ਖਹਿਰਾ, ਮਾਨਸ਼ਾਹੀਆ ਤੇ ਸੰਦੋਆ ਦੇ ਅਸਤੀਫਿਆਂ 'ਤੇ ਫੈਸਲਾ ਟਲਿਆ

05/22/2019 11:31:34 AM

ਚੰਡੀਗੜ੍ਹ,(ਭੁੱਲਰ) : ਆਮ ਆਦਮੀ ਪਾਰਟੀ ਤੋਂ ਵੱਖ ਹੋ ਕੇ ਵਿਧਾਇਕ ਅਹੁਦਿਆਂ ਤੋਂ ਅਸਤੀਫਾ ਦੇਣ ਵਾਲੇ ਸੁਖਪਾਲ ਸਿੰਘ ਖਹਿਰਾ, ਨਾਜਰ ਸਿੰਘ ਮਾਨਸ਼ਾਹੀਆ ਅਤੇ ਅਮਰਜੀਤ ਸਿੰਘ ਸੰਦੋਆ ਦੇ ਮਾਮਲਿਆਂ 'ਤੇ ਫੈਸਲਾ ਫਿਲਹਾਲ ਟਲ ਗਿਆ ਹੈ। ਜ਼ਿਕਰਯੋਗ ਹੈ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਵਲੋਂ ਇਨ੍ਹਾਂ ਨੂੰ ਅੱਜ ਆਪਣਾ ਪੱਖ ਰੱਖਣ ਲਈ ਬੁਲਾਇਆ ਗਿਆ ਸੀ ਪਰ ਇਹ ਨਹੀਂ ਪਹੁੰਚੇ। ਇਸ ਦੇ ਮੱਦੇਨਜ਼ਰ ਸਪੀਕਰ ਨੇ ਇਨ੍ਹਾਂ ਦੇ ਅਸਤੀਫ਼ੇ ਨੂੰ ਮਨਜ਼ੂਰ ਕਰਨ ਸਬੰਧੀ ਮਾਮਲਿਆਂ ਦਾ ਫੈਸਲਾ ਕੁੱਝ ਦਿਨਾਂ ਲਈ ਅੱਗੇ ਪਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ 23 ਮਈ ਨੂੰ ਲੋਕ ਸਭਾ ਦੇ ਨਤੀਜਿਆਂ ਤੋਂ ਬਾਅਦ ਇਨ੍ਹਾਂ ਨੂੰ ਮੁੜ ਬੁਲਾਇਆ ਜਾਵੇਗਾ। ਫੂਲਕਾ ਦੇ ਅਸਤੀਫ਼ੇ ਦਾ ਫੈਸਲਾ ਵੀ ਇਨ੍ਹਾਂ ਨਾਲ ਹੀ ਹੋਵੇਗਾ। ਜ਼ਿਕਰਯੋਗ ਹੈ ਕਿ ਖਹਿਰਾ ਨੇ ਚੋਣਾਂ ਦੇ ਕੰਮ 'ਚ ਰੁੱਝੇ ਹੋਣ ਕਾਰਨ ਅੱਜ ਪੇਸ਼ ਨਾ ਹੋ ਸਕਣ ਤੋਂ ਅਸਮਰਥਾ ਜਤਾਈ ਸੀ। ਇਸੇ ਤਰ੍ਹਾਂ ਮਾਨਸ਼ਾਹੀਆ ਨੇ ਸਪੀਕਰ ਨੂੰ ਆਪਣਾ ਕੋਈ ਘਰੇਲੂ ਰੁਝੇਵਾਂ ਦੱਸਿਆ ਸੀ। ਸੰਦੋਆ ਵਲੋਂ ਕਿਹਾ ਗਿਆ ਕਿ ਉਨ੍ਹਾਂ ਨੂੰ ਅਜੇ ਨੋਟਿਸ ਨਹੀਂ ਮਿਲਿਆ। ਇਸ ਦੇ ਮੱਦੇਨਜ਼ਰ ਸਪੀਕਰ ਨੇ ਅੱਜ ਅਸਤੀਫ਼ਿਆਂ ਨੂੰ ਮਨਜ਼ੂਰ ਕਰਨ ਦਾ ਫੈਸਲਾ ਕੁੱਝ ਦਿਨਾਂ ਲਈ ਅੱਗੇ ਪਾਇਆ ਹੈ।


Related News