'ਭਗਵੰਤ ਮਾਨ ਤੇ ਕੇਜਰੀਵਾਲ ਦਾ ਰੰਗਲਾ ਪੰਜਾਬ ਇਹੀ ਹੈ?', ਮਜੀਠੀਆ ਨੇ ਘੇਰੀ ਪੰਜਾਬ ਸਰਕਾਰ
Thursday, Mar 26, 2026 - 04:56 PM (IST)
ਚੰਡੀਗੜ੍ਹ : ਪੰਜਾਬ 'ਚ ਅਮਨ-ਕਾਨੂੰਨ ਦੀ ਵਿਗੜ ਰਹੀ ਸਥਿਤੀ ਨੂੰ ਲੈ ਕੇ ਸਾਬਕਾ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਭਗਵੰਤ ਮਾਨ ਸਰਕਾਰ 'ਤੇ ਤਿੱਖੇ ਨਿਸ਼ਾਨੇ ਸਾਧੇ ਹਨ। ਉਨ੍ਹਾਂ ਨੇ ਸੋਸ਼ਲ ਮੀਡੀਆ ਰਾਹੀਂ ਸੂਬੇ ਦੀ ਮੌਜੂਦਾ ਹਾਲਤ ਨੂੰ 'ਜੰਗਲ ਰਾਜ' ਅਤੇ 'ਪੁਲਸ ਸਟੇਟ' ਕਰਾਰ ਦਿੱਤਾ ਹੈ। ਮਜੀਠੀਆ ਅਨੁਸਾਰ ਪਿੰਡ ਰਾਵਲ ਦੇ ਇਕ ਨੌਜਵਾਨ 'ਤੇ ਉਸ ਦੀ ਦੁਕਾਨ 'ਤੇ ਹੀ ਦਾਤਰ ਅਤੇ ਤਲਵਾਰਾਂ ਨਾਲ ਬੇਰਹਿਮੀ ਨਾਲ ਹਮਲਾ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਨੌਜਵਾਨ ਦਾ ਕਸੂਰ ਸਿਰਫ਼ ਇੰਨਾ ਸੀ ਕਿ ਉਹ ਭਗਵੰਤ ਮਾਨ ਸਰਕਾਰ ਖ਼ਿਲਾਫ਼ ਆਵਾਜ਼ ਉਠਾ ਰਿਹਾ ਸੀ। ਉਨ੍ਹਾਂ ਨੇ ਸਿੱਧੇ ਤੌਰ 'ਤੇ ਇਲਜ਼ਾਮ ਲਾਇਆ ਹੈ ਕਿ ਇਹ ਹਮਲਾ ਆਮ ਆਦਮੀ ਪਾਰਟੀ ਦੇ ਵਿਧਾਇਕ ਅੰਮ੍ਰਿਤਪਾਲ ਸੁਖਾਨੰਦ ਨਾਲ ਜੁੜੇ ਗੈਂਗਸਟਰਾਂ ਵਲੋਂ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਹੁਣ ਪੈਟਰੋਲ ਪੰਪਾਂ ਤੇ ਮਾਲ 'ਚ ਵੀ ਮਿਲੇਗੀ ਸ਼ਰਾਬ! ਲਾਗੂ ਹੋਈ ਚੰਡੀਗੜ੍ਹ 'ਚ ਨਵੀਂ ਆਬਕਾਰੀ ਨੀਤੀ
ਮਜੀਠੀਆ ਨੇ ਦਾਅਵਾ ਕੀਤਾ ਕਿ ਅੰਮ੍ਰਿਤਪਾਲ ਸੁਖਾਨੰਦ ਦੀ ਸ਼ਮੂਲੀਅਤ ਵਾਲੀ ਇਹ ਇਸ ਤਰ੍ਹਾਂ ਦੀ ਤੀਜੀ ਘਟਨਾ ਹੈ। ਸਰਕਾਰ ਦੀ ਆਲੋਚਨਾ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ 'ਚ ਹੁਣ ਕੋਈ ਵੀ ਸੁਰੱਖਿਅਤ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਜੇਕਰ ਕੋਈ ਸਰਕਾਰ ਦੇ ਖ਼ਿਲਾਫ਼ ਬੋਲਦਾ ਹੈ ਤਾਂ ਵਿਧਾਇਕਾਂ ਵਲੋਂ ਉਸ ਦਾ ਕੁਟਾਪਾ ਚਾੜ੍ਹਿਆ ਜਾਂਦਾ ਹੈ। ਮਜੀਠੀਆ ਨੇ ਸਵਾਲ ਚੁੱਕਿਆ ਕਿ ਕੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦਾ 'ਰੰਗਲਾ ਪੰਜਾਬ' ਇਹੀ ਹੈ, ਜਿੱਥੇ ਹਰ ਪਾਸੇ ਲੁੱਟ-ਖਸੁੱਟ ਅਤੇ ਦਹਿਸ਼ਤ ਦਾ ਮਾਹੌਲ ਬਣ ਚੁੱਕਾ ਹੈ? ਉਨ੍ਹਾਂ ਅੱਗੇ ਕਿਹਾ ਕਿ ਸੂਬੇ 'ਚ ਬੋਲਣ ਦੀ ਆਜ਼ਾਦੀ ਖ਼ਤਰੇ 'ਚ ਹੈ, ਜੋ ਕਿ ਦੇਸ਼ ਦੇ ਸੰਵਿਧਾਨ ਨੂੰ ਸਿੱਧੀ ਚੁਣੌਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਭਗਵੰਤ ਮਾਨ ਅਤੇ ਕੇਜਰੀਵਾਲ ਨੇ ਪੁਲਸ ਨੂੰ ਅਥਾਹ ਸ਼ਕਤੀਆਂ ਦੇ ਕੇ ਪੰਜਾਬ ਨੂੰ ਇਕ ਅਜਿਹੇ ਰਾਜ 'ਚ ਬਦਲ ਦਿੱਤਾ ਹੈ, ਜਿੱਥੇ ਲੋਕਤੰਤਰ ਦਾ ਘਾਣ ਹੋ ਰਿਹਾ ਹੈ।

ਇਹ ਵੀ ਪੜ੍ਹੋ : ਚੰਡੀਗੜ੍ਹ ਦੀ ਸੁਖ਼ਨਾ ਝੀਲ ਬੰਦ! ਸੈਰ ਕਰਨ 'ਤੇ ਵੀ ਰੋਕ, ਸਿਰਫ ਇਨ੍ਹਾਂ ਲੋਕਾਂ ਨੂੰ ਮਿਲੇਗੀ Entry
ਰਵਿੰਦਰ ਡਾਵਰ ਦੇ 50 ਲੱਖ ਵਾਲੇ ਇਲਜ਼ਾਮਾਂ 'ਤੇ ਵੀ ਕੱਸੇ ਤੰਜ
ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਆਗੂ ਰਵਿੰਦਰ ਡਾਵਰ ਵੱਲੋਂ ਆਪਣੀ ਹੀ ਸਰਕਾਰ 'ਤੇ ਭ੍ਰਿਸ਼ਟਾਚਾਰ ਦੇ ਲਾਏ ਗੰਭੀਰ ਇਲਜ਼ਾਮਾਂ ਨੂੰ ਲੈ ਕੇ ਵੀ ਮਜੀਠੀਆ ਨੇ ਪੰਜਾਬ ਸਰਕਾਰ 'ਤੇ ਤੰਜ ਕੱਸੇ ਹਨ। ਮਜੀਠੀਆ ਵਲੋਂ ਸੋਸ਼ਲ ਮੀਡੀਆ 'ਤੇ ਸਾਂਝੇ ਕੀਤੇ ਗਏ ਵੇਰਵਿਆਂ ਅਨੁਸਾਰ ਰਵਿੰਦਰ ਡਾਵਰ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ ਇੱਕ ਚੇਅਰਮੈਨ ਦਾ ਅਹੁਦਾ ਦੇਣ ਦਾ ਵਾਅਦਾ ਕੀਤਾ ਗਿਆ ਸੀ, ਜਿਸ ਦੇ ਬਦਲੇ ਉਸ ਕੋਲੋਂ 50 ਲੱਖ ਰੁਪਏ ਲਏ ਗਏ ਸਨ। ਇਸ ਮਾਮਲੇ ਨੂੰ ਲੈ ਕੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਟਵੀਟ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ 'ਤੇ ਤਿੱਖੇ ਨਿਸ਼ਾਨੇ ਸਾਧੇ ਹਨ। ਮਜੀਠੀਆ ਨੇ ਪੀੜਤ ਵਰਕਰ ਦਾ ਵੀਡੀਓ ਬਿਆਨ ਸਾਂਝਾ ਕਰਦਿਆਂ ਸਵਾਲ ਕੀਤਾ ਕਿ ਕੀ ਇਹੋ ਆਮ ਆਦਮੀ ਪਾਰਟੀ ਦਾ ਭ੍ਰਿਸ਼ਟਾਚਾਰ ਵਿਰੁੱਧ 'ਜ਼ੀਰੋ ਟਾਲਰੈਂਸ ਮਾਡਲ' ਹੈ?। ਵੀਡੀਓ 'ਚ ਪੀੜਤ ਖ਼ੁਦ ਆਪਣੇ ਨਾਲ ਹੋਈ ਇਸ ਕਥਿਤ ਧੋਖਾਧੜੀ ਦੀ ਦਾਸਤਾਨ ਸੁਣਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ 'ਚ ਪੂਰੀ ਤਰ੍ਹਾਂ ਜੰਗਲ ਰਾਜ ਕਾਇਮ ਹੋ ਚੁੱਕਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
