''ਖੰਨਾ'' ਹੋਇਆ ਕੋਰੋਨਾ ਮੁਕਤ, ਸਿਵਲ ਹਸਪਤਾਲ ''ਚੋਂ 1 ਮਰੀਜ਼ ਤੇ 11 ਹੋਰ ਡਿਸਚਾਰਜ

05/18/2020 8:35:15 AM

ਖੰਨਾ (ਸੁਖਵਿੰਦਰ ਕੌਰ) : ਸਿਵਲ ਹਸਪਤਾਲ ਖੰਨਾ ਤੋਂ ਕੋਰੋਨਾ ਮਰੀਜ਼ਾਂ ਅਤੇ ਕੁਆਰੰਟਾਈਨ ਕੀਤੇ ਉਨ੍ਹਾਂ ਦੇ ਸੰਪਰਕ 'ਚ ਆਉਣ ਵਾਲੇ ਵਿਅਕਤੀਆਂ ਨੂੰ ਡਿਸਚਾਰਜ ਕੀਤਾ ਜਾ ਰਿਹਾ ਹੈ। ਇਸੇ ਤਹਿਤ ਹਸਪਤਾਲ 'ਚੋਂ ਬੀਤੇ ਦਿਨ ਖੰਨਾ ਦੇ ਪਿੰਡ ਕਿਸ਼ਨਗੜ੍ਹ ਦੇ 1 ਕੋਰੋਨਾ ਮਰੀਜ਼ ਨੂੰ ਠੀਕ ਹੋਣ ਉਪਰੰਤ ਡਿਸਚਾਰਜ ਕੀਤਾ ਗਿਆ ਅਤੇ ਪਾਜ਼ੇਟਿਵ ਮਰੀਜ਼ਾਂ ਦੇ ਨਾਲ ਸੰਪਰਕ 'ਚ ਆਉਣ ਵਾਲੇ ਅਤੇ ਬਾਹਰਲੇ ਸੂਬੇ ਤੋਂ ਆਏ 11 ਹੋਰਨਾਂ ਵਿਅਕਤੀਆਂ, ਜਿਨ੍ਹਾਂ ਨੂੰ ਕੁਆਰੰਟਾਈਨ ਕੀਤਾ ਹੋਇਆ ਸੀ, ਡਿਸਚਾਰਜ ਕੀਤਾ ਗਿਆ। ਜ਼ਿਕਰਯੋਗ ਹੈ ਕਿ ਬੀਤੇ ਦਿਨ ਵੀ ਸਿਵਲ ਹਸਪਤਾਲ 'ਚੋਂ ਗਊਸ਼ਾਲਾ ਰੋਡ ਦੀ ਕੋਰੋਨਾ ਪਾਜ਼ੇਟਿਵ ਔਰਤ ਅਤੇ ਭਮੱਦੀ ਦੇ ਕੋਰੋਨਾ ਪਾਜ਼ੇਟਿਵ ਨੌਜਵਾਨ ਨੂੰ ਡਿਸਚਾਰਜ ਕੀਤਾ ਗਿਆ ਸੀ, ਜਿਸ ਕਰਕੇ ਹੁਣ ਖੰਨਾ ਇਲਾਕਾ ਜਲਦ ਹੀ ਕੋਰੋਨਾ ਮੁਕਤੀ ਵੱਲ ਵਧਣ ਲੱਗਾ ਹੈ, ਭਾਵੇਂ ਕਿ ਹੁਣ ਸਿਵਲ ਹਸਪਤਾਲ 'ਚ ਖੰਨਾ ਵਿਧਾਨ ਸਭਾ ਹਲਕੇ ਨਾਲ ਸਬੰਧਿਤ ਕੋਈ ਵੀ ਕੋਰੋਨਾ ਪਾਜ਼ੇਟਿਵ ਮਰੀਜ਼ ਨਹੀਂ ਹੈ।
ਪਾਇਲ ਹਲਕੇ ਦੇ 4 ਹੋਰ ਮਰੀਜ਼ਾਂ ਦੀ ਰਿਪੋਰਟ ਆਈ ਪਾਜ਼ੇਟਿਵ
ਸਿਵਲ ਹਸਪਤਾਲ ਖੰਨਾ 'ਚ ਪਾਇਲ ਹਲਕੇ ਨਾਲ ਸਬੰਧਿਤ ਪਹਿਲਾਂ 3 ਕੋਰੋਨਾ ਮਰੀਜ਼ ਆਈਸੋਲੇਟ ਕੀਤੇ ਹੋਏ ਸਨ। ਦੇਰ ਸ਼ਾਮ ਇਨ੍ਹਾਂ ਦੇ ਸੰਪਰਕ 'ਚ ਆਉਣ ਵਾਲੇ 4 ਹੋਰ ਮਰੀਜ਼ਾਂ ਦੀ ਰਿਪੋਰਟ ਪਾਜ਼ੇਟਿਵ ਆਉਣ ਨਾਲ ਇਨ੍ਹਾਂ ਪਾਜ਼ੇਟਿਵ ਮਰੀਜ਼ਾਂ ਦੀ ਕੁੱਲ ਗਿਣਤੀ 7 ਹੋ ਗਈ ਹੈ। ਸਿਵਲ ਹਸਪਤਾਲ ਖੰਨਾ ਦੇ ਐੱਸ. ਐੱਮ. ਓ. ਡਾ. ਰਜਿੰਦਰ ਗੁਲਾਟੀ ਨੇ ਦੱਸਿਆ ਕਿ ਸਿਵਲ ਹਸਪਤਾਲ 'ਚ ਆਈਸੋਲੇਟ 4 ਕੋਰੋਨਾ ਮਰੀਜ਼ ਸਮੇਤ 22 ਵਿਅਕਤੀ ਕੁਆਰੰਟਾਈਨ ਕੀਤੇ ਹੋਏ ਸਨ, ਜਿਨ੍ਹਾਂ 'ਚੋਂ 1 ਕੋਰੋਨਾ ਮਰੀਜ਼ ਦੇ ਠੀਕ ਹੋਣ ਉਪਰੰਤ ਉਸ ਨੂੰ ਛੁੱਟੀ ਦੇ ਦਿੱਤੀ ਗਈ ਹੈ। ਇਸ ਤੋਂ ਇਲਾਵਾ 18 ਹੋਰ ਆਈਸੋਲੇਟ ਵਿਅਕਤੀਆਂ 'ਚੋਂ 11 ਦੀ ਰਿਪੋਰਟ ਨੈਗੇਟਿਵ ਆਉਣ ਕਰਕੇ ਉਨ੍ਹਾਂ ਨੂੰ ਡਿਸਚਾਰਜ ਕਰ ਦਿੱਤਾ ਗਿਆ ਹੈ। ਇਸ ਤਰ੍ਹਾਂ ਹਸਪਤਾਲ 'ਚੋਂ ਬੀਤੇ ਦਿਨ ਕੁੱਲ 12 ਵਿਅਕਤੀਆਂ ਨੂੰ ਡਿਸਚਾਰਜ ਕੀਤਾ ਗਿਆ ਅਤੇ ਇਸ ਸਮੇਂ ਸਿਵਲ ਹਸਪਤਾਲ 'ਚ 10 ਵਿਅਕਤੀ ਹੀ ਆਈਸੋਲੇਟ ਕੀਤੇ ਹੋਏ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਡਿਸਚਾਰਜ 11 ਵਿਅਕਤੀਆਂ 'ਚੋਂ 5 ਪਾਜ਼ੇਟਿਵ ਕੇਸ ਦੇ ਸੰਪਰਕ 'ਚ ਆਏ ਸਨ ਅਤੇ 6 ਹੋਰ ਸੂਬਿਆਂ ਤੋਂ ਆਏ ਵਿਅਕਤੀ ਸਨ।


Babita

Content Editor

Related News