ਦਲ ਖਾਲਸਾ ਪੰਥ ਤੇ ਪੰਜਾਬ ਦੇ ਮੁੱਦਿਆਂ ''ਤੇ ਨਵਾਂ ਫਰੰਟ ਬਣਾਉਣ ਦੀ ਤਿਆਰੀ ''ਚ

Tuesday, Jul 23, 2019 - 03:37 PM (IST)

ਦਲ ਖਾਲਸਾ ਪੰਥ ਤੇ ਪੰਜਾਬ ਦੇ ਮੁੱਦਿਆਂ ''ਤੇ ਨਵਾਂ ਫਰੰਟ ਬਣਾਉਣ ਦੀ ਤਿਆਰੀ ''ਚ

ਚੰਡੀਗੜ੍ਹ (ਭੁੱਲਰ) : ਪੰਥ ਅਤੇ ਪੰਜਾਬ ਨੂੰ ਦਰਪੇਸ਼ ਚੁਣੌਤੀਆਂ ਅਤੇ ਭਖਦੇ ਮਸਲਿਆਂ' ਤੇ ਵਿਚਾਰ-ਵਟਾਂਦਰਾ ਕਰਨ ਅਤੇ ਇਨ੍ਹਾਂ ਨਾਲ ਨਜਿੱਠਣ ਲਈ ਸਾਂਝੀ ਰਣਨੀਤੀ ਤਿਆਰ ਕਰਨ ਲਈ ਸੰਘਰਸ਼ਸ਼ੀਲ ਜਥੇਬੰਦੀਆਂ ਦੀ ਇਕ ਇਕੱਤਰਤਾ ਚੰਡੀਗੜ੍ਹ ਦੇ ਕਿਸਾਨ ਭਵਨ ਵਿਖੇ 26 ਜੁਲਾਈ ਨੂੰ ਬੁਲਾਈ ਗਈ ਹੈ। ਦਲ ਖਾਲਸਾ ਵੱਲੋਂ ਇਕ ਨਵਾਂ ਫਰੰਟ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਮੀਟਿੰਗ ਸੱਦਣ ਦਾ ਫੈਸਲਾ ਸਾਂਝੇ ਤੌਰ 'ਤੇ ਦਲ ਖਾਲਸਾ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਯੂਨਾਈਟਿਡ ਅਕਾਲੀ ਦਲ ਵਲੋਂ ਕੀਤਾ ਗਿਆ ਹੈ। ਇਸ ਮੀਟਿੰਗ ਲਈ ਅਕਾਲੀ ਦਲ ਟਕਸਾਲੀ, ਬਸਪਾ, ਬਹੁਜਨ ਮੁਕਤੀ ਮੋਰਚਾ, ਡਾ. ਧਰਮਵੀਰ ਗਾਂਧੀ ਦੀ ਨਵਾਂ ਪੰਜਾਬ ਪਾਰਟੀ, ਅਕਾਲੀ ਦਲ ਦਿੱਲੀ, ਸਟੂਡੈਂਟਸ ਜਥੇਬੰਦੀਆਂ ਨੂੰ ਸੱਦਾ ਭੇਜਿਆ ਗਿਆ ਹੈ। ਇਸ ਤੋਂ ਇਲਾਵਾ ਜਥੇ. ਸੁਖਦੇਵ ਸਿੰਘ ਭੌਰ, ਕਰਨੈਲ ਸਿੰਘ ਪੰਜੋਲੀ, ਮਨਧੀਰ ਸਿੰਘ, ਨਾਰਾਇਣ ਸਿੰਘ, ਰਾਜਵਿੰਦਰ ਸਿੰਘ ਬੈਂਸ ਆਦਿ ਨੂੰ ਵੀ ਸੱਦਾ ਭੇਜਿਆ ਗਿਆ ਹੈ।

ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਕਿਹਾ ਕਿ ਮੀਟਿੰਗ ਵਿਚ ਸ੍ਰੀ ਗੁਰੂ ਨਾਨਕ ਸਾਹਿਬ ਦੇ 550 ਸਾਲਾ ਗੁਰਪੁਰਬ ਨੂੰ ਮਨਾਉਣ, ਸਤਲੁਜ-ਯਮੁਨਾ ਲਿੰਕ ਨਹਿਰ ਨੂੰ ਕਬਰ 'ਚੋਂ ਕੱਢ ਕੇ ਮੁੜ ਜੀਵਤ ਕਰਨ ਦੀਆਂ ਕੋਸ਼ਿਸ਼ਾਂ, ਬਰਗਾੜੀ ਬੇਅਦਬੀ ਕਾਂਡ ਨੂੰ ਸੁਲਝਾਉਣ ਦੀ ਥਾਂ ਸਰਕਾਰਾਂ ਦੇ ਉਲਝਾਉਣ ਦੇ ਮਨਸੂਬਿਆਂ, ਪੰਜਾਬ ਸਰਕਾਰ ਵਲੋਂ 4 ਉਮਰ ਕੈਦ ਪੁਲਸ ਕਰਮਚਾਰੀਆਂ ਨੂੰ ਮੁਆਫੀ ਦੇ ਕੇ ਸਮੇਂ ਤੋਂ ਪਹਿਲਾਂ ਰਿਹਾਅ ਕਰਨ ਅਤੇ ਸਿੱਖ ਨਜ਼ਰਬੰਦੀਆਂ ਦਾ ਲੰਮੇ ਸਮੇਂ ਤੋਂ ਲਮਕ ਰਿਹਾ ਰਿਹਾਈ ਦਾ ਮੁੱਦਾ ਵਿਚਾਰਿਆ ਜਾਵੇਗਾ ਅਤੇ ਇਨ੍ਹਾਂ ਨਾਲ ਨਜਿੱਠਣ ਲਈ ਸਾਂਝੀ ਰਣਨੀਤੀ ਤਿਆਰ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਬਰਗਾੜੀ ਕਾਂਡ ਵਿਚ ਸੀ. ਬੀ. ਆਈ. ਦੀ ਕਲੋਜ਼ਰ ਰਿਪੋਰਟ ਉਤੇ ਅਕਾਲੀ ਅਤੇ ਕਾਂਗਰਸ ਹਲਕੇ ਦਰਜੇ ਦੀ ਰਾਜਨੀਤੀ ਕਰ ਰਹੇ ਹਨ ਅਤੇ ਦੋਵੇਂ ਹੀ ਇਕ-ਦੂਜੇ ਨੂੰ ਕੋਸ ਕੇ ਆਪਣੇ-ਆਪ ਨੂੰ ਦੁੱਧ ਧੋਤਾ ਸਿੱਧ ਕਰਨ ਵਿਚ ਲੱਗੇ ਹਨ। ਉਨ੍ਹਾਂ ਕਿਹਾ ਕਿ ਪੰਥ ਨੂੰ ਸੀ. ਬੀ. ਆਈ. ਤੋਂ ਇਨਸਾਫ ਦੀ ਨਾ ਤਾਂ ਕਦੇ ਕੋਈ ਉਮੀਦ ਸੀ ਅਤੇ ਨਾ ਹੀ ਹੈ।
 


author

Anuradha

Content Editor

Related News