ਲੰਗਾਹ ਵਾਂਗ ਬੀਬੀ ਜਗੀਰ ਕੌਰ ਨੂੰ ਵੀ ਸਿੱਖ ਪੰਥ ''ਚੋਂ ਛੇਕਿਆ ਜਾਵੇ : ਖਹਿਰਾ

Sunday, Oct 08, 2017 - 07:33 AM (IST)

ਲੰਗਾਹ ਵਾਂਗ ਬੀਬੀ ਜਗੀਰ ਕੌਰ ਨੂੰ ਵੀ ਸਿੱਖ ਪੰਥ ''ਚੋਂ ਛੇਕਿਆ ਜਾਵੇ : ਖਹਿਰਾ

ਚੰਡੀਗੜ੍ਹ  (ਸ਼ਰਮਾ) - ਆਮ ਆਦਮੀ ਪਾਰਟੀ ਦੇ ਉਘੇ ਨੇਤਾ ਅਤੇ ਪੰਜਾਬ 'ਚ ਵਿਰੋਧੀ ਧਿਰ ਦੇ ਮੁਖੀ ਸੁਖਪਾਲ ਸਿੰਘ ਖਹਿਰਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਆਪਣੀ ਬੇਟੀ ਦੇ ਸੰਬੰਧ 'ਚ ਹਾਈਕੋਰਟ ਵਲੋਂ ਸਜ਼ਾ ਪ੍ਰਾਪਤ ਐੱਸ. ਜੀ. ਪੀ. ਸੀ. ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਵੀ ਪੰਥ 'ਚੋਂ ਛੇਕਿਆ ਜਾਵੇ।  ਖਹਿਰਾ ਨੇ ਜਥੇਦਾਰ ਨੂੰ ਲਿਖੇ ਪੱਤਰ 'ਚ ਉਨ੍ਹਾਂ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਅੱਜ ਟੈਲੀਫੋਨ ਉੱਪਰ ਤੁਹਾਡੇ ਨਾਲ ਕੀਤੀ ਗਈ ਚਰਚਾ ਅਨੁਸਾਰ ਇਸ ਪੱਤਰ ਰਾਹੀਂ ਉਹ ਬੀਬੀ ਜਗੀਰ ਕੌਰ ਸਾਬਕਾ ਪ੍ਰਧਾਨ ਐੱਸ. ਜੀ. ਪੀ. ਸੀ ਦਾ ਮਾਮਲਾ ਤੁਹਾਡੇ ਧਿਆਨ ਵਿਚ ਲਿਆਉਣਾ ਚਾਹੁੰਦੇ ਹਨ , ਜਿਸ ਨੂੰ ਕਿ ਬਹੁ-ਚਰਚਿਤ ਹਰਪ੍ਰੀਤ ਕੌਰ ਕਤਲ ਕਾਂਡ ਵਿਚ ਸੀ. ਬੀ. ਆਈ. ਦੀ ਸਪੈਸ਼ਲ ਕੋਰਟ ਪਟਿਆਲਾ ਨੇ 2012 ਵਿਚ 5 ਸਾਲ ਦੀ ਬਾ-ਮੁਸ਼ੱਕਤ ਸਜ਼ਾ ਸੁਣਾਈ ਸੀ।  ਦੱਸਣ ਦੀ ਲੋੜ ਨਹੀਂ ਕਿ ਜਬਰਨ ਗਰਭਪਾਤ ਸਿੱਖ ਮਰਿਆਦਾ ਵਿਚ ਇਕ ਵੱਡਾ ਘਾਣ ਹੈ ਪਰ ਹੈਰਾਨੀਜਨਕ ਹੈ ਕਿ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਉਹ ਸਿੱਖ ਕੌਮ ਦੀ ਪਵਿੱਤਰ ਸੰਸਥਾ ਐੱਸ. ਜੀ. ਪੀ. ਸੀ ਦੀ ਮੈਂਬਰ ਬਰਕਰਾਰ ਹੈ। ਐੱਸ. ਜੀ. ਪੀ. ਸੀ ਨੂੰ ਤਾਂ ਉਸ ਨੂੰ 5 ਸਾਲ ਦੀ ਸਜ਼ਾ ਸੁਣਾਏ ਜਾਣ ਸਮੇਂ ਹੀ ਬਾਹਰ ਕੱਢ ਦੇਣਾ ਚਾਹੀਦਾ ਸੀ ਪਰ ਉਨ੍ਹਾਂ ਨੂੰ ਇਹ ਕਹਿੰਦੇ ਹੋਏ ਅਫਸੋਸ ਹੈ ਕਿ ਅਜਿਹੇ ਸਜ਼ਾਯਾਫਤਾ ਅਪਰਾਧੀ ਦੀ ਐੱਸ. ਜੀ. ਪੀ. ਸੀ ਮੈਂਬਰੀ ਖਾਰਿਜ ਨਹੀਂ ਕਰ ਸਕਿਆ। ਉਨ੍ਹਾ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਅਕਾਲੀ ਲੀਡਰ ਸੁੱਚਾ ਸਿੰਘ ਲੰਗਾਹ ਖਿਲਾਫ ਜਬਰ-ਜ਼ਨਾਹ ਦੀ ਸਿਰਫ ਇਕ ਐੱਫ.ਆਈ.ਆਰ ਦਰਜ ਹੋਣ 'ਤੇ ਹੀ ਉਸਨੂੰ ਸਿੱਖ ਪੰਥ ਵਿਚੋਂ ਛੇਕ ਦਿੱਤਾ ਗਿਆ ਹੈ। ਇਸ ਲਈ ਹੁਣ ਇਹ ਦੋਹਰਾ ਮਾਪਦੰਡ ਤੇ ਪੱਖ-ਪਾਤ ਹੋਵੇਗਾ, ਜੇਕਰ ਬੀਬੀ ਜਗੀਰ ਕੌਰ ਨੂੰ ਸਿੱਖ ਪੰਥ ਵਿਚੋਂ ਨਹੀਂ ਛੇਕਿਆ ਜਾਂਦਾ ।


Related News