''ਖਾਕੀ'' ਨੇ ਵਰਕਰਾਂ ਨੂੰ ਸਿੱਧੂ ਦੀ ਕੋਠੀ ਜਾਣ ਤੋਂ ਰੋਕਿਆ

Monday, Apr 02, 2018 - 06:30 AM (IST)

ਅੰਮ੍ਰਿਤਸਰ,  (ਵੜੈਚ)-   ਜਲ ਸਪਲਾਈ ਐਂਡ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਤੇ ਮਹਿਲਾ ਤਾਲਮੇਲ ਸੰਘਰਸ਼ ਕਮੇਟੀ ਦੇ ਵਰਕਰਾਂ ਤੇ ਪਰਿਵਾਰਕ ਮੈਂਬਰਾਂ ਨੇ ਮੰਗਾਂ ਪੂਰੀਆਂ ਨਾ ਹੋਣ ਦੇ ਵਿਰੋਧ 'ਚ ਹੋਲੀ ਸਿਟੀ ਪਾਣੀ ਵਾਲੀ ਟੈਂਕੀ ਪਾਰਕ ਵਿਖੇ ਰੈਲੀ ਕਰਨ ਉਪਰੰਤ ਪੈਦਲ ਰੋਸ ਮਾਰਚ ਕਰਦਿਆਂ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਵਰਕਰਾਂ ਨੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਰਾਹੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਂ ਮੰਗ ਪੱਤਰ ਦਿੱਤਾ। ਕੈਬਨਿਟ ਮੰਤਰੀ ਦੀ ਜਗ੍ਹਾ ਉਨ੍ਹਾਂ ਦੇ ਪੀ. ਏ. ਜਸਮੀਤ ਸਿੰਘ ਸੋਢੀ ਨੇ ਮੰਗ ਪੱਤਰ ਲਿਆ।
ਸਰਕਲ ਅੰਮ੍ਰਿਤਸਰ ਤੇ ਤਰਨਤਾਰਨ ਦੇ ਵਰਕਰਾਂ ਰਾਜਬੀਰ ਕੌਰ, ਨਿਰਮਲਜੀਤ ਕੌਰ, ਅਮਨਦੀਪ ਕੌਰ, ਰਾਜਵਿੰਦਰ ਕੌਰ, ਸਰਬਜੀਤ ਕੌਰ, ਸੁਖਜੀਤ ਕੌਰ, ਮਨਪ੍ਰੀਤ ਕੌਰ, ਕੁਲਦੀਪ ਸਿੰਘ ਵਿਰਕ ਤੇ ਨਰਿੰਦਰ ਸਿੰਘ ਵਲਟੋਹਾ ਨੇ ਕਿਹਾ ਕਿ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ 'ਚ ਜਲ ਸਪਲਾਈ ਸਕੀਮਾਂ ਅਤੇ ਦਫਤਰਾਂ ਵਿਚ ਕੰਮ ਕਰਦੇ ਕਰਮਚਾਰੀ ਕਿਰਤ ਕਾਨੂੰਨ ਅਨੁਸਾਰ ਪੂਰੀਆਂ ਯੋਗਤਾਵਾਂ ਰੱਖਦੇ ਹਨ ਪਰ ਵਿਭਾਗ ਦੀ ਮੈਨੇਜਮੈਂਟ ਮੁਤਾਬਕ 240 ਦਿਨਾਂ ਦੇ ਫੈਸਲਿਆਂ ਸਮੇਤ ਤਜਰਬੇ ਦਾ ਆਧਾਰ ਮੰਨ ਕੇ ਕੇਸ ਤਿਆਰ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸਾਡੇ ਸਾਰੇ ਕਰਮਚਾਰੀ ਤਜਰਬੇ ਵਾਲੇ ਹਨ ਪਰ ਕਰਮਚਾਰੀਆਂ ਨੂੰ ਵਿਭਾਗ ਅਧੀਨ ਨਹੀਂ ਲਿਆਂਦਾ ਜਾ ਰਿਹਾ। ਉਨ੍ਹਾਂ ਕਿਹਾ ਕਿ ਸਮੁੱਚੇ ਫੀਲਡ ਤੇ ਦਫਤਰੀ ਕਾਮਿਆਂ ਨੂੰ ਵਿਭਾਗ ਅਧੀਨ ਲਿਆ ਜਾਵੇ ਤਾਂ ਪੰਜਾਬ ਸਰਕਾਰ 'ਤੇ ਕੋਈ ਬੋਝ ਨਹੀਂ ਪਵੇਗਾ ਸਗੋਂ ਕਰੋੜਾਂ ਰੁਪਏ ਦਾ ਬਚਾਅ ਹੋਵੇਗਾ ਕਿਉਂਕਿ ਕੰਪਨੀਆਂ ਸਰਕਾਰ ਕੋਲੋਂ ਮੁਨਾਫੇ 'ਤੇ 18 ਫੀਸਦੀ ਜੀ. ਐੱਸ. ਟੀ. ਦੇ ਕਰੋੜਾਂ ਰੁਪਏ ਬਟੋਰ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਸਰਕਾਰ ਨੇ ਘਰ-ਘਰ ਰੋਜ਼ਗਾਰ ਦੇਣ ਦੇ ਚੋਣਾਂ ਦੌਰਾਨ ਵਾਅਦੇ ਕੀਤੇ ਸਨ ਪਰ ਦੂਸਰੇ ਪਾਸੇ ਨੌਜਵਾਨਾਂ ਨੂੰ ਬੇਰੋਜ਼ਗਾਰ ਕੀਤਾ ਜਾ ਰਿਹਾ ਹੈ। ਘਰਾਂ ਦੇ ਗੁਜ਼ਾਰੇ ਹੋਣੇ ਮੁਸ਼ਕਲ ਹੋ ਰਹੇ ਹਨ। ਔਰਤਾਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਮੰਗਾਂ ਨੂੰ ਪੂਰਾ ਨਾ ਕੀਤਾ ਤਾਂ ਅਸੀਂ ਆਪਣੇ ਪਤੀਆਂ ਨਾਲ ਸੰਘਰਸ਼ ਕਰਾਂਗੀਆਂ।  ਰੈਲੀ ਦੌਰਾਨ ਰੋਸ ਪ੍ਰਦਰਸ਼ਨ ਤੋਂ ਬਾਅਦ ਪੈਦਲ ਮਾਰਚ ਦੌਰਾਨ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦਿਆਂ ਜਦੋਂ ਸੈਂਕੜੇ ਵਰਕਰਾਂ ਤੇ ਔਰਤਾਂ ਨੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਕੋਠੀ ਵੱਲ ਕੂਚ ਕੀਤਾ ਤਾਂ ਪੁਲਸ ਨੇ ਬੈਰੀਅਰ ਲਾ ਕੇ ਰਸਤਾ ਬੰਦ ਕਰਦਿਆਂ ਪ੍ਰਦਰਸ਼ਨਕਾਰੀਆਂ ਨੂੰ ਅੱਗੇ ਨਹੀਂ ਜਾਣ ਦਿੱਤਾ, ਜਿਸ ਦੇ ਰੋਸ ਵਜੋਂ ਵਰਕਰਾਂ ਨੇ ਸੜਕ 'ਤੇ ਬੈਠ ਕੇ ਸਰਕਾਰ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਵਰਕਰਾਂ ਦਾ ਰੋਸ ਦੇਖਦਿਆਂ ਮੰਤਰੀ ਸਿੱਧੂ ਦੇ ਪੀ. ਏ. ਜਸਮੀਤ ਸਿੰਘ ਸੋਢੀ ਨੇ ਮੌਕੇ 'ਤੇ ਪਹੁੰਚ ਕੇ ਕੈਬਨਿਟ ਮੰਤਰੀ ਜ਼ਰੀਏ ਮੁੱਖ ਮੰਤਰੀ ਤੱਕ ਭੇਜਿਆ ਜਾਣ ਵਾਲਾ ਮੰਗ ਪੱਤਰ ਲੈ ਲਿਆ।
ਇਸ ਮੌਕੇ ਕਾਬਲ ਸਿੰਘ, ਰਵੇਲ ਸਿੰਘ, ਗੁਰਸਾਹਿਬ ਸਿੰਘ, ਗੁਰਮੀਤ ਸਿੰਘ ਕੋਟਲਾ, ਰਾਜਬੀਰ ਸਿੰਘ, ਜਗੀਰ ਸਿੰਘ, ਸੁਖਦੇਵ ਸਿੰਘ, ਕੁਲਦੀਪ ਸਿੰਘ, ਸੰਦੀਪ ਸਿੰਘ, ਪ੍ਰਦੁਮਨ ਸਿੰਘ ਆਦਿ ਮੌਜੂਦ ਸਨ।


Related News