ਖੰਨਾ : ''ਜੰਗਲ'' ਬਣੀ ਸਰਕਾਰੀ ਡਿਸਪੈਂਸਰੀ, ਅੰਦਰ ਜਾਣੋਂ ਡਰਦੇ ਨੇ ਮਰੀਜ਼

Thursday, Jan 17, 2019 - 04:49 PM (IST)

ਖੰਨਾ : ''ਜੰਗਲ'' ਬਣੀ ਸਰਕਾਰੀ ਡਿਸਪੈਂਸਰੀ, ਅੰਦਰ ਜਾਣੋਂ ਡਰਦੇ ਨੇ ਮਰੀਜ਼

ਖੰਨਾ (ਬਿਪਨ) : ਗਰੀਬ ਮਜ਼ਦੂਰਾਂ ਤੇ ਆਮ ਕਰਮਚਾਰੀਆਂ ਨੂੰ ਸਿਹਤ ਸਹੂਲਤਾਂ ਦੇਣ ਦੇ ਵੱਡੇ-ਵੱਡੇ ਦਾਅਵੇ ਕਰਦੀ ਸਰਕਾਰ ਦੀ ਖੁਦ ਦੀ ਡਿਸਪੈਂਸਰੀ ਨੇ ਹੀ ਜੰਗਲ ਦਾ ਰੂਪ ਧਾਰਨ ਕਰ ਲਿਆ ਹੈ, ਜਿੱਥੇ ਮਰੀਜ਼ ਵੀ ਅੰਦਰ ਜਾਣ ਤੋਂ ਡਰਦੇ ਹਨ। ਜਾਣਕਾਰੀ ਮੁਤਾਬਕ ਖੰਨਾ ਦੀ ਈ. ਐੱਸ. ਆਈ. ਡਿਸਪੈਂਸਰੀ 'ਚ ਰੋਜ਼ਾਨਾ ਕਰੀਬ 100 ਮਰੀਜ਼ ਪੁੱਜਦੇ ਹਨ ਪਰ ਇਹ ਡਿਸਪੈਂਸਰੀ ਖੁਦ ਬੀਮਾਰ ਦਿਖਾਈ ਦੇ ਰਹੀ ਹੈ। ਅਧਿਕਾਰੀ ਇਸ ਦੀ ਖਸਤਾ ਹਾਲਤ ਪਿੱਛੇ ਸਟਾਫ ਦੀ ਕਮੀ ਦੱਸ ਰਹੇ ਹਨ। 
ਇਸ ਡਿਸਪੈਂਸਰੀ ਦੀ ਇਮਾਰਤ ਤਾਂ ਬਹੁਤ ਵੱਡੀ ਹੈ ਪਰ ਇਸ ਦੀ ਖਸਤਾ ਹਾਲਤ ਕਾਰਨ ਕੋਈ ਵੀ ਅੰਦਰ ਜਾਣ ਦੀ ਹਿੰਮਤ ਨਹੀਂ ਕਰਦਾ ਅਤੇ ਜੇਕਰ ਕੋਈ ਅੰਦਰ ਚਲਾ ਵੀ ਜਾਵੇ ਤਾਂ ਟੁੱਟੀਆਂ ਖਿੜਕੀਆਂ ਅਤੇ ਚਾਰੇ ਪਾਸੇ ਘਾਹ-ਫੂਸ ਤੇ ਵੱਡੀਆਂ-ਵੱਡੀਆਂ ਝਾੜੀਆਂ ਦੇਖ ਕੇ ਡਰ ਜਾਂਦਾ ਹੈ। ਇੰਨੀ ਵੱਡੀ ਡਿਸਪੈਂਸਰੀ 'ਚ ਸਿਰਫ 2 ਲੋਕ ਹੀ ਕੰਮ ਕਰਦੇ ਹਨ, ਜਿਨ੍ਹਾਂ 'ਚੋਂ ਇਕ ਡਾਕਟਰ ਤੇ ਦੂਜਾ ਉਸ ਦਾ ਸਹਾਇਕ ਹੈ। ਇਸ ਬਾਰੇ ਸਮਾਜ ਸੇਵਕਾਂ ਦਾ ਕਹਿਣਾ ਹੈ ਕਿ ਸਿਹਤ ਸਹੂਲਤਾਂ ਪਾਉਣਾ ਹਰ ਨਾਗਰਿਕ ਦਾ ਅਧਿਕਾਰ ਹੈ ਅਤੇ ਸਰਕਾਰ ਦਾ ਇਹ ਫਰਜ਼ ਹੈ ਕਿ ਹਰ ਨਾਗਰਿਕ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ। ਜੇਕਰ ਸਰਕਾਰ ਇਹ ਹੀ ਨਹੀਂ ਕਰ ਸਕਦੀ ਤਾਂ ਫਿਰ ਸਮਾਰਟਫੋਨ ਅਤੇ ਨੌਕਰੀਆਂ ਦੇਣ ਦੇ ਵੱਡੇ-ਵੱਡੇ ਵਾਅਦੇ ਕਰਨ ਦਾ ਕੋਈ ਫਾਇਦਾ ਨਹੀਂ ਹੈ। ਇਸ ਸਬੰਧੀ ਜਦੋਂ ਡਿਸਪੈਂਸਰੀ ਦੇ ਇੰਚਾਰਜ ਅਤੇ ਮੈਡੀਕਲ ਅਫਸਰ  ਡਾ. ਏ. ਕੇ. ਸਿੰਗਲਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਰੋਜ਼ਾਨਾ 100 ਮਰੀਜ਼ ਓ. ਪੀ. ਡੀ. 'ਚ ਆਉਂਦੇ ਹਨ ਪਰ ਇਸ ਇਮਾਰਤ ਦੀ ਕੋਈ ਸਾਂਭ-ਸੰਭਾਲ ਨਹੀਂ ਹੈ ਅਤੇ ਸਟਾਫ ਦੀ ਵੀ ਕਮੀ ਹੈ। 


author

Babita

Content Editor

Related News