ਖੇਤੀ ਬਿੱਲਾਂ ਵਿਰੁੱਧ ਹਿਮਾਂਸ਼ੀ ਖੁਰਾਣਾ ਨੇ ਵੀ ਬੁਲੰਦ ਕੀਤੀ ਆਵਾਜ਼, ਸ਼ਰੇਆਮ ਆਖੀਆਂ ਇਹ ਗੱਲਾਂ
Saturday, Sep 26, 2020 - 03:56 PM (IST)
ਜਲੰਧਰ (ਬਿਊਰੋ) — ਕੇਂਦਰ ਸਰਕਾਰ ਵਲੋਂ ਖੇਤੀ ਬਿੱਲਾਂ ਨੂੰ ਲੈ ਕੇ ਸ਼ੁੱਕਰਵਾਰ ਨੂੰ ਦੇਸ਼ ਭਰ ਦੇ ਕਈ ਹਿੱਸਿਆ 'ਚ ਭਾਰੀ ਵਿਰੋਧ ਕੀਤਾ ਗਿਆ। ਪੰਜਾਬ 'ਚ ਕਿਸਾਨ ਵੱਡੇ ਪੱਧਰ 'ਤੇ ਸੜਕਾਂ 'ਤੇ ਨਿਕਲੇ ਅਤੇ ਵਿਰੋਧ ਪ੍ਰਦਰਸ਼ਨ ਕੀਤਾ। ਇਸ ਵਿਰੋਧ ਪ੍ਰਦਰਸ਼ਨ 'ਚ ਸ਼ੁੱਕਰਵਾਰ ਨੂੰ 'ਬਿੱਗ ਬੌਸ 13' ਫੇਮ ਤੇ ਪੰਜਾਬੀ ਗਾਇਕਾ, ਮਾਡਲ ਅਤੇ ਅਦਾਕਾਰਾ ਹਿਮਾਂਸ਼ੀ ਖੁਰਾਣਾ ਵੀ ਸ਼ਾਮਲ ਹੋਈ। ਉਨ੍ਹਾਂ ਨੇ ਕਿਸਾਨਾਂ ਦੇ ਪ੍ਰਦਰਸ਼ਨ 'ਚ ਹਿੱਸਾ ਲਿਆ ਅਤੇ ਆਪਣੀ ਆਵਾਜ਼ ਬੁਲੰਦ ਕੀਤੀ।
ਦੱਸ ਦਈਏ ਕਿ ਸ਼ੁੱਕਰਵਾਰ ਨੂੰ ਦੇਸ਼ ਭਰ 'ਚ ਕਿਸਾਨਾਂ ਨੇ ਵਿਰੋਧ ਕੀਤਾ। ਕਈ ਹਿੱਸਿਆਂ 'ਚ ਭਾਰਤ ਬੰਦ ਸੀ। ਕਿਸਾਨਾਂ ਦੇ ਅੰਦੋਲਨ ਦਾ ਵੱਡਾ ਅਸਰ ਉੱਤਰ ਭਾਰਤ ਦੇ ਸੂਬਿਆਂ 'ਚ ਦੇਖਣ ਨੂੰ ਮਿਲਿਆ, ਖ਼ਾਸ ਕਰਕੇ ਪੰਜਾਬ 'ਚ ਸਭ ਤੋਂ ਜ਼ਿਆਦਾ। ਇਸ ਦੌਰਾਨ ਕਈ ਪੰਜਾਬੀ ਕਲਾਕਾਰਾਂ ਨੇ ਕਿਸਾਨਾਂ ਦਾ ਸਮਰਥਨ ਕੀਤਾ। ਪੰਜਾਬੀ ਗਾਇਕ ਦਿਲਜੀਤ ਦੋਸਾਂਝ ਵੀ ਕਿਸਾਨਾਂ ਦੇ ਸਮਰਥਨ 'ਚ ਅੱਗੇ ਆਏ। ਇਨ੍ਹਾਂ ਹੀ ਨਹੀਂ ਪੰਜਾਬ ਦੇ ਵੱਡੇ ਕਲਾਕਾਰ ਸਿੱਧੂ ਮੂਸੇ ਵਾਲਾ, ਕੋਰਾਲਾ ਮਾਨ, ਆਰ. ਨੇਤ, ਅੰਮ੍ਰਿਤ ਮਾਨ, ਹਰਭਜਨ ਮਾਨ, ਰਣਜੀਤ ਬਾਵਾ, ਕੁਲਵਿੰਦਰ ਬਿੱਲਾ ਤੇ ਤਰਸੇਮ ਜੱਸੜ ਵਰਗੇ ਕਈ ਕਲਾਕਾਰਾਂ ਨੇ ਧਰਨੇ ਲਾਏ ਅਤੇ ਸਰਕਾਰ ਦੇ ਬਿੱਲ ਦਾ ਵਿਰੋਧ ਕੀਤਾ।
ਧਰਨੇ 'ਚ ਇਹ ਕੁਝ ਬੋਲੀ ਹਿਮਾਂਸ਼ੀ
ਹਿਮਾਂਸ਼ੀ ਖੁਰਾਣਾ ਨੇ ਕਿਹਾ ਜਿਹੜੇ ਕਿਸਾਨ ਸਾਲ ਭਰ ਮਿਹਨਤ ਕਰਦੇ ਹਨ, ਸਰਕਾਰ ਉਨ੍ਹਾਂ ਨਾਲ ਨਹੀਂ ਨਜ਼ਰ ਆ ਰਹੀ ਹੈ। ਕਿਸਾਨ ਨੂੰ ਐੱਮ. ਐੱਸ. ਪੀ. ਵੀ ਨਹੀਂ ਮਿਲ ਰਹੀ, ਮੰਡੀਆਂ ਹਟਾਈਆਂ ਜਾ ਰਹੀਆਂ ਹਨ ਅਤੇ ਕਮੇਟੀਆਂ ਵੀ। ਕਿਸਾਨਾਂ ਨੂੰ ਸਾਲ ਭਰ 'ਚ ਐੱਮ. ਐੱਸ. ਪੀ. ਤੋਂ ਹੀ ਉਮੀਦ ਰਹਿੰਦੀ ਹੈ।
ਹਿਮਾਂਸ਼ੀ ਦਾ ਪ੍ਰੇਮੀ ਆਸਿਮ ਰਿਆਜ਼ ਨੇ ਕੀਤਾ ਸਮਰਥਨ
ਹਿਮਾਂਸ਼ੀ ਖੁਰਾਣਾ ਦੇ ਇਸ ਕਦਮ ਦਾ ਉਨ੍ਹਾਂ ਦੇ ਪ੍ਰੇਮੀ ਆਸਿਮ ਰਿਆਜ਼ ਦਾ ਸਮਰਥਨ ਵੀ ਮਿਲਿਆ। ਆਸਿਮ ਰਿਆਜ਼ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਟੋਰੀਆਂ ਸਾਂਝੀਆਂ ਕਰਦੇ ਹੋਏ ਵੈੱਲਡਨ ਹਿਮਾਂਸ਼ੀ ਲਿਖਿਆ ਸੀ।
ਦੱਸਣਯੋਗ ਹੈ ਕਿ ਹਿਮਾਂਸ਼ੀ ਤੇ ਆਸਿਮ 'ਬਿੱਗ ਬੌਸ' ਦੇ ਦਿਨਾਂ ਤੋਂ ਨਾਲ ਹੀ ਹਨ। ਘਰ 'ਚ ਵੀ ਉਨ੍ਹਾਂ ਦੇ ਇਸ਼ਕ ਦੇ ਚਰਚੇ ਵੱਡੇ ਪੱਧਰ 'ਤੇ ਸਨ, ਘਰ ਤੋਂ ਬਾਹਰ ਨਿਕਲਣ ਤੋਂ ਬਾਅਦ ਵੀ ਉਹ ਨਾਲ ਹੀ ਹਨ। ਹਾਲ ਹੀ 'ਚ ਉਨ੍ਹਾਂ ਦਾ ਇਕ ਵੀਡੀਓ ਗੀਤ ਰਿਲੀਜ਼ ਹੋਇਆ ਸੀ, ਜਿਸ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵਲੋਂ ਕਾਫ਼ੀ ਪਸੰਦ ਕੀਤਾ ਸੀ।