ਗਿੱਦੜਬਾਹਾ ਦਾ ਅਗਵਾ ਹੋਇਆ ਮਜ਼ਦੂਰ ਮਿਲਿਆ ਬੇਹੋਸ਼ੀ ਦੀ ਹਾਲਤ ''ਚ

Friday, Nov 24, 2017 - 03:49 AM (IST)

ਗਿੱਦੜਬਾਹਾ ਦਾ ਅਗਵਾ ਹੋਇਆ ਮਜ਼ਦੂਰ ਮਿਲਿਆ ਬੇਹੋਸ਼ੀ ਦੀ ਹਾਲਤ ''ਚ

ਬਠਿੰਡਾ(ਬਲਵਿੰਦਰ)-ਅੱਜ ਇੱਥੇ ਬੇਹੋਸ਼ੀ ਦੀ ਹਾਲਤ 'ਚ ਮਿਲਿਆ ਗਿੱਦੜਬਾਹਾ ਦੇ ਮਜ਼ਦੂਰ ਦਾ ਮਾਮਲਾ ਉਲਝਦਾ ਜਾ ਰਿਹਾ ਹੈ, ਜਿਸ ਨੂੰ 10 ਦਿਨ ਪਹਿਲਾਂ ਅਗਵਾ ਕੀਤਾ ਗਿਆ ਸੀ ਪਰ ਗਿੱਦੜਬਾਹਾ ਤੇ ਬਠਿੰਡਾ ਪੁਲਸ ਦੋਵੇਂ ਹੀ ਇਸ ਮਾਮਲੇ ਤੋਂ ਅਣਜਾਣ ਹਨ, ਜੇਕਰ ਦੋਵਾਂ ਖੇਤਰਾਂ ਦੀ ਪੁਲਸ ਨੂੰ ਇਸ ਮਾਮਲੇ ਬਾਰੇ ਪਤਾ ਨਹੀਂ ਤਾਂ ਇਹ ਵੀ ਸੰਭਵ ਹੈ ਕਿ ਕਹਾਣੀ ਕੁਝ ਹੋਰ ਹੈ ਤੇ ਬਠਿੰਡਾ 'ਚ ਮਿਲਿਆ ਮਜ਼ਦੂਰ ਕੁਝ ਹੋਰ ਕਹਿ ਰਿਹਾ ਹੈ। ਜੋ ਕਿ ਜਾਂਚ ਦਾ ਵਿਸ਼ਾ ਜਾਪ ਰਿਹਾ ਹੈ। ਜਾਣਕਾਰੀ ਮੁਤਾਬਕ ਸਮਾਜ ਸੇਵੀ ਸੰਸਥਾ ਸਹਾਰਾ ਜਨਸੇਵਾ ਬਠਿੰਡਾ ਦੇ ਵਰਕਰਾਂ ਨੂੰ ਮੁਕਤਸਰ ਰੋਡ ਤੋਂ ਪੁਲਸ ਹਾਈਟੈੱਕ ਪੁਆਇੰਟ ਨੇੜੇ ਇਕ ਵਿਅਕਤੀ ਬੇਹੋਸ਼ੀ ਦੀ ਹਾਲਤ 'ਚ ਮਿਲਿਆ, ਜਿਸ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਦਾ ਮੁੱਢਲਾ ਇਲਾਜ ਕੀਤਾ। ਕੁਝ ਸਮੇਂ ਬਾਅਦ ਉਸ ਨੂੰ ਹੋਸ਼ ਆਇਆ ਤਾਂ ਉਸ ਨੇ ਆਪਣਾ ਨਾਂ ਰਾਜ ਸਿੰਘ ਪੁੱਤਰ ਨਾਜਰ ਸਿੰਘ ਵਾਸੀ ਗਿੱਦੜਬਾਹਾ ਦੱਸਿਆ। ਰਾਜ ਸਿੰਘ ਮੁਤਾਬਕ ਉਹ ਦਿਹਾੜੀਦਾਰ ਮਜ਼ਦੂਰ ਹੈ। ਕਰੀਬ 10 ਦਿਨ ਪਹਿਲਾਂ ਜਦੋਂ ਉਹ ਕੰਮ ਤੋਂ ਆਪਣੇ ਘਰ ਪਰਤ ਰਿਹਾ ਸੀ ਤਾਂ ਰਸਤੇ 'ਚ ਅੱਧੀ ਦਰਜਨ ਅਣਪਛਾਤੇ ਵਿਅਕਤੀਆਂ ਨੇ ਉਸ ਨੂੰ ਘੇਰ ਲਿਆ, ਜਿਨ੍ਹਾਂ ਨਾਲ ਦੋ ਔਰਤਾਂ ਵੀ ਸਨ। ਉਨ੍ਹਾਂ ਉਸ ਦੀ ਕੁੱਟਮਾਰ ਕੀਤੀ ਅਤੇ 400 ਰੁਪਏ ਵੀ ਖੋਹ ਲਏ। ਵਿਰੋਧ ਕਰਨ 'ਤੇ ਉਸ ਦੀ ਦੁਬਾਰਾ ਕੁੱਟਮਾਰ ਕੀਤੀ ਗਈ ਤੇ ਉਸ ਨੂੰ ਆਪਣੇ ਨਾਲ ਹੀ ਲੈ ਗਏ। ਉਸ ਨੂੰ ਕਿਸੇ ਨਾਮਾਲੂਮ ਜਗ੍ਹਾ 'ਤੇ ਰੱਖਿਆ ਗਿਆ। ਇਸ ਦੌਰਾਨ ਵੀ ਉਸ ਦੀ ਕੁੱਟਮਾਰ ਹੁੰਦੀ ਰਹੀ। ਅੱਜ ਉਸ ਨੂੰ ਹੋਸ਼ ਆਈ ਤਾਂ ਉਹ ਹਸਪਤਾਲ ਵਿਚ ਸੀ ਪਰ ਉਹ ਬਠਿੰਡਾ ਕਿਵੇਂ ਪਹੁੰਚਿਆ, ਉਸ ਨੂੰ ਕੁਝ ਨਹੀਂ ਪਤਾ। ਇਸੇ ਤਰ੍ਹਾਂ ਗਿੱਦੜਬਾਹਾ ਦੇ ਡੀ. ਐੱਸ. ਪੀ. ਰਾਜਪਾਲ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਖੇਤਰ 'ਚ ਕਿਸੇ ਵੀ ਵਿਅਕਤੀ ਦੇ ਅਗਵਾ ਹੋਣ ਦੀ ਕੋਈ ਰਿਪੋਰਟ ਦਰਜ ਨਹੀਂ ਹੋਈ। ਉਹ ਫਿਰ ਵੀ ਇਸ ਬਾਰੇ ਪੜਤਾਲ ਕਰਨਗੇ।
ਮਜ਼ਦੂਰ ਦੀ ਅਸਲ ਕਹਾਣੀ
ਡੀ. ਐੱਸ. ਪੀ. ਗਿੱਦੜਬਾਹਾ ਰਾਜ ਪਾਲ ਸਿੰਘ ਅਨੁਸਾਰ ਰਾਜ ਸਿੰਘ ਵਿਆਹਿਆ ਹੋਇਆ ਹੈ, ਜਿਸ ਦੀ ਇਕ ਬੇਟੀ ਵੀ ਹੈ ਪਰ ਰਾਜ ਸਿੰਘ ਦਾ ਨਾਜਾਇਜ਼ ਸਬੰਧ ਕਿਸੇ ਹੋਰ ਔਰਤ ਨਾਲ ਵੀ ਚੱਲ ਰਿਹਾ ਹੈ। ਰਾਜ ਸਿੰਘ ਦੂਜੀ ਔਰਤ ਨਾਲ ਗਿੱਦੜਬਾਹਾ ਵਿਚ ਰਹਿੰਦਾ ਹੈ। ਦੂਜੀ ਔਰਤ ਰਾਜ ਸਿੰਘ ਤੋਂ ਘਰ ਵਿਚ ਹਿੱਸਾ ਮੰਗਦੀ ਹੈ, ਇਸ ਗੱਲ ਨੂੰ ਲੈ ਕੇ ਰਾਜ ਸਿੰਘ ਦੇ ਪਰਿਵਾਰ ਤੇ ਦੂਜੀ ਔਰਤ ਵਿਚਕਾਰ ਵਿਵਾਦ ਚੱਲ ਰਿਹਾ ਹੈ, ਜਿਸ ਕਾਰਨ ਕੁਝ ਦਿਨ ਪਹਿਲਾਂ ਰਾਜ ਸਿੰਘ ਘਰ ਛੱਡ ਕੇ ਚਲਾ ਗਿਆ ਸੀ। ਬੀਤੇ ਦਿਨੀਂ ਦੋਵੇਂ ਪੱਖ ਥਾਣਾ ਗਿੱਦੜਬਾਹਾ ਵਿਚ ਇਕੱਠੇ ਹੋਏ ਸਨ ਪਰ ਸਮਝੌਤਾ ਨਹੀਂ ਹੋ ਸਕਿਆ, ਜਦਕਿ ਪੁਲਸ ਨੂੰ ਜਗ ਬਾਣੀ ਰਾਹੀਂ ਪਤਾ ਲੱਗਾ ਕਿ ਰਾਜ ਸਿੰਘ ਬਠਿੰਡਾ ਵਿਚ ਹੈ।


Related News