ਲੜਕੇ ਨੂੰ ਅਗਵਾ ਕਰ ਕੇ ਮੌਤ ਦੇ ਘਾਟ ਉਤਾਰਨ ਵਾਲਾ 5ਵਾਂ ਮੁਲਜ਼ਮ ਗ੍ਰਿਫਤਾਰ

Thursday, Feb 01, 2018 - 05:38 AM (IST)

ਲੜਕੇ ਨੂੰ ਅਗਵਾ ਕਰ ਕੇ ਮੌਤ ਦੇ ਘਾਟ ਉਤਾਰਨ ਵਾਲਾ 5ਵਾਂ ਮੁਲਜ਼ਮ ਗ੍ਰਿਫਤਾਰ

ਲੁਧਿਆਣਾ(ਪੰਕਜ)-ਕਦੀ ਆਪਣੇ ਗੈਂਗ ਦਾ ਮੈਂਬਰ ਰਹੇ ਲੜਕੇ ਨੂੰ ਪੁਲਸ ਦਾ ਮੁਖ਼ਬਰ ਬਣਨ ਦੇ ਸ਼ੱਕ 'ਚ 2 ਸਾਲ ਪਹਿਲਾਂ ਸਾਥੀਆਂ ਸਮੇਤ ਅਗਵਾ ਕਰ ਕੇ ਕਤਲ ਦੇ ਬਾਅਦ ਲਾਸ਼ ਡੀਜ਼ਲ ਪਾ ਕੇ ਸਾੜਨ ਵਾਲੇ 5ਵੇਂ ਮੁਲਜ਼ਮ ਨੂੰ ਵੀ ਡਾਬਾ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। 16 ਦਸੰਬਰ, 2016 ਨੂੰ ਡਾਬਾ ਲੋਹਾਰਾ ਨਿਵਾਸੀ ਮਨੋਜ ਕੁਮਾਰ ਉਰਫ ਮੌਜੀ ਨਾਮਕ ਲੜਕਾ, ਜਿਸ 'ਤੇ ਅਪਰਾਧਿਕ ਕੇਸ ਦਰਜ ਸਨ, ਨੂੰ ਉਸ ਦੇ ਹੀ ਪੁਰਾਣੇ ਸਾਥੀਆਂ ਨੇ ਪੁਲਸ ਮੁਖ਼ਬਰ ਬਣ ਜਾਣ ਦੀ ਸ਼ੱਕ 'ਚ ਅਗਵਾ ਕੀਤਾ ਅਤੇ ਕੋਹਾੜਾ-ਮਾਛੀਵਾੜਾ ਰੋਡ 'ਤੇ ਲਿਜਾ ਕੇ ਉਸ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਸੀ। ਇੰਨਾ ਹੀ ਨਹੀਂ ਮੁਲਜ਼ਮਾਂ ਨੇ ਲਾਸ਼ ਨੂੰ ਸ਼ਮਸ਼ਾਨਘਾਟ 'ਚ ਲਿਜਾ ਕੇ ਡੀਜ਼ਲ ਪਾ ਕੇ ਅੱਗ ਲਾ ਦਿੱਤੀ ਸੀ ਤਾਂ ਕਿ ਮ੍ਰਿਤਕ ਦੀ ਪਛਾਣ ਨਾ ਹੋ ਸਕੇ। ਇਸ ਮਾਮਲੇ 'ਚ ਡਾਬਾ ਪੁਲਸ ਵੱਲੋਂ ਜਿਥੇ 4 ਮੁਲਜ਼ਮਾਂ ਨੂੰ ਪਹਿਲਾਂ ਹੀ ਫੜ ਕੇ ਜੇਲ ਭੇਜਿਆ ਜਾ ਚੁੱਕਾ ਹੈ, ਉਥੇ ਹੀ ਪੁਲਸ ਨੇ ਪਿੰਡ ਮਾਨਕਵਾਲ ਨਿਵਾਸੀ ਗਗਨਦੀਪ ਸਿੰਘ ਉਰਫ ਗਗਨ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ।
ਕੌਣ ਹੈ ਗਗਨਦੀਪ?
ਹੱਤਿਆ ਦੇ ਮਾਮਲੇ 'ਚ ਡਾਬਾ ਪੁਲਸ ਨਾਲ ਅੱਖ-ਮਿਚੋਲੀ ਖੇਡਣ ਵਾਲਾ ਗਗਨਦੀਪ ਸਿੰਘ ਗਗਨ ਉਹੀ ਚਲਾਕ ਮੁਲਜ਼ਮ ਹੈ, ਜਿਸ ਨੂੰ ਮਾਡਲ ਟਾਊਨ ਪੁਲਸ ਨੇ ਬੀਤੇ ਦਿਨੀਂ ਇਕ ਪਿਸਤੌਲ ਸਮੇਤ ਗ੍ਰਿਫਤਾਰ ਕੀਤਾ ਸੀ। ਹੈਰਾਨੀ ਦੀ ਗੱਲ ਹੈ ਕਿ ਮੁਲਜ਼ਮ ਨੇ ਕਾਬੂ ਕਰਨ ਵਾਲੇ ਅਧਿਕਾਰੀਆਂ ਨੂੰ ਹੱਤਿਆ ਦੇ ਮਾਮਲੇ ਵਿਚ ਪੀ. ਓ. ਹੋਣ ਦੀ ਭਿਣਕ ਤੱਕ ਨਹੀਂ ਲੱਗਣ ਦਿੱਤੀ। ਇਸ ਦੀ ਜਾਣਕਾਰੀ ਮਿਲਣ 'ਤੇ ਡਾਬਾ ਪੁਲਸ ਨੇ ਉਸ ਨੂੰ ਜੇਲ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਲੈ ਕੇ ਗ੍ਰਿਫਤਾਰੀ ਪਾਈ ਹੈ।


Related News