ਖਰੜ ''ਚ ਕਤਲ ਕੀਤੀ ਮਹਿਲਾ ਟੀਚਰ ਸਰਬਜੀਤ ਦੇ ਮਾਮਲੇ ''ਚ ਨਵਾਂ ਖੁਲਾਸਾ!

12/11/2019 9:38:29 AM

ਖਰੜ (ਸ਼ਸ਼ੀ) : ਖਰੜ ਪੁਲਸ ਨੇ ਮਹਿਲਾ ਅਧਿਆਪਕ ਸਰਬਜੀਤ ਕੌਰ ਦੇ ਕਤਲ ਦੇ ਦੋਸ਼ 'ਚ ਇਕ ਔਰਤ ਨੂੰ ਗ੍ਰਿਫਤਾਰ ਕੀਤਾ ਹੈ, ਜੋ ਕਿ ਮੁੱਖ ਦੋਸ਼ੀ ਹਰਵਿੰਦਰ ਸਿੰਘ ਸੰਧੂ ਦੀ ਮਾਂ ਦੱਸੀ ਜਾ ਰਹੀ ਹੈ। ਪੁਲਸ ਮੁਤਾਬਕ ਮਹਿਲਾ ਅਧਿਆਪਕ ਸਰਬਜੀਤ ਕੌਰ 6 ਸਾਲਾਂ ਤੋਂ ਹਰਵਿੰਦਰ ਸਿੰਘ ਸੰਧੂ ਨਾਲ ਲਿਵ ਇਨ ਰਿਲੇਸ਼ਨਸ਼ਿਪ 'ਚ ਰਹਿ ਰਹੀ ਸੀ ਅਤੇ ਉਸ 'ਤੇ ਵਿਆਹ ਦਾ ਦਬਾਅ ਬਣਾ ਰਹੀ ਸੀ, ਜਦੋਂ ਕਿ ਹਰਵਿੰਦਰ ਪਹਿਲਾਂ ਹੀ ਵਿਆਹੁਤਾ ਸੀ। ਇਹੀ ਕਾਰਨ ਹੈ ਕਿ ਮਾਂ-ਪੁੱਤ ਨੇ ਮਿਲ ਕੇ ਸਰਬਜੀਤ ਦੇ ਕਤਲ ਦੀ ਸਾਜਿਸ਼ ਰਚੀ ਅਤੇ ਫਿਰ 5 ਦਸੰਬਰ ਨੂੰ ਕਾਰ 'ਚ ਆਏ ਦੋਸ਼ੀਆਂ ਨੇ ਸੰਨੀ ਇਨਕਲੇਵ 'ਚ ਸਥਿਤ ਦਿ ਨਾਲੇਜ ਬਸ ਗਲੋਬਲ ਸਕੂਲ ਬਾਹਰ ਸਰਬਜੀਤ ਕੌਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ।
2 ਧੀਆਂ ਦਾ ਪਿਓ ਹੈ ਹਰਵਿੰਦਰ
ਐੱਸ. ਐੱਚ. ਓ. ਨੇ ਦੱਸਿਆ ਕਿ ਸ਼ੁਰੂਆਤੀ ਜਾਂਚ 'ਚ ਇਹ ਪਤਾ ਲੱਗਿਆ ਹੈ ਕਿ ਸਰਬਜੀਤ ਕੌਰ ਇਹ ਜ਼ਿੱਦ ਕਰ ਰਹੀ ਸੀ ਕਿ ਹਰਵਿੰਦਰ ਸਿੰਘ ਉਸ ਨਾਲ ਵਿਆਹ ਕਰੇ ਪਰ ਕਿਉਂਕਿ ਹਰਵਿੰਦਰ ਪਹਿਲਾਂ ਹੀ ਵਿਆਹੁਤਾ ਸੀ ਅਤੇ ਉਸ ਦੀਆਂ 2 ਧੀਆਂ ਸਨ, ਇਸ ਕਾਰਨ ਉਹ ਤਿਆਰ ਨਹੀਂ ਸੀ। ਪੁਲਸ ਮੁਤਾਬਕ ਸਿੰਦਰ ਕੌਰ ਜੋ ਫਰਾਂਸ 'ਚ ਰਹਿ ਰਹੀ ਸੀ, ਇਸੇ ਸਾਲ ਅਕਤੂਬਰ 'ਚ ਭਾਰਤ ਆਈ ਸੀ। ਉਸ ਨੇ ਹਰਵਿੰਦਰ ਸਿੰਘ ਦੀ ਪਤਨੀ ਕਰਮਜੀਤ ਕੌਰ ਨੂੰ ਕਰੀਬ ਇਕ ਮਹੀਨਾ ਪਹਿਲਾਂ ਹੀ ਵਿਦੇਸ਼ ਭੇਜ ਦਿੱਤਾ ਸੀ ਤਾਂ ਜੋ ਉਸ ਦੀ ਇਹ ਯੋਜਨਾ ਨਾ ਲੀਕ ਹੋ ਜਾਵੇ।
ਪਿਛਲੇ ਮਹੀਨੇ ਹੀ ਘਰੋਂ ਚਲਾ ਗਿਆ ਸੀ ਹਰਵਿੰਦਰ
ਐੱਸ. ਐੱਚ. ਓ. ਨੇ ਦੱਸਿਆ ਕਿ ਹਰਵਿੰਦਰ ਸਿੰਘ ਨੇ ਪਿਛਲੇ ਮਹੀਨੇ ਆਪਣਾ ਘਰ ਛੱਡ ਦਿੱਤਾ ਸੀ ਅਤੇ ਉਸ ਨੇ ਕਿਹਾ ਸੀ ਕਿ ਉਹ ਪੂਰੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਹੀ ਘਰ ਵਾਪਸ ਆਵੇਗਾ। ਪੁਲਸ ਮੁਤਾਬਕ ਹੁਣ ਤੱਕ ਹਰਵਿੰਦਰ ਸਬੰਧੀ ਕੁਝ ਵੀ ਪਤਾ ਨਹੀਂ ਹੈ ਅਤੇ ਉਸ ਦੀ ਫੋਨ ਵੀ ਇਕ ਮਹੀਨੇ ਤੋਂ ਬੰਦ ਆ ਰਿਹਾ ਹੈ। ਪੁਲਸ ਨੇ ਉਮੀਦ ਜਤਾਈ ਹੈ ਕਿ ਜਲਦੀ ਹੀ ਮੁੱਖ ਦੋਸ਼ੀ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਕਤਲ ਖੁਦ ਕੀਤਾ ਜਾਂ ਕਰਵਾਇਆ, ਇਹ ਸਾਫ ਨਹੀਂ
ਖਰੜ ਥਾਣੇ ਦੇ ਐੱਸ. ਐੱਚ. ਓ. ਅਮਨਦੀਪ ਸਿੰਘ ਨੇ ਦੱਸਿਆ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਸੀ ਕਿ ਇਸ ਕੇਸ 'ਚ ਹਰਵਿੰਦਰ ਸਿੰਘ ਸ਼ਾਮਲ ਸੀ ਪਰ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਇਹ ਕਤਲ ਉਸਨੇ ਖੁਦ ਕੀਤਾ ਹੈ ਜਾਂ ਕਿਸੇ ਤੋਂ ਕਰਾਇਆ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਕਤਲ ਤੋਂ ਬਾਅਦ ਪੁਲਸ ਟੀਮ ਬਰਨਾਲਾ ਨੇੜੇ ਹਰਵਿੰਦਰ ਦੇ ਜੱਦੀ ਪਿੰਡ ਅਲਕਾਡਾ ਗਈ ਸੀ ਅਤੇ ਉੱਥੋਂ ਜਾਣਕਾਰੀ ਹਾਸਲ ਕੀਤੀ ਸੀ। ਐੱਸ. ਐੱਚ. ਓ. ਨੇ ਦੱਸਿਆ ਕਿ ਕਤਲ ਤੋਂ ਬਾਅਦ ਉਹ ਇਕ ਕਾਰ 'ਚ ਭੱਜਣ 'ਚ ਸਫਲ ਹੋ ਗਿਆ ਸੀ ਅਤੇ ਪੁਲਸ ਨੇ ਇਸ ਸਬੰਧੀ ਖਰੜ ਸਦਰ ਥਾਣੇ 'ਚ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਸੀ।


Babita

Content Editor

Related News