ਕਿਸਾਨ ਸੰਘਰਸ਼ ਕਮੇਟੀ ਨੇ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ

Thursday, Jun 15, 2017 - 02:33 AM (IST)

ਕਿਸਾਨ ਸੰਘਰਸ਼ ਕਮੇਟੀ ਨੇ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ

ਗੁਰਦਾਸਪੁਰ, ਦੋਰਾਂਗਲਾ,   (ਵਿਨੋਦ, ਦੀਪਕ, ਨੰਦਾ)-  ਅੱਜ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੀ ਗੁਰਦਾਸਪੁਰ ਇਕਾਈ ਵੱਲੋਂ ਪਿੰਡ ਥੰਮਣ ਦੇ ਗੁਰਦੁਆਰਾ ਸਾਹਿਬ ਵਿਖੇ ਇਕ ਮੀਟਿੰਗ ਰਣਬੀਰ ਸਿੰਘ ਡੁੱਗਰੀ ਦੀ ਪ੍ਰਧਾਨਗੀ ਹੇਠ ਕੀਤੀ ਗਈ, ਜਿਸ 'ਚ ਕਿਸਾਨ ਮੁੱਦਿਆਂ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਉਪਰੰਤ ਕਿਸਾਨਾਂ ਨੇ ਗੁਰਦੁਆਰਾ ਸਾਹਿਬ ਤੋਂ ਮਾਰਚ ਕਰ ਕੇ ਦੋਰਾਂਗਲਾ ਚੌਕ ਵਿਚ ਕੇਂਦਰ ਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ।  
ਕਿਸਾਨ ਆਗੂ ਬਖਸ਼ੀਸ਼ ਸਿੰਘ ਸੁਲਤਾਨੀ ਨੇ ਦੱਸਿਆ ਕਿ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਚੋਣਾਂ ਵੇਲੇ ਜੋ ਵਾਅਦੇ ਕੀਤੇ ਗਏ, ਉਨ੍ਹਾਂ ਵਾਅਦਿਆਂ ਤੋਂ ਪਾਸਾ ਵੱਟਿਆ ਜਾ ਰਿਹਾ ਹੈ। ਅੱਜ ਹਾਲਾਤ ਇਹ ਬਣੇ ਹੋਏ ਹਨ ਕਿ ਹਰ ਰੋਜ਼ ਔਸਤਨ ਤਿੰਨ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ। ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਇਹ ਬਿਆਨ ਦੇ ਰਿਹਾ ਹੈ ਕਿ ਰਾਜ ਆਪਣੇ ਸਾਧਨਾਂ 'ਤੇ ਕਰਜ਼ਾ ਮੁਆਫੀ ਕਰਨ, ਕੇਂਦਰ ਕੋਈ ਮਦਦ ਨਹੀਂ ਕਰੇਗਾ ਪਰ ਦੂਜੇ ਪਾਸੇ ਮੋਦੀ ਸਰਕਾਰ ਨੇ ਕਾਰਪੋਰੇਟ ਘਰਾਣਿਆਂ ਨੂੰ 2014 ਤੋਂ ਲੈ ਕੇ 2016 ਤੱਕ 17 ਲੱਖ 50 ਹਜ਼ਾਰ ਕਰੋੜ ਦੀ ਟੈਕਸ ਛੋਟ ਦਿੱਤੀ ਹੈ। ਉਸ ਵੇਲੇ ਜੇਤਲੀ ਨੂੰ ਕੋਈ ਤਕਲੀਫ ਨਹੀਂ ਹੋਈ।
ਜ਼ਿਲਾ ਪ੍ਰਧਾਨ ਰਣਬੀਰ ਸਿੰਘ ਡੁੱਗਰੀ ਨੇ ਦੱਸਿਆ ਕਿ ਮੱਧ ਪ੍ਰਦੇਸ਼ 'ਚ ਆਪਣੀਆਂ ਹੱਕੀ ਮੰਗਾਂ ਨੂੰ ਮੰਨਵਾਉਣ ਸਬੰਧੀ ਸ਼ਾਂਤਮਈ ਸੰਘਰਸ਼ ਕਰ ਰਹੇ ਕਿਸਾਨਾਂ ਉਪਰ ਪੁਲਸ ਵੱਲੋਂ ਚਲਾਈਆਂ ਗੋਲੀਆਂ ਨਾਲ ਸੱਤ ਕਿਸਾਨ ਸ਼ਹੀਦ ਕਰ ਦਿੱਤੇ ਹਨ, ਨਾਲ ਹੀ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਉਹ ਹੁੱਲੜਬਾਜ਼ ਸਨ। 
ਆਗੂਆਂ ਨੇ ਮੰਗ ਕੀਤੀ ਕਿ ਡਾ. ਸਵਾਮੀਨਾਥਨ ਦੀ ਰਿਪੋਰਟ ਲਾਗੂ ਕੀਤੀ ਜਾਵੇ। ਕਿਸਾਨਾਂ ਦਾ ਸਮੁੱਚਾ ਕਰਜ਼ਾ ਮੁਆਫ ਕੀਤਾ ਜਾਵੇ, ਖੇਤੀ ਮੰਡੀ ਪ੍ਰਾਈਵੇਟ ਕਰਨ ਦੀ ਨੀਤੀ ਰੱਦ ਕਰ ਕੇ ਸਰਕਾਰੀ ਖਰੀਦ ਜਾਰੀ ਰੱਖੀ ਜਾਵੇ। ਝੋਨੇ ਦੀ ਲਵਾਈ ਮੌਕੇ 16 ਘੰਟੇ ਬਿਜਲੀ ਦਿੱਤੀ ਜਾਵੇ। 
ਇਸ ਸਮੇਂ ਮਹਿੰਦਰ ਸਿੰਘ ਥੰਮਣ, ਦਲਬੀਰ ਸਿੰਘ, ਅਨੋਖ ਸਿੰਘ, ਹਰਪਾਲ ਸਿੰਘ, ਬਾਬਾ ਕਰਨੈਲ ਸਿੰਘ ਆਦਿ ਹਾਜ਼ਰ ਸਨ।


Related News