ਖੰਨਾ ਪੁਲਸ ਦੀ ਵੱਡੀ ਕਾਮਯਾਬੀ: ਪ੍ਰੇਮ ਵੈਸ਼ਨੋ ਢਾਬਾ ਫਾਇਰਿੰਗ ਮਾਮਲੇ ''ਚ 2 ਮੁੱਖ ਸ਼ੂਟਰਾਂ ਸਣੇ 5 ਗ੍ਰਿਫ਼ਤਾਰ

Saturday, May 09, 2026 - 04:26 AM (IST)

ਖੰਨਾ ਪੁਲਸ ਦੀ ਵੱਡੀ ਕਾਮਯਾਬੀ: ਪ੍ਰੇਮ ਵੈਸ਼ਨੋ ਢਾਬਾ ਫਾਇਰਿੰਗ ਮਾਮਲੇ ''ਚ 2 ਮੁੱਖ ਸ਼ੂਟਰਾਂ ਸਣੇ 5 ਗ੍ਰਿਫ਼ਤਾਰ

ਖੰਨਾ (ਵਿਪਨ) : ਖੰਨਾ ਪੁਲਸ ਨੇ ਜੀਟੀ ਰੋਡ ਸਥਿਤ ਪ੍ਰੇਮ ਵੈਸ਼ਨੋ ਢਾਬੇ ’ਤੇ ਹੋਈ ਫਾਇਰਿੰਗ ਦੇ ਮਾਮਲੇ ਨੂੰ ਸੁਲਝਾਉਂਦੇ ਹੋਏ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲਸ ਨੇ ਇਸ ਕੇਸ ਵਿੱਚ 2 ਮੁੱਖ ਸ਼ੂਟਰਾਂ ਸਮੇਤ ਪੰਜ ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਦੌਰਾਨ ਇੱਕ ਮੁਲਜ਼ਮ ਹਥਿਆਰ ਬਰਾਮਦ ਕਰਾਉਣ ਸਮੇਂ ਪੁਲਸ ਨੂੰ ਚਕਮਾ ਦੇ ਕੇ ਭੱਜਣ ਦੀ ਕੋਸ਼ਿਸ਼ ਵਿੱਚ ਛੱਤ ਤੋਂ ਛਾਲ ਮਾਰ ਬੈਠਾ, ਜਿਸ ਕਾਰਨ ਉਹ ਜ਼ਖਮੀ ਹੋ ਗਿਆ।

ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਡਾ. ਦਰਪਣ ਆਹਲੂਵਾਲੀਆ ਨੇ ਦੱਸਿਆ ਕਿ 1 ਮਈ ਦੀ ਸਵੇਰ ਜੀਟੀ ਰੋਡ ’ਤੇ ਸਥਿਤ ਪ੍ਰੇਮ ਵੈਸ਼ਨੋ ਢਾਬੇ ’ਤੇ ਅਣਪਛਾਤੇ ਬਦਮਾਸ਼ਾਂ ਵੱਲੋਂ ਫਾਇਰਿੰਗ ਕੀਤੀ ਗਈ ਸੀ। ਇਸ ਘਟਨਾ ਤੋਂ ਬਾਅਦ ਖੰਨਾ ਪੁਲਸ ਦੀਆਂ ਵੱਖ-ਵੱਖ ਟੀਮਾਂ ਨੂੰ ਤੁਰੰਤ ਜਾਂਚ ਲਈ ਲਗਾਇਆ ਗਿਆ। ਕੇਸ ਨੂੰ ਟਰੇਸ ਕਰਨ ਲਈ ਕਰੀਬ 150 ਕਿਲੋਮੀਟਰ ਦੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਗਈ, ਜਿਸ ਤੋਂ ਬਾਅਦ ਪੁਲਸ 2 ਮੁੱਖ ਸ਼ੂਟਰਾਂ ਤੱਕ ਪਹੁੰਚਣ ਵਿੱਚ ਕਾਮਯਾਬ ਰਹੀ। ਪੁਲਸ ਨੇ ਸਾਹਿਬ ਸਾਹਿਬਜੋਤ ਸਿੰਘ ਵਾਸੀ ਪਿੰਡ ਫਲੌਡ ਕਲਾਂ, ਥਾਣਾ ਸਦਰ ਅਹਿਮਦਗੜ੍ਹ, ਜ਼ਿਲ੍ਹਾ ਮਲੇਰਕੋਟਲਾ ਅਤੇ ਮਨੀਸ਼ ਸ਼ਰਮਾ ਵਾਸੀ ਬਸੰਤ ਨਗਰ, ਸ਼ਿਮਲਾਪੁਰੀ ਨੂੰ ਮੋਹਾਲੀ ਤੋਂ ਗ੍ਰਿਫਤਾਰ ਕੀਤਾ। ਪੁੱਛਗਿੱਛ ਦੌਰਾਨ ਦੋਵਾਂ ਨੇ ਕਬੂਲਿਆ ਕਿ ਢਾਬੇ ’ਤੇ ਗੋਲੀਆਂ ਉਹਨਾਂ ਨੇ ਹੀ ਚਲਾਈਆਂ ਸਨ।

PunjabKesari

ਐੱਸਐੱਸਪੀ ਨੇ ਦੱਸਿਆ ਕਿ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਪਰਵਿੰਦਰ ਸਿੰਘ ਉਰਫ ਲਾਡੀ ਵਾਸੀ ਪਿੰਡ ਚੜੀ, ਜੋ ਇਸ ਵੇਲੇ ਪੀਰਖਾਨਾ ਰੋਡ ਖੰਨਾ ਵਿਖੇ ਰਹਿੰਦਾ ਹੈ, ਨੇ ਆਪਣੇ ਸਾਥੀਆਂ ਅਮਨਦੀਪ ਸਿੰਘ ਉਰਫ ਅਮਨੀ, ਵਿਵੇਕ ਸਿੰਘ ਉਰਫ ਵਿੱਕੀ ਅਤੇ ਮੁਹੰਮਦ ਅਖਤਰ ਨਾਲ ਮਿਲ ਕੇ ਪੂਰੀ ਸਾਜ਼ਿਸ਼ ਰਚੀ ਸੀ। ਇਨ੍ਹਾਂ ਵੱਲੋਂ ਸ਼ੂਟਰਾਂ ਨੂੰ ਪਿਸਟਲ, ਚੋਰੀ ਦਾ ਮੋਟਰਸਾਈਕਲ ਅਤੇ ਰਹਿਣ ਲਈ ਟਿਕਾਣਾ ਮੁਹੱਈਆ ਕਰਵਾਇਆ ਗਿਆ ਸੀ, ਜਦਕਿ ਮੁਹੰਮਦ ਅਖਤਰ ਨੇ ਪ੍ਰੇਮ ਢਾਬੇ ਦੀ ਰੇਕੀ ਕੀਤੀ ਸੀ। ਪੁਲਸ ਨੇ ਮੁੱਖ ਸ਼ੂਟਰਾਂ ਤੋਂ ਇਲਾਵਾ ਅਮਨਦੀਪ ਸਿੰਘ ਅਮਨੀ, ਵਿਵੇਕ ਸਿੰਘ ਵਿੱਕੀ ਅਤੇ ਮੁਹੰਮਦ ਅਖਤਰ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਹਾਲਾਂਕਿ ਇਸ ਮਾਮਲੇ ਦਾ ਸਾਜ਼ਿਸ਼ਕਾਰ ਪਰਵਿੰਦਰ ਸਿੰਘ ਲਾਡੀ ਅਜੇ ਫਰਾਰ ਦੱਸਿਆ ਜਾ ਰਿਹਾ ਹੈ, ਜਿਸ ਦੀ ਭਾਲ ਲਈ ਛਾਪੇਮਾਰੀ ਜਾਰੀ ਹੈ।

ਐੱਸਐੱਸਪੀ ਡਾ. ਦਰਪਣ ਆਹਲੂਵਾਲੀਆ ਨੇ ਦੱਸਿਆ ਕਿ ਮਨੀਸ਼ ਸ਼ਰਮਾ ਦੀ ਪੁੱਛਗਿੱਛ ਦੌਰਾਨ ਇਹ ਜਾਣਕਾਰੀ ਮਿਲੀ ਕਿ ਵਾਰਦਾਤ ਵਿੱਚ ਵਰਤਿਆ ਗਿਆ ਹਥਿਆਰ ਪਿੰਡ ਇਸੜੂ ਨੇੜੇ ਇੱਕ ਪੈਟਰੋਲ ਪੰਪ ਕੋਲ ਮੋਟਰ ਦੀ ਛੱਤ ’ਤੇ ਲੁਕਾਇਆ ਗਿਆ ਹੈ। ਇਸ ਤੋਂ ਬਾਅਦ ਸਿਟੀ ਥਾਣਾ 1 ਦੇ ਐਸਐਚਓ ਦੀ ਅਗਵਾਈ ਹੇਠ ਪੁਲਸ ਪਾਰਟੀ ਮਨੀਸ਼ ਸ਼ਰਮਾ ਨੂੰ ਨਾਲ ਲੈ ਕੇ ਮੌਕੇ ’ਤੇ ਪੁੱਜੀ। ਹਥਿਆਰ ਬਰਾਮਦ ਕਰਾਉਣ ਦੌਰਾਨ ਮਨੀਸ਼ ਨੇ ਅਚਾਨਕ ਮੋਟਰ ਦੀ ਛੱਤ ਤੋਂ ਛਾਲ ਮਾਰ ਦਿੱਤੀ, ਜਿਸ ਨਾਲ ਉਹ ਜ਼ਖਮੀ ਹੋ ਗਿਆ। ਪੁਲਸ ਨੇ ਤੁਰੰਤ ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ।

ਇਹ ਵੀ ਪੜ੍ਹੋ : ਭਿਆਨਕ ਹਾਦਸਾ: ਬੇਕਾਬੂ ਕੈਂਟਰ ਨੇ ਕਈ ਵਾਹਨ ਦਰੜੇ, ਇੱਕ ਦੀ ਮੌਤ; ਤਿੰਨ ਗੰਭੀਰ ਜ਼ਖਮੀ

ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਸ਼ਗਨਪ੍ਰੀਤ ਸਿੰਘ ਉਰਫ ਸ਼ਗਨ, ਜੋ ਇਸ ਸਮੇਂ ਆਸਟਰੇਲੀਆ ਵਿੱਚ ਰਹਿੰਦਾ ਹੈ ਅਤੇ ਗੈਂਗਸਟਰ ਡੋਨੀ ਬਲ ਦੇ ਸੰਪਰਕ ਵਿੱਚ ਹੈ, ਇਸ ਸਾਰੀ ਸਾਜ਼ਿਸ਼ ਨਾਲ ਜੁੜਿਆ ਹੋ ਸਕਦਾ ਹੈ। ਪੁਲਸ ਮੁਤਾਬਕ ਸ਼ਗਨਪ੍ਰੀਤ ਅਤੇ ਡੋਨੀ ਬਲ ਮਿਲ ਕੇ ਪੰਜਾਬ ਵਿੱਚ ਫਿਰੌਤੀਆਂ ਮੰਗਣ ਅਤੇ ਦਹਿਸ਼ਤ ਫੈਲਾਉਣ ਵਾਲੀਆਂ ਕਈ ਵਾਰਦਾਤਾਂ ਕਰਵਾ ਚੁੱਕੇ ਹਨ। ਪੁਲਸ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਤੋਂ ਹੋਰ ਵੀ ਗੰਭੀਰ ਖੁਲਾਸਿਆਂ ਦੀ ਸੰਭਾਵਨਾ ਹੈ ਅਤੇ ਪੁੱਛਗਿੱਛ ਜਾਰੀ ਹੈ। ਇਸ ਤੋਂ ਇਲਾਵਾ ਮਨੀਸ਼ ਸ਼ਰਮਾ ਖਿਲਾਫ ਪਹਿਲਾਂ ਵੀ ਸਾਲ 2023 ਵਿੱਚ ਮੋਹਾਲੀ ਦੇ ਸੋਹਾਣਾ ਥਾਣੇ ਵਿੱਚ ਇੱਕ ਮਾਮਲਾ ਦਰਜ ਹੋਣ ਦੀ ਪੁਸ਼ਟੀ ਹੋਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News