ਪਿੰਡ ਕਮਾਸਕਾ ਦੇ ਘਰ ''ਚੋਂ 5 ਤੋਲੇ ਸੋਨਾ ਤੇ ਨਕਦੀ ਚੋਰੀ
Wednesday, Oct 30, 2024 - 09:20 PM (IST)

ਲੋਪੋਕੇ (ਸਤਨਾਮ) : ਪੁਲਸ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਕੁਮਾਰਸਕਾ ਵਿਖੇ ਬੀਤੀ ਰਾਤ ਚੋਰਾਂ ਵੱਲੋਂ ਇੱਕ ਘਰ 'ਚ ਵੜ ਕੇ ਲੱਖਾਂ ਰੁਪਏ ਦੇ ਗਹਿਣੇ ਅਤੇ ਨਕਦੀ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹਰਭਜਨ ਸਿੰਘ ਵਾਸੀ ਚੋਗਾਵਾਂ ਨੇ ਦੱਸਿਆ ਕਿ ਮੇਰੀ ਭੈਣ ਨਵਪ੍ਰੀਤ ਕੌਰ ਪਤਨੀ ਸ਼ਰਨਜੀਤ ਸਿੰਘ ਪਿੰਡ ਕੁਮਾਸਕਾ ਜੋ ਕਿ ਝਗੜੇ ਕਾਰਨ ਘਰੋਂ ਬਾਹਰ ਸਨ ਤੇ ਘਰ ਵਿੱਚ ਕੋਈ ਵੀ ਮੈਂਬਰ ਮੌਜੂਦ ਨਹੀਂ ਸੀ। ਜਦੋਂ ਅਸੀਂ ਘਰ 'ਚ ਝਾਤੀ ਮਾਰਨ ਗਏ ਤਾਂ ਘਰ ਦੇ ਕਮਰੇ ਦੇ ਦਰਵਾਜੇ ਖੁੱਲੇ ਹੋਏ ਸਨ ਤੇ ਕਮਰੇ 'ਚ ਪਈ ਅਲਮਾਰੀ ਟੁੱਟੀ ਹੋਈ ਸੀ ਜਿਸ ਵਿੱਚੋਂ 5 ਤੋਲੇ ਸੋਨੇ ਦੇ ਗਹਿਣੇ ਤੇ 10 ਹਜ਼ਾਰ ਨਕਦੀ ਚੋਰੀ ਹੋ ਗਈ।
ਉਨ੍ਹਾਂ ਇਹ ਵੀ ਦੱਸਿਆ ਕਿ ਇਸ ਤੋਂ ਪਹਿਲੋਂ ਉਨ੍ਹਾਂ ਦੀਆਂ ਦੋ ਮੱਝਾਂ ਵੀ ਚੋਰੀ ਹੋ ਗਈਆਂ ਸਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪੁਲਸ ਥਾਣਾ ਲੋਪੋਕੇ ਵਿਖੇ ਦਰਖਾਸਤ ਦਿੱਤੀ ਗਈ ਤੇ ਪੁਲਸ ਨੂੰ ਸ਼ੱਕੀ ਵਿਅਕਤੀਆਂ ਸਬੰਧੀ ਵੀ ਜਾਣਕਾਰੀ ਦਿੱਤੀ ਗਈ। ਇਸ ਸਬੰਧੀ ਪੁਲਸ ਥਾਣਾ ਲੋਪੋਕੇ ਦੇ ਐੱਸਐੱਚਓ ਅਮਨਦੀਪ ਸਿੰਘ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਕਿਹਾ ਕਿ ਇਸ ਸਬੰਧੀ ਦਰਖਾਸਤ ਆਈ ਹੈ ਤੇ ਛਾਣਬੀਣ ਕੀਤੀ ਜਾ ਰਹੀ ਹੈ, ਜੋ ਵੀ ਦੋਸ਼ੀ ਪਾਇਆ ਗਿਆ ਉਸ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ।