ਖਹਿਰਾ ਨੇ ਕੀਤੀ 5 ਪੋਲੀਟੀਕਲ ਸਕੱਤਰਾਂ ਦੀ ਨਿਯੁਕਤੀ

Sunday, Aug 20, 2017 - 10:01 AM (IST)


ਚੰਡੀਗੜ੍ਹ(ਸ਼ਰਮਾ) - ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਸ਼ਨੀਵਾਰ ਨੂੰ 5 ਪੋਲੀਟੀਕਲ ਸਕੱਤਰਾਂ ਦੀ ਨਿਯੁਕਤੀ ਕੀਤੀ। ਹਾਲਾਂਕਿ ਇਨ੍ਹਾਂ ਨਿਯੁਕਤੀਆਂ ਦਾ ਮਕਸਦ ਲੋਕਹਿੱਤ ਵਿਚ ਵਿਰੋਧੀ ਧਿਰ ਦੇ ਨੇਤਾ ਦੇ ਦਫ਼ਤਰ ਨੂੰ ਸੁਚਾਰੂ ਢੰਗ ਨਾਲ ਚਲਾਉਣਾ ਤੇ ਆਮ ਆਦਮੀ ਪਾਰਟੀ ਸੰਗਠਨ ਤੇ ਵਿਰੋਧੀ ਧਿਰ ਨੇਤਾ ਦੇ ਦਫ਼ਤਰ ਵਿਚਕਾਰ ਤਾਲਮੇਲ ਬਿਠਾਉਣਾ ਕਿਹਾ ਗਿਆ ਹੈ ਪਰ ਜਾਣਕਾਰਾਂ ਦਾ ਕਹਿਣਾ ਹੈ ਕਿ ਖਹਿਰਾ ਨੇ ਇਹ ਨਿਯੁਕਤੀਆਂ ਕਰ ਕੇ ਵਿਧਾਇਕ ਦਲ ਦੇ ਨਾਲ-ਨਾਲ ਪਾਰਟੀ ਸੰਗਠਨ ਵਿਚ ਵੀ ਆਪਣੀ ਪਕੜ ਮਜ਼ਬੂਤ ਕਰਨ ਦੀ ਕਵਾਇਦ ਸ਼ੁਰੂ ਕੀਤੀ ਹੈ, ਕਿਉਂਕਿ ਨਿਯੁਕਤ ਕੀਤੇ ਗਏ ਪਾਰਟੀ ਦੇ ਦੂਸਰੀ ਕਤਾਰ ਦੇ ਇਹ ਨੇਤਾ ਇਸ ਤੋਂ ਪਹਿਲਾਂ ਵੀ ਆਮ ਆਦਮੀ ਪਾਰਟੀ ਢਾਂਚੇ ਵਿਚ ਮਹੱਤਵਪੂਰਨ ਅਹੁਦਿਆਂ ਉਤੇ ਕੰਮ ਕਰ ਚੁੱਕੇ ਹਨ।  
ਨਿਯੁਕਤ ਕੀਤੇ ਗਏ ਪੋਲੀਟੀਕਲ ਸਕੱਤਰਾਂ ਵਿਚ ਸੁਖਮਨ ਸਿੰਘ ਬੱਲ ਆਮ ਆਦਮੀ ਪਾਰਟੀ ਦੇ ਅੰਮ੍ਰਿਤਸਰ ਤੋਂ ਯੂਥ ਵਿੰਗ ਦੇ ਪ੍ਰਧਾਨ ਰਹਿ ਚੁੱਕੇ ਹਨ, ਜਦਕਿ ਦਵਿੰਦਰ ਸਿੰਘ ਸਿੱਧੂ ਪਾਰਟੀ ਦੇ ਆਰ. ਟੀ. ਆਈ. ਸੰਗਰੂਰ ਵਿੰਗ ਦੇ ਸਾਬਕਾ ਇੰਚਾਰਜ ਹਨ। ਇਸੇ ਤਰ੍ਹਾਂ ਪਾਰਟੀ ਦੇ ਆਰ. ਟੀ. ਆਈ. ਵਿੰਗ ਸਨੌਰ (ਪਟਿਆਲਾ) ਦੇ ਸਾਬਕਾ ਇੰਚਾਰਜ ਦਲਵਿੰਦਰ ਸਿੰਘ ਧੰਜੂ, ਪਾਰਟੀ ਦੇ ਬਠਿੰਡਾ ਜ਼ੋਨ ਦੇ ਸਾਬਕਾ ਕੋਆਰਡੀਨੇਟਰ ਦੀਪਕ ਬਾਂਸਲ ਤੇ ਪਾਰਟੀ ਦੇ ਕਿਸਾਨ ਸੈੱਲ ਦੇ ਸਾਬਕਾ ਉਪ ਪ੍ਰਧਾਨ ਕਰਨਦੀਪ ਸਿੰਘ ਖੱਖ ਨਿਯੁਕਤ ਕੀਤੇ ਗਏ।


Related News