ਮੱਕੀ ਦੀ ਬੰਪਰ ਫਸਲ ਹੋਣ ਕਾਰਨ ਕਿਸਾਨ ਖੁਸ਼

04/25/2018 4:35:35 AM

ਫੱਤੂਢੀਂਗਾ, (ਘੁੰਮਣ)- ਖੇਤੀ 'ਚ ਵਿਭਿੰਨਤਾ ਲਿਆਉਣ ਦੇ ਨਾਲ-ਨਾਲ ਵਿੱਤੀ ਮੁਨਾਫਾ ਕਮਾ ਰਹੇ ਸਫਲ ਕਿਸਾਨ ਮੱਕੀ ਦੀ ਹੋਈ ਬੰਪਰ ਫਸਲ ਕਾਰਨ ਮਾਲੋ-ਮਾਲ ਹੋਏ ਨਜ਼ਰ ਆ ਰਹੇ ਹਲ। ਆਲੂਆਂ ਦੀ ਫਸਲ ਸਾਂਭ ਲੈਣ ਤੋਂ ਬਾਅਦ ਕਿਸਾਨਾਂ ਵੱਲੋਂ ਮੱਕੀ ਦੀ ਖੇਤੀ ਕੀਤੀ ਜਾ ਰਹੀ ਹੈ। ਆਲੂਆਂ ਦੀ ਖੇਤੀ ਕਰਨ ਵਾਲੇ ਸਫਲ ਕਿਸਾਨਾਂ ਨੇ ਸਾਲ 'ਚ ਤਿੰਨ ਫਸਲਾਂ ਤਿਆਰ ਕਰ ਕੇ ਮੋਟੀ ਕਮਾਈ ਦਾ ਜ਼ਰੀਆ ਬਣਾਇਆ ਹੋਇਆ ਹੈ। ਮੱਕੀ ਦੀ ਕਟਾਈ ਕਰਨ ਤੋਂ ਬਾਅਦ ਇਨ੍ਹਾਂ ਖੇਤਾਂ 'ਚ ਝੋਨੇ ਦੀ ਸੱਠੀ ਕਿਸਮ ਦੀ ਖੇਤੀ ਕੀਤੀ ਜਾਣੀ ਹੈ। ਭਾਵੇਂ ਸੂਬਾ ਸਰਕਾਰ ਦਿਨੋ-ਦਿਨ ਪਾਣੀ ਦੇ ਡਿੱਗਦੇ ਜਾ ਰਹੇ ਮਿਆਰ ਨੂੰ ਉੱਚਾ ਚੁੱਕਣ ਲਈ ਕਿਸਾਨਾਂ ਨੂੰ ਖੇਤੀ 'ਚ ਵਿਭਿੰਨਤਾ ਲਿਆਉਣ ਲਈ ਉਪਰਾਲੇ ਕਰਨ ਲਈ ਆਖ ਰਹੀ ਹੈ ਪਰ ਸਫਲ ਕਿਸਾਨਾਂ ਦਾ ਤਾਂ ਝੋਨੇ ਤੇ ਕਣਕ ਦੀ ਖੇਤੀ ਤੋਂ ਮੋਹ ਭੰਗ ਹੋ ਚੁੱਕਾ ਹੈ ਤੇ ਉਹ ਸਾਲ 'ਚ ਤਿੰਨ ਫਸਲਾਂ ਦੀ ਖੇਤੀ ਕਰ ਕੇ ਚੰਗਾ ਮੁਨਾਫਾ ਕਮਾ ਰਹੇ ਹਨ।  ਕਿਸਾਨਾਂ ਦਾ ਕਹਿਣਾ ਹੈ ਕਿ ਮੱਕੀ ਖੇਤ 'ਚੋਂ ਪੈਂਤੀ ਤੋਂ ਚਾਲੀ ਕੁਇੰਟਲ ਤੱਕ ਨਿਕਲ ਜਾਂਦੀ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਨੂੰ ਮੰਡੀਕਰਨ ਦੀਆਂ ਆ ਰਹੀ ਸਮੱਸਿਆਵਾਂ ਦਾ ਹੱਲ ਕਰੇ ਤੇ ਮੱਕੀ ਦੇ ਖਰੀਦ ਪ੍ਰਬੰਧ ਸਰਕਾਰੀ ਤੌਰ 'ਤੇ ਮਾਰਕਫੈੱਡ ਦੇ ਹੱਥ ਦੇਵੇ ਤਾਂ ਮੱਕੀ ਦੀ ਕਾਸ਼ਤ ਹੋਰ ਵੀ ਵਧ ਸਕਦੀ ਹੈ। ਇਸ ਸਬੰਧੀ ਜਥੇ. ਕੁਲਦੀਪ ਸਿੰਘ, ਰੇਸ਼ਮ ਸਿੰਘ, ਯਾਦਵਿੰਦਰ ਸਿੰਘ, ਅਰਜਨ ਸਿੰਘ, ਬੇਅੰਤ ਸਿੰਘ, ਜਗਤਾਰ ਸਿੰਘ ਆਦਿ ਕਿਸਾਨ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਮੱਕੀ ਦੀ ਫਸਲ ਪਾਲਣ ਵਾਸਤੇ ਕਿਸਾਨਾਂ ਨੂੰ ਦਿਨ ਵੇਲੇ ਮੋਟਰ ਸਪਲਾਈ ਦੇਣੀ ਯਕੀਨੀ ਬਣਾਈ ਜਾਵੇ ਕਿਉਂਕਿ ਮੱਕੀ ਦੀ ਫਸਲ ਨੂੰ ਸਿੰਚਾਈ ਵਜੋਂ ਰਾਤ ਨੂੰ ਪਾਣੀ ਦੇਣਾ ਸੰਭਵ ਨਹੀਂ। ਮੋਟਰਾਂ ਦੀ ਲਾਈਟ ਦਿਨ ਵੇਲੇ ਦਿੱਤੀ ਨਹੀਂ ਜਾਂਦੀ, ਕਿਸਾਨ ਜਨਰੇਟਰਾਂ ਰਾਹੀਂ ਮਹਿੰਗੇ ਭਾਅ ਡੀਜ਼ਲ ਬਾਲ ਕੇ ਫਸਲ ਪਾਲ ਰਹੇ ਹਨ, ਜੋ ਅੱਤ ਦੀ ਮਹਿੰਗਾਈ 'ਚ ਸੰਭਵ ਨਹੀਂ ਹੈ। 


Related News