ਫਰਿਆਦ ਲੈ ਕੇ ਆਏ ਲੋਕਾਂ ''ਤੇ ਭੜਕੀ ''ਕਿਰਨ ਖੇਰ'', ਪਹੁੰਚਾਇਆ ਥਾਣੇ

09/27/2019 12:12:09 PM

ਚੰਡੀਗੜ੍ਹ (ਸੁਸ਼ੀਲ) : ਫਰਿਆਦ ਲੈ ਕੇ ਸੈਕਟਰ-48 ਤੋਂ 51 ਤੱਕ ਦੀ ਹਾਊਸਿੰਗ ਸੋਸਾਇਟੀ ਦੇ ਲੋਕ ਉਨ੍ਹਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਦਾ ਮੰਗ-ਪੱਤਰ ਦੇਣ ਸੰਸਦ ਮੈਂਬਰ ਕਿਰਣ ਖੇਰ ਦੀ ਰਿਹਾਇਸ਼ 'ਤੇ ਪਹੁੰਚੇ ਤਾਂ ਸੰਸਦ ਮੈਂਬਰ ਭੜਕ ਪਈ। ਉਨ੍ਹਾਂ ਨੇ ਮੰਗ ਪੱਤਰ ਲੈਣ ਦੀ ਬਜਾਏ ਮੌਕੇ 'ਤੇ ਪੁਲਸ ਬੁਲਾ ਲਈ ਅਤੇ ਅਧਿਕਾਰੀਆਂ ਨੂੰ ਜੰਮ ਕੇ ਲਤਾੜਿਆ ਕਿ ਇਹ ਲੋਕ ਉਨ੍ਹਾਂ ਦੇ ਘਰ ਤੱਕ ਕਿਵੇਂ ਪਹੁੰਚ ਗਏ। ਸੰਸਦ ਮੈਂਬਰ ਦੇ ਘਰ ਪਹੁੰਚੇ ਲੋਕਾਂ ਨੂੰ ਪੁਲਸ ਨੇ ਹਿਰਾਸਤ ਵਿਚ ਲੈ ਲਿਆ। ਉਨ੍ਹਾਂ ਨੂੰ ਸੈਕਟਰ-26 ਸਥਿਤ ਪੁਲਸ ਸਟੇਸ਼ਨ ਲੈ ਗਏ।
ਸੰਸਦ ਮੈਂਬਰ ਕੋਲੋਂ ਝਿੜਕਾਂ ਖਾਣ ਵਾਲਿਆਂ 'ਚ ਸੈਕਟਰ-49 ਥਾਣਾ ਇੰਚਾਰਜ ਜਸਵਿੰਦਰ ਕੌਰ, ਸੈਕਟਰ 17 ਥਾਣਾ ਇੰਚਾਰਜ ਪੂਨਮ ਦਿਲਾਵਾਰੀ, ਸੈਕਟਰ 19 ਥਾਣਾ ਇੰਚਾਰਜ ਸ਼ਾਦੀ ਲਾਲ, ਪੀ. ਸੀ. ਆਰ. ਜਵਾਨ ਅਤੇ ਸੀ. ਆਈ. ਡੀ. ਵਿੰਗ ਦੇ ਜਵਾਨ ਸਨ। ਐੱਸ. ਐੱਸ. ਪੀ. ਥਾਣਾ ਇੰਚਾਰਜ ਅਤੇ ਹੋਰ ਪੁਲਸ ਮੁਲਾਜ਼ਮਾਂ ਨੂੰ ਵੀਰਵਾਰ ਸ਼ਾਮ 4 ਵਜੇ ਦੇ ਕਰੀਬ ਉਨ੍ਹਾਂ ਦੇ ਦਫਤਰ ਬੁਲਾਇਆ ਗਿਆ। ਉਨ੍ਹਾਂ ਸਪੱਸ਼ਟ ਤੌਰ 'ਤੇ ਕਿਹਾ ਕਿ ਕਿਵੇਂ ਸੋਸਾਇਟੀ ਦੇ 40 ਤੋਂ 50 ਲੋਕ ਸੰਸਦ ਮੈਂਬਰ ਕਿਰਨ ਖੇਰ ਦੇ ਘਰ ਪਹੁੰਚੇ। ਥਾਣਾ ਸਦਰ ਅਤੇ ਹੋਰ ਵਿੰਗ ਪੁਲਸ ਨੂੰ ਇਸ ਮਾਮਲੇ ਦੀ ਜਾਣਕਾਰੀ ਕਿਉਂ ਨਹੀਂ ਮਿਲੀ। ਕਿਸੇ ਵੀ ਪੁਲਸ ਮੁਲਾਜ਼ਮ ਨੇ ਐੱਸ. ਐੱਸ. ਪੀ. ਅੱਗੇ ਬੋਲਣ ਦੀ ਖੇਚਲ ਨਹੀਂ ਕੀਤੀ। ਇਸ ਦੌਰਾਨ ਸਾਰੇ ਪੁਲਸ ਮੁਲਾਜ਼ਮਾਂ ਦੇ ਬਿਆਨ ਦਰਜ ਕੀਤੇ ਗਏ।
ਸੂਤਰਾਂ ਨੇ ਖੁਲਾਸਾ ਕੀਤਾ ਕਿ ਸੈਕਟਰ-48 ਤੋਂ 51 ਦੀਆਂ ਹਾਊਸਿੰਗ ਸੋਸਾਇਟੀਆਂ ਦੇ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਸੋਮਵਾਰ ਸਵੇਰੇ 10 ਵਜੇ ਸੰਸਦ ਮੈਂਬਰ ਦੇ ਘਰ ਪਹੁੰਚਣ ਦਾ ਸੰਦੇਸ਼ ਦਿੱਤਾ ਸੀ। ਇਸ ਤੋਂ ਬਾਅਦ ਸੋਸਾਇਟੀ ਦੇ ਲੋਕ ਕਾਰਾਂ 'ਚ ਸਵਾਰ ਹੋ ਕੇ ਸੋਮਵਾਰ ਸਵੇਰੇ 10 ਵਜੇ ਦੇ ਕਰੀਬ ਸੰਸਦ ਮੈਂਬਰ ਕੋਲ ਪਹੁੰਚੇ।

ਕੋਠੀ ਦੇ ਬਾਹਰ 40 ਤੋਂ 50 ਲੋਕਾਂ ਨੂੰ ਵੇਖ ਕੇ ਸੰਸਦ ਮੈਂਬਰ ਗੁੱਸੇ 'ਚ ਆ ਗਏ। ਉਨ੍ਹਾਂ ਨੇ ਇਸ 'ਤੇ ਐੱਸ. ਐੱਸ. ਪੀ. ਨਿਲਾਂਬਰੀ ਵਿਜੇ ਜਗਦਲੇ ਨੂੰ ਦੱਸਿਆ। ਐੱਸ. ਐੱਸ. ਪੀ. ਨੇ ਤੁਰੰਤ ਪੁਲਸ ਨੂੰ ਮੌਕੇ 'ਤੇ ਭੇਜਿਆ ਅਤੇ ਲੋਕਾਂ ਨੂੰ ਕੋਠੀ ਤੋਂ ਹਟਾਉਣ ਲਈ ਕਿਹਾ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲੋਕਾਂ ਨੂੰ ਸੰਸਦ ਮੈਂਬਰ ਦੀ ਰਿਹਾਇਸ਼ ਦੇ ਬਾਹਰੋਂ ਹਟਾ ਦਿੱਤਾ। ਸੋਸਾਇਟੀ ਦੇ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੇ ਸੰਸਦ ਮੈਂਬਰ ਕਿਰਨ ਖੇਰ ਨੂੰ ਵੋਟ ਦੇ ਕੇ ਜਿਤਾਇਆ ਹੈ। ਇਸ ਲਈ ਉਨ੍ਹਾਂ ਨੂੰ ਸਮੱਸਿਆ ਸੁਣਨੀ ਹੋਵੇਗੀ। ਸੰਸਦ ਮੈਂਬਰ ਕਿਰਨ ਖੇਰ ਵੋਟਾਂ ਮੰਗਣ ਲਈ ਉਨ੍ਹਾਂ ਦੀ ਸੋਸਾਇਟੀ 'ਚ ਹੱਥ ਜੋੜ ਕੇ ਆਏ ਸਨ।

ਉਨ੍ਹਾਂ ਨੇ ਸੰਸਦ ਮੈਂਬਰ ਨੂੰ ਇਕ ਵਾਰ ਵੀ ਸੋਸਾਇਟੀ 'ਚ ਬੁਲਾਇਆ ਨਹੀਂ ਸੀ। ਲੋਕਾਂ ਨੇ ਕਿਹਾ ਕਿ ਇਹ ਪਹਿਲੀ ਵਾਰ ਅਜਿਹੀ ਸੰਸਦ ਮੈਂਬਰ ਨੂੰ ਦੇਖਿਆ ਜੋ ਲੋਕਾਂ ਨੂੰ ਨਹੀਂ ਮਿਲਦੀ। ਸੋਸਾਇਟੀਆਂ ਦੇ ਫਲੈਟ ਟਰਾਂਸਫਰ ਕਰਵਾਉਣਾ ਤੇ ਉਨ੍ਹਾਂ ਦੀ ਏਕਲ ਰੂਪ ਤੋਂ ਰਜਿਸਟਰੀ ਕਰਵਾਉਣ ਦਾ ਵਾਅਦਾ ਕਿਰਨ ਖੇਰ ਨੇ ਚੋਣਾਂ ਦੇ ਸਮੇਂ ਕੀਤਾ ਸੀ ਤੇ ਨੋਟੀਫਿਕੇਸ਼ਨ ਵੀ ਜਾਰੀ ਹੋਈ ਸੀ ਪਰ ਉਸ ਨੋਟੀਫਿਕੇਸ਼ਨ 'ਚ ਕਾਫੀ ਖਾਮੀਆਂ ਹਨ, ਜਿਨ੍ਹਾਂ ਨੂੰ ਦੂਰ ਕਰਨ ਦੀ ਬੇਨਤੀ ਲੈ ਕੇ ਹੀ ਉਹ ਲੋਕ ਸੰਸਦ ਮੈਂਬਰ ਨੂੰ ਮਿਲਣ ਗਏ ਸਨ ਪਰ ਉਨ੍ਹਾਂ ਨੇ ਸਾਨੂੰ ਥਾਣੇ ਦੀ ਹਵਾ ਖੁਆ ਦਿੱਤੀ।


Babita

Content Editor

Related News