ਸ਼ਿਕਾਇਤਾਂ ਮਿਲਣ ''ਤੇ SDM ਖੁਦ ਫੂਡ ਸੇਫਟੀ ਵਿਭਾਗ ਦੀ ਟੀਮ ਨੂੰ ਨਾਲ ਲੈ ਕੇ ਪਹੁੰਚੇ ਚੈਕਿੰਗ ਕਰਨ
Saturday, Oct 31, 2026 - 06:08 PM (IST)
ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) : ਦੀਵਾਲੀ ਸਮੇਤ ਹੋਰ ਤਿਉਹਾਰੀ ਸੀਜਨ ਨੂੰ ਮੱਦੇਨਜ਼ਰ ਜਿੱਥੇ ਮਿਲਾਵਟੀ ਮਠਿਆਈਆਂ ਬਣਾਉਣ ਦੀਆਂ ਅਫਵਾਹਾਂ ਨੇ ਜ਼ੋਰ ਫੜ ਲਿਆ ਹੈ ਉੱਥੇ ਹੀ ਪ੍ਰਸ਼ਾਸਨ ਨੂੰ ਸ਼ਿਕਾਇਤਾਂ ਮਿਲਣ ਮਗਰੋਂ ਵਿਭਾਗ ਵੀ ਐਕਸ਼ਨ ਮੋਡ ਚ ਆਉਂਦਾ ਨਜ਼ਰ ਆ ਰਿਹਾ ਹੈ। ਇਸੇ ਤਹਿਤ ਸ਼ਨੀਵਾਰ ਨੂੰ ਐਸਡੀਐਮ ਗੁਰਕਿਰਨ ਦੀਪ ਸਿੰਘ ਸਿੱਧੂ ਖੁਦ ਫੂਡ ਸੇਫਟੀ ਵਿਭਾਗ ਨੂੰ ਨਾਲ ਕੇ ਬਾਗਵਾਲੀ ਗਲੀ ਦੇ ਛੋਰ ਤੇ ਸਥਿਤ ਵੋਹਰਾ ਕਲੋਨੀ ਦੇ ਨੇਡ਼ੇ ਲੱਗਦੇ ਇਕ ਗੋਦਾਮ ਚ ਪਹੁੰਚੇ ਤੇ ਉੱਥੇ ਬਣਾਈਆਂ ਜਾ ਰਹੀਆਂ ਮਿਠਾਈਆਂ ਦੇ ਸੈਂਪਲ ਭਰਵਾਏ। ਇਸ ਚੈਕਿੰਗ ਦੌਰਾਨ ਸਟੋਰ ਕੀਤੀਆਂ ਮਿਠਾਈਆਂ ਵਾਲੇ ਕਮਰੇ ਚ ਏਅਰ ਕੰਡੀਸ਼ਨਰ ਦੀ ਅਣਹੋਂਦ ਦਿਖਾਈ ਦਿੱਤੀ। ਇਸ ਜਗ੍ਹਾ 'ਤੇ ਹੀ ਕੰਮ ਕਰਨ ਵਾਲੇ ਕਾਰੀਗਰ ਤੇ ਮੁਲਾਜ਼ਮ ਮਿਠਾਈਆਂ ਵਾਲੇ ਹਾਲ 'ਚ ਹੀ ਸੁੱਤੇ ਦਿਖਾਈ ਦਿੱਤੇ।
ਉੱਥੇ ਹੀ ਸਾਫ-ਸਫਾਈ ਦਾ ਬੁਰਾ ਹਾਲ ਦਿਖਾਈ ਦਿੱਤਾ। ਇਸਦਾ ਵੀ ਅਧਿਕਾਰੀਆਂ ਨੇ ਗੰਭੀਰ ਨੋਟਿਸ ਲਿਆ ਤੇ ਸਾਫ-ਸਫਾਈ ਰੱਖਣ ਦੀ ਚਿਤਾਵਨੀ ਦਿੱਤੀ। ਜਦਕਿ ਮਿਠਾਈਆਂ ਬਣਾਉਣ ਵਾਲੀ ਜਗਾਂ ਤੇ ਸੋਡੀਅਮ ਵੀ ਬਰਾਮਦ ਹੋਇਆ। ਜਿਸ ਨੂੰ ਫੂਡ ਸੇਫਟੀ ਵਿਭਾਗ ਨੇ ਸਿਹਤ ਲਈ ਖਤਰਨਾਕ ਦੱਸਿਆ। ਫੂਡ ਸੇਫਟੀ ਵਿਭਾਗ ਵੱਲੋਂ ਇਸ ਜਗ੍ਹਾ ਤੋਂ ਜਿੱਥੇ ਰੱਸਗੁੱਲੇ ਤੇ ਗੁਲਾਬਜਾਮਨਾਂ ਦੇ ਦੋ ਸੈਂਪਲ ਭਰੇ ਉੱਥੇ ਹੀ ਸਾਫ-ਸਫਾਈ ਨਾ ਹੋਣ ਤੇ ਅਣਹਾਇਜੈਨਿਕ ਦਾ ਚਲਾਨ ਵੀ ਕੱਟਿਆ।
ਉੱਧਰ, ਇਸ ਕਾਰਵਾਈ ਦੇ ਚੱਲਦਿਆਂ ਮੌਕੇ 'ਤੇ ਮੌਜੂਦ ਐਸਡੀਐਮ ਗੁਰਕਿਰਨ ਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਤਿਉਹਾਰੀ ਸੀਜਨ ਦੌਰਾਨ ਬਹੁਤ ਸ਼ਿਕਾਇਤਾਂ ਆ ਰਹੀਆਂ ਨੇ ਜਿਸ ਤੇ ਕਾਰਵਾਈ ਕਰਦਿਆਂ ਪ੍ਰਸ਼ਾਸਨ ਵੱਲੋਂ ਸਮੇਂ-ਸਮੇਂ ਤੇ ਚੈਕਿੰਗ ਕੀਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਆਉਂਦੇ ਦਿਨਾਂ ਚ ਵੀ ਇਹ ਚੈਕਿੰਗ ਅਭਿਆਨ ਜਾਰੀ ਰਹੇਗਾ। ਫੂਡ ਸੇਫਟੀ ਅਫਸਰ ਗਗਨਦੀਪ ਕੌਰ ਨੇ ਦੱਸਿਆ ਕਿ ਐਸਡੀਐਮ ਨੂੰ ਵੋਹਰਾ ਕਲੋਨੀ ਨੇਡ਼ੇ ਗੋਦਾਮ ਚ ਬੇਨਿਯਮਿਆਂ ਪਾਈਆਂ ਜਾਣ ਸਬੰਧੀ ਸ਼ਿਕਾਇਤਾਂ ਮਿਲ ਰਹੀਆਂ ਸਨ। ਜਿਸ ਮਗਰੋਂ ਅੱਜ ਐਸਡੀਐਮ ਗੁਰਕਿਰਨ ਦੀਪ ਸਿੰਘ ਸਿੱਧੂ ਦੀ ਅਗਵਾਈ ਹੇਠ ਚੈਕਿੰਗ ਕੀਤੀ ਗਈ। ਗਗਨਦੀਪ ਕੌਰ ਨੇ ਦੱਸਿਆ ਕਿ ਤਿਉਹਾਰੀ ਸੀਜਨ ਦੇ ਚਲਦਿਆਂ ਹੁਣ ਤੱਕ ਕੁੱਲ 30 ਸੈਂਪਲ ਭਰੇ ਜਾ ਚੁੱਕੇ ਨੇ। ਅੱਜ ਇੱਥੋਂ ਰੱਸਗੁੱਲੇ ਤੇ ਗੁਲਾਬਜਾਮਨਾਂ ਦੇ ਦੋ ਸੈਂਪਲ ਲਏ ਗਏ ਹਨ। ਜਦਕਿ ਅਣਹਾਈਜੈਨਿਕ ਚਲਾਨ ਵੀ ਕੱਟਿਆ ਗਿਆ ਹੈ।
