ਰਾਜ ਕੁਮਾਰ ਚੱਬੇਵਾਲ ਦੇ ਭਾਜਪਾ ''ਚ ਜਾਣ ਦੀਆਂ ਚਰਚਾਵਾਂ ਦਾ ਜਾਣੋ ਪੂਰਾ ਸੱਚ (ਵੀਡੀਓ)
Thursday, Mar 28, 2024 - 04:12 AM (IST)
ਜਲੰਧਰ (ਰਮਨਦੀਪ ਸੋਢੀ)- ਜਿਉਂ-ਜਿਉਂ ਲੋਕ ਸਭਾ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ, ਰਾਜਨੀਤਿਕ ਆਗੂਆਂ ਦਾ ਦਲ ਬਦਲਣ ਦਾ ਸਿਲਸਿਲਾ ਵੀ ਤੇਜ਼ ਹੁੰਦਾ ਜਾ ਰਿਹਾ ਹੈ। ਬੀਤੇ ਕੁਝ ਕੁ ਦਿਨਾਂ 'ਚ ਹੀ ਕਈ ਵੱਡੇ ਲੀਡਰ ਆਪਣੀਆਂ ਪਾਰਟੀਆਂ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਹਨ। ਬੀਤੇ ਦਿਨ ਕਾਂਗਰਸ ਦੇ ਸੀਨੀਅਰ ਆਗੂ ਰਵਨੀਤ ਸਿੰਘ ਬਿੱਟੂ ਕਾਂਗਰਸ ਦਾ ਹੱਥ ਛੱਡ ਭਾਜਪਾ 'ਚ ਸ਼ਾਮਲ ਹੋ ਗਏ ਸਨ, ਜਦਕਿ ਉਨ੍ਹਾਂ ਤੋਂ ਬਾਅਦ ਜਲੰਧਰ ਤੋਂ ਸੰਸਦ ਮੈਂਬਰ ਸੁਸ਼ੀਲ ਰਿੰਕੂ ਅਤੇ ਵਿਧਾਇਕ ਸ਼ੀਤਲ ਅੰਗੁਰਾਲ ਨੇ ਵੀ 'ਆਪ' ਛੱਡ ਕੇ ਭਾਜਪਾ ਦਾ ਲੜ ਫੜ ਲਿਆ ਹੈ।
ਇਸ ਦਲ-ਬਦਲ ਦੇ ਦੌਰ 'ਚ ਹੋਰ ਵੀ ਕਈ ਆਗੂ ਪਾਰਟੀ ਛੱਡ ਕੇ ਕਿਸੇ ਹੋਰ ਪਾਰਟੀ 'ਚ ਸ਼ਾਮਲ ਹੋਣ ਦੀਆਂ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਹਨ, ਜਿਨ੍ਹਾਂ 'ਚੋਂ ਰਾਜ ਕੁਮਾਰ ਚੱਬਵਾਲ ਦਾ ਵੀ ਨਾਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਰਾਜ ਕੁਮਾਰ ਚੱਬੇਵਾਲ ਕੁਝ ਦਿਨ ਪਹਿਲਾਂ ਹੀ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ ਸਨ ਤੇ ਪਾਰਟੀ ਵੱਲੋਂ ਉਨ੍ਹਾਂ ਨੂੰ ਹੁਸ਼ਿਆਰਪੁਰ ਤੋਂ ਉਮੀਦਵਾਰ ਐਲਾਨੇ ਜਾਣ ਦੀਆਂ ਚਰਚਾਵਾਂ ਵੀ ਜ਼ੋਰਾਂ-ਸ਼ੋਰਾਂ 'ਤੇ ਚੱਲ ਰਹੀਆਂ ਹਨ। ਲੋਕਾਂ ਵੱਲੋਂ ਉਨ੍ਹਾਂ ਦੇ 'ਆਪ' ਛੱਡ ਕੇ ਭਾਜਪਾ 'ਚ ਸ਼ਾਮਲ ਹੋਣ ਦੇ ਅੰਦਾਜ਼ੇ ਲਗਾਏ ਜਾਣੇ ਵੀ ਸ਼ੁਰੂ ਹੋ ਗਏ ਹਨ।
ਇਹ ਵੀ ਪੜ੍ਹੋ- 'ਆਪ' ਛੱਡ ਭਾਜਪਾ 'ਚ ਸ਼ਾਮਲ ਹੋਣ ਵਾਲੇ ਰਿੰਕੂ ਤੇ ਸ਼ੀਤਲ ਦੇ ਘਰ ਦੇ ਬਾਹਰ 'ਆਪ' ਆਗੂਆਂ ਨੇ ਕੀਤਾ ਪ੍ਰਦਰਸ਼ਨ
ਇਸ ਵਿਸ਼ੇ ਬਾਰੇ ਜਾਣਕਾਰੀ ਲੈਣ ਲਈ ਜਦੋਂ 'ਜਗ ਬਾਣੀ' ਦੇ ਪੱਤਰਕਾਰ ਰਮਨਦੀਪ ਸਿੰਘ ਸੋਢੀ ਨੇ ਰਾਜ ਕੁਮਾਰ ਚੱਬੇਵਾਲ ਨਾਲ ਫ਼ੋਨ 'ਤੇ ਗੱਲਬਾਤ ਕੀਤੀ ਤਾਂ ਉਨ੍ਹਾਂ ਇਸ ਵਿਸ਼ੇ 'ਤੇ ਚੁੱਪੀ ਤੋੜੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ 'ਆਪ' ਨੂੰ ਛੱਡਣ ਦੀਆਂ ਸਭ ਗੱਲਾਂ ਬਸ ਅਫਵਾਹਾਂ ਹਨ। ਉਨ੍ਹਾਂ ਅੱਗੇ ਕਿਹਾ ਕਿ ਉਹ ਜਲੰਧਰ 'ਚ ਸੁਸ਼ੀਲ ਰਿੰਕੂ ਅਤੇ ਸ਼ੀਤਲ ਅੰਗੁਰਾਲ ਦੇ 'ਆਪ' ਛੱਡ ਕੇ ਭਾਜਪਾ 'ਚ ਸ਼ਾਮਲ ਹੋਣ ਖ਼ਿਲਾਫ਼ ਕੀਤੇ ਗਏ ਵਿਰੋਧ ਪ੍ਰਦਰਸ਼ਨ 'ਚ ਵੀ ਸ਼ਾਮਲ ਹੋਣ ਆਏ ਸਨ।
ਉਨ੍ਹਾਂ ਕਿਹਾ ਕਿ ਜੇਕਰ ਉਹ ਭਾਜਪਾ 'ਚ ਸ਼ਾਮਲ ਹੋਣ ਬਾਰੇ ਸੋਚ ਰਹੇ ਹੁੰਦੇ ਤਾਂ ਉਹ ਕਦੀ ਉਨ੍ਹਾਂ ਖ਼ਿਲਾਫ਼ ਵਿਰੋਧ ਪ੍ਰਦਰਸ਼ਨ 'ਚ ਸ਼ਾਮਲ ਨਾ ਹੁੰਦੇ। ਉਨ੍ਹਾਂ ਅੱਗੇ ਕਿਹਾ ਕਿ ਉਹ ਹੁਣ 'ਆਪ' ਨੂੰ ਨਹੀਂ ਛੱਡਣਗੇ, ਉਨ੍ਹਾਂ ਕਿਹਾ, ''ਮੈਂ 'ਆਪ' 'ਚ ਹਾਂ ਤੇ 'ਆਪ' 'ਚ ਹੀ ਰਹਾਂਗਾ।''
ਇਹ ਵੀ ਪੜ੍ਹੋ- ਰਵਨੀਤ ਬਿੱਟੂ ਦੇ ਭਾਜਪਾ 'ਚ ਸ਼ਾਮਲ ਹੋਣ ਦੀ ਖ਼ਬਰ ਸੁਣ ਹੈਰਾਨ ਰਹਿ ਗਏ ਕਾਂਗਰਸੀ, ਚੰਡੀਗੜ੍ਹ ਤੋਂ ਲੜ ਸਕਦੇ ਨੇ ਚੋਣ
ਆਗੂਆਂ ਵੱਲੋਂ ਇਸ ਤਰ੍ਹਾਂ ਦਲ-ਬਦਲ ਦੇ ਦੌਰ 'ਚ ਲੋਕਾਂ ਵੱਲੋਂ ਅਜਿਹੀਆਂ ਚਰਚਾਵਾਂ ਦਾ ਸ਼ੁਰੂ ਹੋਣਾ ਕੋਈ ਵੱਡੀ ਗੱਲ ਨਹੀਂ ਹੈ। ਰਾਜਨੀਤਿਕ ਆਗੂ ਆਪਣੀਆਂ ਹੀ ਗੱਲੋਂ ਤੋਂ ਕਦੋਂ ਫਿਰ ਜਾਣ, ਕੁਝ ਪਤਾ ਨਹੀਂ ਚੱਲਦਾ। ਪਹਿਲਾਂ ਉਹ ਕਿਸੇ ਪਾਰਟੀ ਦੇ ਖ਼ਿਲਾਫ਼ ਲਗਾਤਾਰ ਪ੍ਰਚਾਰ ਕਰਦੇ ਹਨ ਤੇ ਆਪਣੀ ਪਾਰਟੀ ਨੂੰ ਉਸ ਪਾਰਟੀ ਤੋਂ ਵਧੀਆ ਦੱਸਦੇ ਹਨ ਤੇ ਫਿਰ ਅਚਾਨਕ ਹੀ ਆਪਣੀ ਪਾਰਟੀ ਛੱਡ ਉਸੇ ਵਿਰੋਧੀ ਪਾਰਟੀ 'ਚ ਸ਼ਾਮਲ ਹੋ ਜਾਂਦੇ ਹਨ। ਅਜਿਹੇ 'ਚ ਲੋਕਾਂ ਦਾ ਆਗੂਆਂ ਦੀਆਂ ਗੱਲਾਂ ਤੋਂ ਯਕੀਨ ਉੱਠਣਾ ਤਾਂ ਸੁਭਾਵਿਕ ਜਿਹੀ ਗੱਲ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e