਚ ''ਆਨਰ ਕਿਲਿੰਗ: ਪ੍ਰੇਮ ਵਿਆਹ ਤੋਂ ਨਾਰਾਜ਼ ਪਰਿਵਾਰਕ ਮੈਂਬਰਾਂ ਵੱਲੋਂ ਧੀ ਦਾ ਕਤਲ, ਲਾਸ਼ ਖੇਤਾਂ ’ਚ ਸੁੱਟੀ

ਕੋਟਕਪੂਰਾ (ਨਰਿੰਦਰ) - ਪਿੰਡ ਬੁਰਜ ਹਰੀਕਾ ’ਚ ਆਪਣੇ ਹੀ ਪਿੰਡ ਦੇ ਨੌਜਵਾਨ ਨਾਲ ਪ੍ਰੇਮ ਵਿਆਹ ਕਰਵਾਉਣ ਵਾਲੀ ਲੜਕੀ ਮਹਿਕਪ੍ਰੀਤ ਕੌਰ (20) ਦਾ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਕਥਿਤ ਤੌਰ ’ਤੇ ਕਤਲ ਕਰ ਕੇ ਲਾਸ਼ ਖੇਤਾਂ ’ਚ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਲਾਸ਼ ਕੋਟਕਪੂਰਾ ਨੇੜੇ ਅੰਮ੍ਰਿਤਸਰ-ਬਠਿੰਡਾ ਨੈਸ਼ਨਲ ਹਾਈਵੇ ਦੇ ਕਿਨਾਰੇ ਖੇਤਾਂ ’ਚੋਂ ਬਰਾਮਦ ਹੋਈ।

ਸੂਚਨਾ ਮਿਲਣ ’ਤੇ ਡੀ. ਐੱਸ. ਪੀ. ਕੋਟਕਪੂਰਾ ਸੰਜੀਵ ਕੁਮਾਰ, ਡੀ. ਐੱਸ. ਪੀ. (ਡੀ) ਫਰੀਦਕੋਟ ਅਵਤਾਰ ਸਿੰਘ ਰਾਜਪਾਲ, ਥਾਣਾ ਸਿਟੀ ਕੋਟਕਪੂਰਾ ਦੇ ਐੱਸ. ਐੱਚ. ਓ. ਸੁਖਵਿੰਦਰ ਸਿੰਘ, ਸੀ. ਆਈ. ਏ. ਸਟਾਫ ਅਤੇ ਫੋਰੈਂਸਿਕ ਟੀਮ ਨੇ ਮੌਕੇ ’ਤੇ ਪਹੁੰਚ ਕੇ ਸਬੂਤ ਇਕੱਠੇ ਕਰਦਿਆਂ ਜਾਂਚ ਸ਼ੁਰੂ ਕਰ ਦਿੱਤੀ।

ਜਾਣਕਾਰੀ ਅਨੁਸਾਰ ਮਹਿਕਪ੍ਰੀਤ ਕੌਰ ਨੇ 4 ਮਈ 2026 ਨੂੰ ਆਪਣੇ ਪਿੰਡ ਦੇ ਜਗਦੀਪ ਸਿੰਘ ਨਾਲ ਪ੍ਰੇਮ ਵਿਆਹ ਕੀਤਾ ਸੀ ਅਤੇ ਦੋਵੇਂ ਬਠਿੰਡਾ ਦੇ ਪਿੰਡ ਭਗਤਾ ਭਾਈ ਕਾ ’ਚ ਰਹਿ ਰਹੇ ਸਨ। ਬੀਤੀ ਸ਼ਾਮ ਜਦੋਂ ਦੋਵੇਂ ਮੋਟਰਸਾਈਕਲ ’ਤੇ ਕੋਟਕਪੂਰਾ ਆ ਰਹੇ ਸਨ, ਤਾਂ ਨੈਸ਼ਨਲ ਹਾਈਵੇ ਨੇੜੇ ਮਹਿਕਪ੍ਰੀਤ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਨੂੰ ਘੇਰ ਲਿਆ। ਜਗਦੀਪ ਮੌਕੇ ਤੋਂ ਭੱਜਣ ’ਚ ਕਾਮਯਾਬ ਹੋ ਗਿਆ, ਜਦੋਂਕਿ ਮਹਿਕਪ੍ਰੀਤ ਨੂੰ ਕਾਬੂ ਕਰ ਕੇ ਉਸ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ।

ਡੀ. ਐੱਸ. ਪੀ. ਅਵਤਾਰ ਸਿੰਘ ਰਾਜਪਾਲ ਅਤੇ ਡੀ. ਐੱਸ. ਪੀ. ਸੰਜੀਵ ਕੁਮਾਰ ਨੇ ਦੱਸਿਆ ਕਿ ਲੜਕੀ ਦੇ ਪਰਿਵਾਰਕ ਮੈਂਬਰ ਪ੍ਰੇਮ ਵਿਆਹ ਤੋਂ ਨਾਰਾਜ਼ ਸਨ ਅਤੇ ਇਸੇ ਰੰਜਿਸ਼ ਕਾਰਨ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ।
 


author

Inder Prajapati

Content Editor

Related News