ਪੰਜਾਬ ਪੁਲਸ ਦੇ ਸੀਆਈਡੀ ਵਿਭਾਗ ਦੇ ਮੁਲਾਜ਼ਮ ਨਾਲ ਵੱਡੀ ਠੱਗੀ, ਹੈਰਾਨ ਕਰੇਗਾ ਪੂਰਾ ਮਾਮਲਾ

Wednesday, Nov 04, 2026 - 06:30 PM (IST)

ਪੰਜਾਬ ਪੁਲਸ ਦੇ ਸੀਆਈਡੀ ਵਿਭਾਗ ਦੇ ਮੁਲਾਜ਼ਮ ਨਾਲ ਵੱਡੀ ਠੱਗੀ, ਹੈਰਾਨ ਕਰੇਗਾ ਪੂਰਾ ਮਾਮਲਾ

ਫ਼ਰੀਦਕੋਟ (ਰਾਜਨ) : ਸਾਈਬਰ ਠੱਗਾਂ ਵੱਲੋਂ ਲੋਕਾਂ ਦੇ ਮੋਬਾਈਲ ਫ਼ੋਨ ਹੈਕ ਕਰਕੇ ਬੈਂਕ ਖਾਤਿਆਂ ’ਚੋਂ ਪੈਸੇ ਕਢਵਾਉਣ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ। ਹੁਣ ਪੰਜਾਬ ਪੁਲਸ ਦੇ ਸੀਆਈਡੀ ਵਿਭਾਗ ਵਿੱਚ ਤਾਇਨਾਤ ਇਕ ਮੁਲਾਜ਼ਮ ਵੀ ਸਾਈਬਰ ਠੱਗਾਂ ਦਾ ਸ਼ਿਕਾਰ ਹੋ ਗਿਆ। ਅਣਪਛਾਤੇ ਵਿਅਕਤੀ ਵੱਲੋਂ ਉਸ ਦਾ ਮੋਬਾਈਲ ਫ਼ੋਨ ਹੈਕ ਕਰਕੇ ਬੈਂਕ ਖਾਤੇ ਵਿਚੋਂ 1 ਲੱਖ 90 ਹਜ਼ਾਰ ਰੁਪਏ ਕਢਵਾ ਲਏ ਗਏ। ਇਸ ਮਾਮਲੇ ਵਿਚ ਸਾਈਬਰ ਕਰਾਈਮ ਪੁਲਸ ਵੱਲੋਂ ਅਣਪਛਾਤੇ ਵਿਅਕਤੀ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਡੋਗਰ ਬਸਤੀ ਫ਼ਰੀਦਕੋਟ ਦੇ ਰਹਿਣ ਵਾਲੇ ਗੁਰਮੀਤ ਸਿੰਘ ਕੈਂਥ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਪੰਜਾਬ ਪੁਲਸ ਦੇ ਸੀਆਈਡੀ ਵਿਭਾਗ ਵਿਚ ਨੌਕਰੀ ਕਰਦਾ ਹੈ। ਉਸ ਨੇ ਦੱਸਿਆ ਕਿ 17 ਅਕਤੂਬਰ 2026 ਨੂੰ ਦੁਪਹਿਰ ਕਰੀਬ 1 ਵਜੇ ਜਦੋਂ ਉਹ ਆਪਣੇ ਦਫ਼ਤਰ ਵਿਚ ਕੰਮ ਕਰ ਰਿਹਾ ਸੀ ਤਾਂ ਉਸ ਦਾ ਮੋਬਾਈਲ ਫ਼ੋਨ ਅਚਾਨਕ ਆਪਣੇ ਆਪ ਅਪਡੇਟ ਹੋਣ ਲੱਗ ਪਿਆ। 

ਇਹ ਵੀ ਪੜ੍ਹੋ : ਪੰਜਾਬ ਦੀ ਸਿਆਸਤ 'ਚ ਵੱਡਾ ਧਮਾਕਾ, ਪ੍ਰੋ. ਚੰਦੂਮਾਜਰਾ ਨੇ ਛੱਡਿਆ ਪੁਨਰ ਸੁਰਜੀਤ

ਅਪਡੇਟ ਹੋਣ ਤੋਂ ਬਾਅਦ ਫ਼ੋਨ ਆਪਣੇ ਆਪ ਹੀ ਚੱਲਣ ਲੱਗ ਪਿਆ। ਇਸੇ ਤਰ੍ਹਾਂ 18 ਅਕਤੂਬਰ ਨੂੰ ਦੁਪਹਿਰ ਕਰੀਬ 1 ਵਜੇ ਉਸ ਦਾ ਮੋਬਾਈਲ ਮੁੜ ਅਪਡੇਟ ਹੋਇਆ ਅਤੇ ਇਸ ਤੋਂ ਬਾਅਦ ਫਿਰ ਆਪਣੇ ਆਪ ਚੱਲਣ ਲੱਗ ਪਿਆ। ਸ਼ਿਕਾਇਤਕਰਤਾ ਅਨੁਸਾਰ ਕੁਝ ਸਮੇਂ ਬਾਅਦ ਉਸ ਦੇ ਮੋਬਾਈਲ ’ਤੇ ਐੱਚ.ਡੀ.ਐੱਫ.ਸੀ. ਬੈਂਕ ਦੇ ਖਾਤੇ ਵਿਚੋਂ ਪਹਿਲਾਂ 45 ਹਜ਼ਾਰ ਰੁਪਏ ਅਤੇ ਫਿਰ 50 ਹਜ਼ਾਰ ਰੁਪਏ ਕੱਟੇ ਜਾਣ ਸਬੰਧੀ ਮੈਸੇਜ ਪ੍ਰਾਪਤ ਹੋਏ। ਇਸ ਤੋਂ ਬਾਅਦ ਜਦੋਂ ਉਸ ਨੇ ਗੂਗਲ ਪੇਅ ਰਾਹੀਂ ਆਪਣੇ ਬੈਂਕ ਖਾਤੇ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ 17 ਅਕਤੂਬਰ ਨੂੰ ਵੀ ਉਸ ਦੇ ਖਾਤੇ ਵਿਚੋਂ ਕੁੱਲ 95 ਹਜ਼ਾਰ ਰੁਪਏ ਕਢਵਾਏ ਗਏ ਸਨ। ਇਸ ਤਰ੍ਹਾਂ ਦੋ ਦਿਨਾਂ ਦੌਰਾਨ ਉਸ ਦੇ ਬੈਂਕ ਖਾਤੇ ਵਿਚੋਂ ਕੁੱਲ 1 ਲੱਖ 90 ਹਜ਼ਾਰ ਰੁਪਏ ਦੀ ਰਕਮ ਕਢਵਾ ਲਈ ਗਈ।

ਇਹ ਵੀ ਪੜ੍ਹੋ : ਪਰਵਿੰਦਰ ਝੋਟਾ ਕਤਲ : ਅਸ਼ਵਨੀ ਦੀ ਦੁਕਾਨ ਢਾਹੇ ਜਾਣ 'ਤੇ 1000 ਤੋਂ 1200 ਵਿਅਕਤੀਆਂ 'ਤੇ ਮਾਮਲਾ ਦਰਜ

ਪੀੜਤ ਨੇ ਤੁਰੰਤ ਸਾਈਬਰ ਅਪਰਾਧਾਂ ਸਬੰਧੀ ਹੈਲਪਲਾਈਨ ਨੰਬਰ 1930 ’ਤੇ ਫ਼ੋਨ ਕਰਕੇ ਸ਼ਿਕਾਇਤ ਦਰਜ ਕਰਵਾਈ। ਬਾਅਦ ਵਿਚ ਜਾਂਚ ਦੌਰਾਨ ਸਾਹਮਣੇ ਆਇਆ ਕਿ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਉਸ ਦਾ ਮੋਬਾਈਲ ਹੈਕ ਕਰਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਅਤੇ ਉਸ ਦੇ ਬੈਂਕ ਖਾਤੇ ਵਿਚੋਂ 1.90 ਲੱਖ ਰੁਪਏ ਕਢਵਾ ਕੇ ਠੱਗੀ ਮਾਰੀ ਗਈ। ਇਸ ਮਾਮਲੇ ਸਬੰਧੀ ਸਟੇਟ ਸਾਈਬਰ ਕਰਾਈਮ ਪੁਲਸ ਸਟੇਸ਼ਨ, ਕਰਾਈਮ ਵਿੰਗ ਮੋਹਾਲੀ ਵੱਲੋਂ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਆਧਾਰ ’ਤੇ ਜ਼ੀਰੋ ਐੱਫ.ਆਈ.ਆਰ. ਦਰਜ ਕੀਤੀ ਗਈ, ਜਿਸ ਦੇ ਆਧਾਰ ’ਤੇ ਥਾਣਾ ਸਾਈਬਰ ਕਰਾਈਮ ਫ਼ਰੀਦਕੋਟ ਵਿਖੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ। ਪੁਲਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਠੱਗੀ ਦੀ ਰਕਮ ਦੇ ਲੈਣ-ਦੇਣ ਸਬੰਧੀ ਬੈਂਕ ਖਾਤਿਆਂ ਦੇ ਵੇਰਵੇ ਖੰਗਾਲੇ ਜਾ ਰਹੇ ਹਨ।

ਇਹ ਵੀ ਪੜ੍ਹੋ : ਪੁਲਸ ਸਟੇਟ ਬਣਿਆ ਪੰਜਾਬ, ਪਰਗਟ ਸਿੰਘ ਨੇ DGP ਨੂੰ ਦਿੱਤੀ ਚਿਤਾਵਨੀ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News