''ਖਾਲਸਾ ਏਡ'' ਨੇ ਗੋਦ ਲਿਆ ਸਿਕਲੀਗਰ ਸਿੱਖਾਂ ਦਾ ਪਿੰਡ, ਗੁਰਬੱਤ ਤੇ ਗਰੀਬੀ ''ਚ ਰਹਿ ਰਹੇ ਲੋਕਾਂ ਦੀ ਫੜੀ ਬਾਂਹ (ਤਸਵੀਰਾਂ)
Saturday, Jul 08, 2017 - 11:34 AM (IST)
ਮੱਧ ਪ੍ਰਦੇਸ਼— ਦੁਨੀਆ ਭਰ ਵਿਚ ਕੁਦਰਤੀ ਆਫਤਾਂ, ਗਰੀਬੀ ਨਾਲ ਜੂਝ ਰਹੇ ਲੋਕਾਂ ਲਈ ਮਸੀਹਾ ਬਣ ਕੇ ਬਹੁੜਨ ਵਾਲੀ ਸਮਾਜ ਭਲਾਈ ਸੰਸਥਾ 'ਖਾਲਸਾ ਏਡ' ਨੇ ਮੱਧ ਪ੍ਰਦੇਸ਼ ਦੇ ਇਕ ਸਿਕਲੀਗਰ ਸਿੱਖਾਂ ਦੇ ਇਕ ਪਿੰਡ ਨੂੰ ਗੋਦ ਲਿਆ ਅਤੇ ਉਸ ਦੀ ਕਿਸਮਤ ਸੰਵਾਰਨ ਦਾ ਫੈਸਲਾ ਕੀਤਾ ਹੈ। ਮੱਧ ਪ੍ਰਦੇਸ਼ ਦੇ ਅੰਜੜ ਪਿੰਡ ਦੇ ਨਾਲ ਲੱਗਦੇ ਪਿੰਡ ਵਿਚ ਵੱਡੀ ਗਿਣਤੀ ਵਿਚ ਸਿਕਲੀਗਰ ਸਿੱਖ ਰਹਿੰਦੇ ਹਨ, ਜੋ ਔਜਾਰ ਬਣਾ ਕੇ ਅਤੇ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਪਾਲਦੇ ਹਨ ਅਤੇ ਇਸ ਦੇ ਨਾਲ ਹੀ ਗੁਰੂ ਦੀ ਬਾਣੀ ਰਸ ਮਾਣਦੇ ਹਨ। ਪਰ ਇਹ ਲੋਕ ਗਰੀਬੀ ਅਤੇ ਗੁਰਬਤ ਦਾ ਜੀਵਨ ਬਿਤਾ ਰਹੇ ਹਨ। ਇਸ ਪਿੰਡ ਵਿਚ ਬੁਨਿਆਦੀ ਸਹੂਲਤਾਂ ਨਹੀਂ ਹਨ। ਦੋ ਟਾਈਮ ਦੀ ਰੋਟੀ ਕਮਾਉਣ ਦਾ ਜੁਗਾੜ ਅਤੇ ਪਾਣੀ ਢੋਣ ਦਾ ਕੰਮ ਇਨ੍ਹਾਂ ਲੋਕਾਂ ਨੂੰ ਜੀਵਨ ਦਾ ਆਨੰਦ ਮਾਨਣ ਦਾ ਮੌਕਾ ਨਹੀਂ ਦਿੰਦਾ। ਖਾਲਸਾ ਏਡ ਦੇ ਕੌਮੀ ਇੰਚਾਰਜ ਅਮਨਪ੍ਰੀਤ ਨੇ ਦੱਸਿਆ ਕਿ ਸੰਸਥਾ ਨੇ ਇਸ ਪਿੰਡ ਨੂੰ ਗੋਦ ਲੈ ਕੇ ਇਸ ਦੇ ਵਿਕਾਸ ਦਾ ਕੰਮ ਸ਼ੁਰੂ ਕਰ ਦਿੱਤਾ ਹੈ।
ਖਾਲਸਾ ਏਡ ਨੇ ਪਿੰਡ 'ਚ ਕਰਵਾਇਆ ਪਾਣੀ ਦਾ ਬੋਰ—
ਇਸ ਪਿੰਡ ਵਿਚ ਪਾਣੀ ਦਾ ਕੋਈ ਪ੍ਰਬੰਧ ਨਹੀਂ ਹੈ। ਜਿਸ ਕਰਕੇ ਖਾਲਸਾ ਏਡ ਨੇ ਸਭ ਤੋਂ ਪਹਿਲਾਂ ਇੱਥੇ ਪਾਣੀ ਦਾ ਬੋਰ ਕਰਵਾ ਕੇ ਲੋਕਾਂ ਨੂੰ ਪਾਣੀ ਦੀ ਸਹੂਲਤ ਮੁਹੱਈਆ ਕਰਵਾਈ ਹੈ। ਇਸ ਤੋਂ ਪਹਿਲਾਂ ਇੱਥੇ ਤਿੰਨ-ਚਾਰ ਦਿਨਾਂ ਬਾਅਦ ਸਰਕਾਰੀ ਟੈਂਕਰ ਆਉਂਦਾ ਸੀ, ਜਿਸ ਤੋਂ ਇਹ ਲੋਕ ਪਾਣੀ ਲੈ ਕੇ ਸਟੋਰ ਕਰ ਲੈਂਦੇ ਸਨ ਜਾਂ ਫਿਰ ਇਨ੍ਹਾਂ ਨੂੰ ਦੂਰ-ਦਰਾਡੇ ਇਲਾਕਿਆਂ 'ਚੋਂ ਲੱਗੀਆਂ ਟੂਟੀਆਂ ਤੋਂ ਪਾਣੀ ਢੋਣਾ ਪੈਂਦਾ ਸੀ। ਇਲਾਕੇ ਦੇ ਬੱਚੇ ਸਿੱਖਿਆ ਤੋਂ ਵਾਂਝੇ ਹਨ। ਇਸ ਲਈ ਖਾਲਸਾ ਏਡ ਦਾ ਅਗਲਾ ਟੀਚਾ ਇੱਥੋਂ ਦੇ ਬੱਚਿਆਂ ਨੂੰ ਆਸ-ਪਾਸ ਦੇ ਵਧੀਆ ਸਕੂਲਾਂ ਵਿਚ ਦਾਖਲ ਕਰਵਾ ਕੇ ਉਨ੍ਹਾਂ ਨੂੰ ਪੜ੍ਹਾਈ ਦਾ ਹੱਕ ਦੇਣਾ ਹੈ। ਮੌਜੂਦਾ ਸਮੇਂ ਵਿਚ ਸਿਰਫ 7 ਬੱਚੇ ਹੀ ਸਕੂਲਾਂ ਵਿਚ ਪੜ੍ਹਾਈ ਰਹੇ ਹਨ ਬਾਕੀ ਸਾਰੇ ਘਰਾਂ ਦੀਆਂ ਮਜ਼ਬੂਰੀਆਂ ਕਾਰਨ ਪੜ੍ਹਾਈ ਛੱਡ ਚੁੱਕੇ ਹਨ। ਖਾਲਸਾ ਏਡ ਵੱਲੋਂ ਪਿੰਡ ਦੇ ਲੋਕਾਂ ਦੇ ਕੱਚੇ ਮਕਾਨਾਂ ਨੂੰ ਬਣਵਾਇਆ ਜਾਵੇਗਾ। ਇਹ ਲੋਕ ਕੱਚੇ ਮਕਾਨਾਂ ਵਿਚ ਰਹਿੰਦੇ ਹਨ। ਘਰਾਂ ਵਿਚ ਬਾਥਰੂਮ ਅਤੇ ਪਖਾਨਿਆਂ ਦੀ ਸਹੂਲਤ ਵੀ ਨਹੀਂ ਹੈ। ਖਾਲਸਾ ਏਡ ਵੱਲੋਂ ਪਹਿਲੇ ਪਿੰਡ ਦੇ 25 ਪਰਿਵਾਰਾਂ ਲਈ ਪੱਕੇ ਘਰ ਬਣਾਏ ਜਾਣਗੇ। ਇਸ ਤੋਂ ਇਲਾਵਾ ਖਾਲਸਾ ਏਡ ਪਿੰਡ ਦੇ ਲੋਕਾਂ ਨੂੰ ਉਨ੍ਹਾਂ ਦੀ ਸਮਰੱਥਾ ਅਤੇ ਪ੍ਰਤਿਭਾ ਦੇ ਮੁਤਾਬਕ ਰੁਜ਼ਗਾਰ ਵੀ ਮੁਹੱਈਆ ਕਰਵਾਏਗੀ ਤਾਂ ਜੋ ਇਹ ਲੋਕ ਆਪਣਾ ਗੁਜ਼ਾਰਾ ਆਪ ਕਰ ਸਕਣ।
