ਅੰਮ੍ਰਿਤਸਰ ਆਏ ਸੈਲਾਨੀ ਨਾਲ ਟੈਕਸੀ ਡਰਾਈਵਰਾਂ ਨੇ ਕੀਤੀ ਕੁੱਟਮਾਰ
Thursday, Oct 17, 2024 - 11:16 AM (IST)
ਅੰਮ੍ਰਿਤਸਰ (ਜਸ਼ਨ)-ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਆਏ ਮੁੰਬਈ ਨਿਵਾਸੀ ਵਿਨੋਦ ਚੋਪੜਾ ਦੀ ਬੀਤੀ ਰਾਤ ਰਣਜੀਤ ਐਵੇਨਿਊ ਸਥਿਤ ਹੋਟਲ ਦੇ ਬਾਹਰ ਇਕ ਨਾਮੀ ਕੰਪਨੀ ਦੇ ਟੈਕਸੀ ਡਰਾਈਵਰਾਂ ਨੇ ਕੁੱਟਮਾਰ ਕੀਤੇ ਜਾਣ ਦਾ ਮਾਮਲਾ ਸਾਹਮਣਾ ਆਇਆ ਹੈ। ਗੁਰੂ ਨਗਰੀ ਵਿਚ ਵਾਪਰੀ ਇਸ ਘਟਨਾ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ। ਜੇਕਰ ਇਸੇ ਤਰ੍ਹਾਂ ਹੀ ਸੈਲਾਨੀਆਂ ਨਾਲ ਕੁੱਟਮਾਰ ਦੀਆਂ ਘਟਨਾਵਾਂ ਹੁੰਦੀਆਂ ਰਹੀਆਂ ਤਾਂ ਫਿਰ ਗੁਰੂ ਨਗਰੀ ਦਾ ਅਕਸ ਸੈਲਾਨੀ ਕੀ ਲੈ ਕੇ ਜਾਣਗੇ, ਇਹ ਸ਼ਾਇਦ ਦੱਸਣ ਦੀ ਜ਼ਰੂਰਤ ਨਹੀਂ ਹੈ।
ਇਸ ਸਬੰਧੀ ਥਾਣਾ ਰਣਜੀਤ ਐਵੇਨਿਊ ਦੀ ਪੁਲਸ ਅਤੇ ਟੈਕਸੀ ਕੰਪਨੀ ਨੂੰ ਸ਼ਿਕਾਇਤਾਂ ਦਿੱਤੀਆਂ ਗਈਆਂ ਹਨ। ਪੀੜਤ ਵਿਨੋਦ ਨੇ ਦੱਸਿਆ ਕਿ ਉਹ ਆਪਣੇ ਭਰਾ ਨਾਲ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਪਹੁੰਚੇ ਸਨ। ਉਸ ਨੇ ਰਣਜੀਤ ਐਵੇਨਿਊ ਦੇ ਬੀ ਬਲਾਕ ਵਿਚ ਇਕ ਹੋਟਲ ਵਿੱਚ ਕਮਰਾ ਬੁੱਕ ਕਰਵਾਇਆ ਸੀ। ਰਾਤ 9 ਵਜੇ ਮੁੰਬਈ ਲਈ ਵਾਪਸੀ ਦੀ ਫਲਾਈਟ ਸੀ, 7 ਵਜੇ ਉਸ ਨੇ ਇਕ ਪ੍ਰਾਈਵੇਟ ਕੰਪਨੀ ਦੀ ਟੈਕਸੀ ਬੁੱਕ ਕਰਵਾਈ ਸੀ, ਜੋ 7:15 ’ਤੇ ਉਹ ਹੋਟਲ ਦੇ ਹੇਠਾਂ ਪਾਰਕਿੰਗ ’ਤੇ ਪਹੁੰਚ ਗਿਆ।
ਇਹ ਵੀ ਪੜ੍ਹੋ- ਅੰਮ੍ਰਿਤਸਰ : ਹੈਰੀਟੇਜ ਸਟਰੀਟ 'ਤੇ ਖੜ੍ਹਾ ਹੋਇਆ ਵੱਡਾ ਵਿਵਾਦ, ਨਿਹੰਗ ਸਿੰਘਾਂ ਨੇ ਦਿੱਤੀ ਚਿਤਾਵਨੀ
ਵਾਰ-ਵਾਰ ਡਰਾਈਵਰ ਨੂੰ ਫੋਨ ਕਰਨ ’ਤੇ ਵੀ ਕੋਈ ਤਸੱਲੀਬਖਸ਼ ਜਵਾਬ ਨਹੀਂ ਮਿਲ ਰਿਹਾ ਸੀ। ਲੋਕੇਸ਼ਨ ਚੈੱਕ ਕਰਨ ’ਤੇ ਟੈਕਸੀ ਉਸੇ ਥਾਂ ’ਤੇ ਦਿਖਾਈ ਦੇ ਰਹੀ ਸੀ, ਜਿੱਥੇ 15 ਮਿੰਟ ਪਹਿਲਾਂ ਦਿੱਤੀ ਗਈ ਸੀ। ਇਸ ਤੋਂ ਬਾਅਦ ਉਸ ਨੇ ਟੈਕਸੀ ਰੱਦ ਕਰ ਦਿੱਤੀ ਅਤੇ ਉਸੇ ਕੰਪਨੀ ਦੀ ਇੱਕ ਹੋਰ ਟੈਕਸੀ ਬੁੱਕ ਕਰਵਾਈ। ਉਥੇ ਵੀ ਮੋਬਾਈਲ ਵਿਚ ਲੋਕੇਸ਼ਨ ਪਹਿਲਾਂ ਵਰਗੀ ਹੀ ਦਿੱਖ ਸੀ। ਇਹ ਡਰਾਈਵਰ ਵੀ ਜਲਦੀ ਪਹੁੰਚਣ ਬਾਰੇ ਝੂਠ ਬੋਲ ਰਿਹਾ ਸੀ, ਕਿਉਂਕਿ ਉਹ ਲਗਾਤਾਰ ਟੈਕਸੀ ਦੀ ਲੋਕੇਸ਼ਨ ਚੈੱਕ ਕਰ ਰਿਹਾ ਸੀ। ਕੰਪਨੀ ਦੀ ਸਾਈਟ ’ਤੇ ਦੋਵੇਂ ਟੈਕਸੀਆਂ ਇੱਕੋ ਥਾਂ ’ਤੇ ਦਿਖਾਈ ਦੇ ਰਹੀਆਂ ਸਨ।
ਫਲਾਈਟ ਛੁੱਟ ਜਾਣ ਦੇ ਡਰ ਕਾਰਨ ਉਸ ਨੇ ਫਿਰ ਇਕ ਹੋਰ ਪ੍ਰਾਈਵੇਟ ਕੰਪਨੀ ਦੀ ਰਾਈਡ ਬੁੱਕ ਕਰਵਾਈ। ਕੁਝ ਦੇਰ ਬਾਅਦ ਟੈਕਸੀ ਹੋਟਲ ਦੇ ਹੇਠਾਂ ਪਹੁੰਚ ਗਈ, ਜਿਵੇਂ ਹੀ ਉਸ ਨੇ ਟੈਕਸੀ ਵਿਚ ਸਾਮਾਨ ਰੱਖਣ ਦੀ ਕੋਸ਼ਿਸ਼ ਕੀਤੀ ਤਾਂ ਰੱਦ ਕੀਤੀ ਟੈਕਸੀ ਦੇ ਦੋਵੇਂ ਡਰਾਈਵਰ ਆਪਣੇ ਕੁਝ ਸਾਥੀਆਂ ਸਮੇਤ ਉਸ ਕੋਲ ਪਹੁੰਚ ਗਏ ਅਤੇ ਉਸ ਦਾ ਸਾਮਾਨ ਖੋਹਣ ਦੀ ਕੋਸ਼ਿਸ ਕੀਤੀ ਅਤੇ ਜਦੋਂ ਵਿਰੋਧ ਕੀਤਾ ਗਿਆ ਤਾਂ ਉਕਤ ਡਰਾਈਵਰਾਂ ਨੇ ਗਾਲੀ-ਗਲੋਚ ਕਰਨਾ ਸ਼ੁਰੂ ਕਰ ਦਿੱਤਾ ਅਤੇ ਨਵਾਂ ਆਇਆ ਹੋਰ ਗੱਡੀ ਦਾ ਡਰਾਈਵਰ ਡਰ ਕੇ ਭੱਜ ਗਿਆ।
ਇਹ ਵੀ ਪੜ੍ਹੋ- ਵੱਡੀ ਖ਼ਬਰ: SGPC ਨੇ ਗਿਆਨੀ ਹਰਪ੍ਰੀਤ ਸਿੰਘ ਦਾ ਅਸਤੀਫ਼ਾ ਕੀਤਾ ਰੱਦ
ਪੀੜਤ ਵਿਨੋਦ ਨੇ ਮੋਬਾਈਲ ਰਾਹੀਂ ਹੋਟਲ ਵਿਚ ਰੁਕੇ ਆਪਣੇ ਭਰਾ ਅਤੇ ਉਸ ਦੇ ਦੋਸਤ ਨੂੰ ਸੂਚਨਾ ਦਿੱਤੀ। ਕੁਝ ਸਮੇਂ ਬਾਅਦ ਉਹ ਹੋਟਲ ਦੇ ਹੇਠਾਂ ਪਾਰਕਿੰਗ ਵਿਚ ਪਹੁੰਚ ਗਿਆ। ਵਿਨੋਦ ਨੇ ਦੋਸ਼ ਲਾਇਆ ਕਿ ਪਾਰਕਿੰਗ ਵਿੱਚ 8-10 ਟੈਕਸੀ ਡਰਾਈਵਰਾਂ ਨੇ ਉਸ ਨਾਲ ਦੁਰਵਿਵਹਾਰ ਅਤੇ ਹੱਥੋਪਾਈ ਵੀ ਹੋਈ। ਇਸ ਤੋਂ ਬਾਅਦ ਡਰਾਈਵਰਾਂ ਨੇ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਪੀੜਤ ਨੇ ਦੋਸ਼ ਲਾਇਆ ਕਿ ਉਕਤ ਡਰਾਇਵਰਾਂ ਨੇ ਉਨ੍ਹਾਂ ਦਾ ਕੁਝ ਸਾਮਾਨ ਵੀ ਲੁੱਟ ਲਿਆ ਗਿਆ ਹੈ। ਇਸ ਸਬੰਧੀ ਥਾਣਾ ਰਣਜੀਤ ਐਵੀਨਿਊ ਦੀ ਪੁਲਸ ਨੂੰ ਸ਼ਿਕਾਇਤ ਦੇ ਕੇ ਸਾਰੇ ਮਾਮਲੇ ਦੀ ਜਾਂਚ ਕਰ ਕੇ ਉਕਤ ਡਰਾਇਵਰਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।
ਕੀ ਕਹਿਣਾ ਹੈ ਥਾਣਾ ਇੰਚਾਰਜ ਦਾ
ਥਾਣਾ ਰਣਜੀਤ ਐਵੇਨਿਊ ਦੀ ਐੱਸ. ਐੱਚ. ਓ. ਮੈਡਮ ਰਾਜਵੰਤ ਕੌਰ ਦਾ ਕਹਿਣਾ ਹੈ ਕਿ ਉਕਤ ਮਾਮਲੇ ਸਬੰਧੀ ਪ੍ਰਾਈਵੇਟ ਕੰਪਨੀ ਦੇ ਟੈਕਸੀ ਡਰਾਇਵਰਾਂ ਦਾ ਪਤਾ ਲਗਾਇਆ ਜਾ ਰਿਹਾ ਹੈ, ਜਿਨ੍ਹਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8