ਨਿੱਜੀ ਕੰਪਨੀ ਦੀ ਬੱਸ ’ਚ ਕੰਡਕਟਰ ਵਲੋਂ ਲੜਕੀ ਨਾਲ ਛੇਡ਼ਛਾਡ਼

Sunday, Mar 03, 2019 - 03:56 AM (IST)

ਨਿੱਜੀ ਕੰਪਨੀ ਦੀ ਬੱਸ ’ਚ ਕੰਡਕਟਰ ਵਲੋਂ ਲੜਕੀ ਨਾਲ ਛੇਡ਼ਛਾਡ਼
ਖੰਨਾ (ਸੁਨੀਲ)-ਸ਼ਹਿਰ ਦੀ ਇਕ ਨਿੱਜੀ ਕੰਪਨੀ ਦੀ ਬੱਸ ’ਚ ਕੰਡਕਟਰ ਵਲੋਂ ਲੜਕੀ ਨਾਲ ਛੇਡ਼ਛਾਡ਼ ਦੇ ਮੁੱਦੇ ’ਤੇ 2 ਧਿਰਾਂ ਅੱਜ ਜਰਗ ਚੌਕ ’ਚ ਭਿਡ਼ ਗਈਆਂ । ਇਕ ਧਿਰ ਵਲੋਂ ਪਹਿਲਾਂ ਕੰਡਕਟਰ ਨਾਲ ਕੁੱਟ-ਮਾਰ ਕੀਤੀ ਗਈ ਤਾਂ ਇਸ ’ਚ ਟਰਾਂਸਪੋਰਟਰ ਅਤੇ ਉਸਦੇ ਸਾਥੀਆਂ ਨੇ ਕੁੱਟ-ਮਾਰ ਕਰਨ ਵਾਲੇ ਪੱਖ ਦੇ ਇਕ ਨੌਜਵਾਨ ਨੂੰ ਫਡ਼ ਖੂਬ ਕੁੱਟਿਆ। ਬਾਅਦ ’ਚ ਉਸਨੂੰ ਦਫ਼ਤਰ ’ਚ ਲੈ ਜਾ ਕੇ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ। ਇਸਦੀ ਇਕ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ ਹੈ, ਜਿਸ ’ਚ ਟਰਾਂਸਪੋਰਟਰ ਅਤੇ ਉਸਦੇ ਸਾਥੀ ਨੌਜਵਾਨ ਨੂੰ ਕੁੱਟ ਦੇ ਦਿਖਾਈ ਦੇ ਰਹੇ ਹਨ । ਕੰਡਕਟਰ ਨਾਲ ਕੁੱਟ-ਮਾਰ ਕਰਨ ਵਾਲੀ ਧਿਰ ਦਾ ਦੋਸ਼ ਸੀ ਕਿ ਜਨਰਲ ਟਰਾਂਸਪੋਰਟ ਕੰਪਨੀ ਦੀ ਬੱਸ ’ਚ ਕੰਡਕਟਰ ਲੜਕੀ ਨਾਲ ਛੇਡ਼ਛਾਡ਼ ਕਰਦਾ ਆ ਰਿਹਾ ਸੀ। ਕੰਡਕਟਰ ਨੇ ਲੜਕੀ ਨੂੰ ਜ਼ਬਰਦਸਤੀ ਮੋਬਾਇਲ ਨੰਬਰ ਦੇਣ ਦੀ ਕੋਸ਼ਿਸ਼ ਵੀ ਕੀਤੀ, ਜਿਸ ’ਤੇ ਲੜਕੀ ਨੇ ਇਸਦੀ ਸੂਚਨਾ ਆਪਣੇ ਪਰਿਵਾਰ ਵਾਲਿਆਂ ਨੂੰ ਦਿੱਤੀ ਅਤੇ ਲੜਕੀ ਦੇ ਪਰਿਵਾਰ ਦਾ ਇਕ ਮੈਂਬਰ ਆਪਣੇ ਕੁਝ ਸਾਥੀਆਂ ਨੂੰ ਲੈ ਕੇ ਜਰਗ ਚੌਕ ’ਚ ਪਹੁੰਚ ਗਿਆ। ਜਿੱਥੇ ਕੰਡਕਟਰ ਨੂੰ ਸਮਝਾਉਣ ’ਤੇ ਉਹ ਉਲਟਾ ਉਨ੍ਹਾਂ ’ਤੇ ਰੋਹਬ ਝਾਡ਼ਨ ਲੱਗਾ, ਜਿਸ ’ਤੇ ਗੁਸਾਏ ਨੌਜਵਾਨਾਂ ਨੇ ਉਸ ਨਾਲ ਕੁੱਟ-ਮਾਰ ਕੀਤੀ। ਰੌਲਾ ਸੁਣ ਕੇ ਕੋਲ ਹੀ ਟਰਾਂਸਪੋਰਟ ਦੇ ਆਫਿਸ ’ਚ ਬੈਠਾ ਮਾਲਕ ਆਪਣੇ ਕੁਝ ਸਾਥੀਆਂ ਸਮੇਤ ਉੱਥੇ ਪਹੁੰਚਿਆ, ਜਿਨ੍ਹਾਂ ਨੂੰ ਦੇਖਕੇ ਕੁੱਟ-ਮਾਰ ਕਰਨ ਵਾਲੇ ਨੌਜਵਾਨ ਭੱਜ ਨਿਕਲੇ। ਇਨ੍ਹਾਂ ’ਚੋਂ ਇਕ ਨੌਜਵਾਨ ਨੂੰ ਫਡ਼ ਲਿਆ ਗਿਆ, ਜਿਸਨੂੰ ਟਰਾਂਸਪੋਰਟਰ ਦੇ ਸਾਥੀਆਂ ਨੇ ਚੌਕ ’ਚ ਹੀ ਇਸ ਨੌਜਵਾਨ ਨੂੰ ਖੂਬ ਕੁੱਟਿਆ। ਬਾਅਦ ਵਿੱਚ ਟਰਾਂਸਪੋਰਟਰ ਸਾਥੀਆਂ ਨਾਲ ਨੌਜਵਾਨ ਨੂੰ ਆਪਣੇ ਦਫ਼ਤਰ ’ਚ ਲੈ ਗਿਆ। ਇਸ ਸਬੰਧੀ ਟਰਾਂਸਪੋਰਟਰ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਹੈ। ਵੀਡੀਓ ਤਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ । ਜੇਕਰ ਵੀਡੀਓ ’ਚ ਉਹ ਕਿਸੇ ਨਾਲ ਕੁੱਟ-ਮਾਰ ਕਰਦੇ ਹਨ ਤਾਂ ਉਨ੍ਹਾਂ ਨੂੰ ਦਫਤਰ ਆ ਕੇ ਦਿਖਾ ਦਿੱਤਾ ਜਾਵੇ। ਇਸ ਸਬੰਧੀ ਸਿਟੀ ਥਾਣਾ-2 ਦੇ ਐੱਸ. ਐੱਚ. ਓ. ਦਵਿੰਦਰ ਸਿੰਘ ਨੇ ਮਾਮਲੇ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਦੋਨੋਂ ਧਿਰਾਂ ਥਾਣੇ ’ਚ ਆ ਗਈਆਂ ਹਨ । ਦੋਨਾਂ ਦੇ ਬਿਆਨ ਲੈ ਕੇ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ।

Related News