ਫ਼ਰੀਦਕੋਟ : ਭੈਣ ਨੇ ਸਕੇ ਭਰਾ ''ਤੇ ਲਗਾਏ ਵੱਡੇ ਦੋਸ਼, ਪੁਲਸ ਨੇ ਦਰਜ ਕੀਤਾ ਮਾਮਲਾ

Thursday, Nov 05, 2026 - 04:12 PM (IST)

ਫ਼ਰੀਦਕੋਟ : ਭੈਣ ਨੇ ਸਕੇ ਭਰਾ ''ਤੇ ਲਗਾਏ ਵੱਡੇ ਦੋਸ਼, ਪੁਲਸ ਨੇ ਦਰਜ ਕੀਤਾ ਮਾਮਲਾ

ਫ਼ਰੀਦਕੋਟ (ਜਗਦੀਸ਼) : ਵਾਧੂ ਜ਼ਮੀਨ ਹਥਿਆਉਣ ਦੇ ਲਾਲਚ ਵਿਚ ਜ਼ਿਲ੍ਹੇ ਦੇ ਪਿੰਡ ਗੁੰਮਟੀ ਖੁਰਦ ਨਿਵਾਸੀ ਇਕ ਸਕੇ ਭਰਾ ਵੱਲੋਂ ਹੀ ਆਪਣੀ ਭੈਣ ਨਾਲ ਦਗਾ ਕਮਾਉਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ’ਤੇ ਪਿੰਡ ਚੱਕ ਸ਼ੇਰੇਵਾਲਾ ਹਾਲ ਆਬਾਦ ਈਕੋ ਸਿਟੀ ਚੰਡੀਗੜ੍ਹ ਵਿਖੇ ਰਹਿੰਦੀ ਇਸਦੀ ਭੈਣ ਦੇ ਬਿਆਨਾਂ ’ਤੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਚੰਡੀਗੜ੍ਹ ਨਿਵਾਸੀ ਹਰਕੀਰਤ ਕੌਰ ਪੁੱਤਰੀ ਗੁਰਪ੍ਰੀਤ ਸਿੰਘ ਨੇ ਸ਼ਿਕਾਇਤ ਵਿਚ ਦੱਸਿਆ ਕਿ ਉਸਦੇ ਪੇਕੇ ਪਿੰਡ ਗੁੰਮਟੀ ਖੁਰਦ ਤੋਂ ਵਿਰਾਸਤੀ ਹਿੱਸੇ ਵਜੋਂ ਉਸਨੂੰ 15 ਕਿੱਲੇ ਜ਼ਮੀਨ ਆਈ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸਦੇ ਭਰਾ ਗੁਰਪ੍ਰਤਾਪ ਸਿੰਘ ਨੇ ਸਮੇਤ ਆਪਣੀ ਘਰ ਵਾਲੀ ਸ਼ਿਕਾਇਤਕਰਤਾ ’ਤੇ ਮਾਨਸਿਕ ਦਬਾਅ ਪਾਇਆ ਕਿ ਉਸਨੂੰ ਦਾਦੇਲਾਹੀ ਜ਼ਮੀਨ ਵਿਚੋਂ 10 ਕਨਾਲਾਂ ਜ਼ਮੀਨ ਘੱਟ ਆਈ ਹੈ ਇਸ ਲਈ ਹਰਕੀਰਤ ਕੌਰ 10 ਕਨਾਲਾਂ ਜ਼ਮੀਨ ਉਸਦੇ ਨਾਮ ਕਰਵਾ ਦੇਵੇ ਜਦਕਿ ਸ਼ਿਕਾਇਤ ਕਰਤਾ ਦੇ ਦੂਸਰੇ ਭਰਾ ਅਮਨਪ੍ਰੀਤ ਸਿੰਘ ਨੇ ਗੁਰਪ੍ਰਤਾਪ ਸਿੰਘ ਦੇ ਨਾਮ 10 ਕਨਾਲਾਂ ਜ਼ਮੀਨ ਦੀ ਰਜਿਸਟਰੀ ਕਰਵਾ ਦਿੱਤੀ ਸੀ ਅਤੇ ਇਸ ਹਾਲਤ ਵਿਚ ਇਸਦੇ ਹਿੱਸੇ ਆਉਣ ਵਾਲੀ ਜ਼ਮੀਨ ਪੂਰੀ ਹੋ ਗਈ ਸੀ। 

ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ’ਤੇ ਪਾਏ ਜਾ ਰਹੇ ਲਗਾਤਾਰ ਮਾਨਸਿਕ ਦਬਾਅ ਦੇ ਚੱਲਦਿਆਂ ਉਹ ਆਪਣੇ ਭਰਾ ਗੁਰਪ੍ਰਤਾਪ ਸਿੰਘ ਦੇ ਨਾਮ ’ਤੇ 10 ਕਨਾਲਾਂ ਜ਼ਮੀਨ ਦੀ ਵਸੀਅਤ ਕਰਵਾਉਣ ਲਈ ਰਾਜ਼ੀ ਹੋ ਗਈ ਜਿਸ ਉਪਰੰਤ ਉਸਦੇ ਭਰਾ ਗੁਰਪ੍ਰਤਾਪ ਸਿੰਘ ਨੇ ਉਸਨੂੰ ਬੀਤੀ 28 ਮਈ 2026 ਨੂੰ ਵਸੀਅਤ ਕਰਵਾਉਣ ਲਈ ਤਹਿਸੀਲ ਕੰਪਲੈਕਸ ਜੈਤੋ ਵਿਖੇ ਬੁਲਾਇਆ ਸੀ ਪ੍ਰੰਤੂ ਗੁਰਪ੍ਰਤਾਪ ਸਿੰਘ ਨੇ ਪਹਿਲਾਂ ਤੋਂ ਹੀ ਸੋਚੀ ਸਮਝੀ ਸਾਜ਼ਿਸ਼ ਦੇ ਚੱਲਦਿਆਂ ਸ਼ਿਕਾਇਤਕਰਤਾ ਦੇ ਹਿੱਸੇ ਆਈ ਵਿਰਾਸਤੀ ਜ਼ਮੀਨ ਵਿਚੋਂ 13 ਕਿੱਲੇ ਜ਼ਮੀਨ ਵੇਚਣ ਦੇ ਕਾਗਜ਼ ਤਿਆਰ ਕਰਵਾ ਲਏ ਅਤੇ ਸ਼ਿਕਾਇਤਕਰਤਾ ਹਰਕੀਰਤ ਕੌਰ ਨੂੰ ਵਿਸ਼ਵਾਸ਼ ਵਿਚ ਲੈ ਕੇ 13 ਕਿੱਲੇ ਜ਼ਮੀਨ ਦੀ ਰਜਿਸਟਰੀ ਆਪਣੇ ਨਾਮ ’ਤੇ ਕਰਵਾ ਲਈ। ਇਸ ਸ਼ਿਕਾਇਤ ’ਤੇ ਗੁਰਪ੍ਰੀਤ ਸਿੰਘ ’ਤੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਜਿਸਦੀ ਅਗਲੀ ਕਾਰਵਾਈ ਏ.ਐਸ.ਆਈ ਸੁਖਵੀਰ ਸਿੰਘ ਵੱਲੋਂ ਜਾਰੀ ਹੈ।


author

Gurminder Singh

Content Editor

Related News