ਕੇਜਰੀਵਾਲ ਦੇ ਸਹੀ ਸਮੇਂ ''ਤੇ ਲਏ ਫ਼ੈਸਲਿਆਂ ਨੇ ਕਿਸਾਨ ਅੰਦੋਲਨ ''ਚ ਫੂਕੀ ਨਵੀਂ ਜਾਨ
Saturday, Nov 28, 2020 - 03:38 PM (IST)
ਚੰਡੀਗੜ੍ਹ (ਬਿਊਰੋ) : ਕੇਂਦਰ ਸਰਕਾਰ ਵੱਲੋਂ ਬਣਾਏ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਬੀਤੇ ਲੰਬੇ ਸਮੇਂ ਸੜਕਾਂ 'ਤੇ ਉਤਰਕੇ ਆਪਣੀਆਂ ਜ਼ਮੀਨਾਂ ਬਚਾਉਣ ਲਈ ਲੜਾਈ ਲੜ ਰਹੇ ਕਿਸਾਨਾਂ ਦੇ ਸੰਘਰਸ਼ਾਂ ਨੂੰ ਕੇਂਦਰ ਦੀ ਮੋਦੀ ਅਤੇ ਹਰਿਆਣਾ ਦੀ ਖੱਟਰ ਸਰਕਾਰ ਨੇ ਕੁਚਲਣ ਦੇ ਅਨੇਕਾਂ ਹੱਥ ਕੰਢੇ ਵਰਤੇ। ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਅੰਦੋਲਨ ਕਰ ਰਹੇ ਕਿਸਾਨਾਂ ਦੇ ਹੱਕ 'ਚ ਫ਼ੈਸਲੇ ਲੈ ਕੇ ਪੂਰੇ ਰੋਸ ਪ੍ਰਦਰਸ਼ਨ 'ਚ ਨਵੀਂ ਰੂਹ ਭਰ ਦਿੱਤੀ। ਭਾਜਪਾ ਦੀਆਂ ਹਰਿਆਣਾ ਅਤੇ ਕੇਂਦਰ ਸਰਕਾਰਾਂ ਨੇ ਸਾਰੇ ਅਣਮਨੁੱਖੀ ਤਰੀਕੇ ਵਰਤਦਿਆਂ ਕਿਸਾਨਾਂ ਨੂੰ ਦਿੱਲੀ 'ਚ ਦਾਖ਼ਲ ਹੋਣ ਤੋਂ ਰੋਕਣ ਦੀ ਅਸਫਲ ਕੋਸ਼ਿਸ਼ ਕੀਤੀ ਪਰ ਦੂਜੇ ਪਾਸੇ ਕੇਜਰੀਵਾਲ ਸਰਕਾਰ ਨੇ ਕਿਸਾਨਾਂ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਦਾ ਸਮਰਥਨ ਕਰਦਿਆਂ ਉਨ੍ਹਾਂ ਦੇ ਰਹਿਣ ਸਹਿਣ ਸਬੰਧੀ ਹਰ ਸੁਵਿਧਾ ਦੇਣ ਦਾ ਵਾਅਦਾ ਕਰ ਦਿੱਤਾ। ਕੇਂਦਰ ਦੀ ਮੋਦੀ ਸਰਕਾਰ ਅਧੀਨ ਕੰਮ ਕਰ ਰਹੀ ਦਿੱਲੀ ਪੁਲਸ ਨੇ ਹੱਕ ਮੰਗਦੇ ਅੰਨਦਾਤੇ ਨੂੰ ਜੇਲ੍ਹਾਂ 'ਚ ਡਕਣ ਲਈ ਕੇਜਰੀਵਾਲ ਸਰਕਾਰ ਤੋਂ ਸਟੇਡੀਅਮਾਂ ਨੂੰ ਜੇਲ੍ਹਾਂ 'ਚ ਬਦਲਣ ਦੀ ਇਜ਼ਾਜਤ ਮੰਗੀ ਸੀ। ਕੇਜਰੀਵਾਲ ਸਰਕਾਰ ਵੱਲੋਂ ਸਾਫ ਇਨਕਾਰ ਕੀਤੇ ਜਾਣ ਪਿਛੋਂ ਦਿੱਲੀ ਪੁਲਸ ਨੇ ਕਿਸਾਨਾਂ ਮੂਹਰੇ ਆਪਣੇ ਗੋਡੇ ਟੇਕਦਿਆਂ ਕਿਸਾਨਾਂ ਨੂੰ ਦਿੱਲੀ 'ਚ ਦਾਖ਼ਲ ਹੋਣ ਦੀ ਇਜਾਜ਼ਤ ਦਿੱਤੀ। ਕੇਂਦਰ ਦੀ ਭਾਜਪਾ ਸਰਕਾਰ ਜੋ ਸੁਰੱਖਿਆਂ ਬਲਾਂ ਦੀ ਤਾਕਤ 'ਤੇ ਕਿਸਾਨਾਂ ਦੇ ਅੰਦੋਲਨ ਨੂੰ ਕੁਚਲਣਾ ਚਾਹੁੰਦੀ ਸੀ, ਜੋ ਕੇਜਰੀਵਾਲ ਸਰਕਾਰ ਨੇ ਅਸਫਲ ਕਰ ਦਿੱਤਾ, ਹੁਣ ਭਾਜਪਾਈ ਮੂੰਹ ਦਿਖਾਉਣ ਲਾਇਕ ਨਹੀਂ ਰਹੇ। ਕੇਜਰੀਵਾਲ ਸਰਕਾਰ ਦੇ ਸਮਰਥਨ 'ਚ ਆਉਣ ਤੋਂ ਬਾਅਦ ਕਿਸਾਨਾਂ ਦੇ ਸੰਘਰਸ਼ ਨੂੰ ਬਲ ਮਿਲਿਆ।
ਇਹ ਵੀ ਪੜ੍ਹੋ : ਕਿਸਾਨਾਂ 'ਤੇ ਕੇਂਦਰ ਤੇ ਹਰਿਆਣਾ ਸਰਕਾਰ ਦੀ ਕਾਰਵਾਈ ਖ਼ਿਲਾਫ਼ ਸੁਖਦੇਵ ਢੀਂਡਸਾ ਨੇ ਚੁੱਕਿਆ ਇਹ ਕਦਮ
ਕੇਜਰੀਵਾਲ ਵੱਲੋਂ ਅੰਨਦਾਤੇ ਦੀ ਹਰ ਸੰਭਵ ਮਦਦ ਕੀਤੇ ਜਾਣ ਦੇ ਐਲਾਨ ਤੋਂ ਬਾਅਦ ਦਿੱਲੀ ਦੇ ਸਾਰੇ ਵਿਧਾਇਕ ਆਪੋ ਆਪਣੇ ਫਰਜ਼ ਸਮਝਦਿਆਂ ਕਿਸਾਨਾਂ ਦੇ ਖਾਣ, ਪੀਣ ਅਤੇ ਰਹਿਣ ਦੇ ਪ੍ਰਬੰਧਾਂ 'ਚ ਜੁੱਟ ਗਏ। ਦੇਰ ਰਾਤ ਵੀ ਦਿੱਲੀ ਦੇ ਕਈ ਮੰਤਰੀ ਅਤੇ ਵਿਧਾਇਕ ਕਿਸਾਨਾਂ ਦੇ ਰਹਿਣ ਸਹਿਣ ਖਾਣ-ਪੀਣ ਦੇ ਪ੍ਰਬੰਧ ਨੂੰ ਵੇਖਣ ਲਈ ਨਿੱਜੀ ਤੌਰ 'ਤੇ ਮੌਜੂਦ ਰਹੇ। ਕੇਜਰੀਵਾਲ ਸਰਕਾਰ ਨੇ ਦਿੱਲੀ ਜਲ ਬੋਰਡ ਨੂੰ ਕਿਸਾਨਾਂ ਲਈ ਪੀਣ ਵਾਲੇ ਪਾਣੀ ਮੁਹੱਈਆ ਕਰਵਾਉਣ ਦੇ ਆਦੇਸ਼ ਜਾਰੀ ਕਰ ਦਿੱਤੇ ਹਨ, ਜਿਸ ਤੋਂ ਬਾਅਦ ਦਿੱਲੀ ਜਲ ਬੋਰਡ ਟੈਂਕਰਾਂ ਰਾਹੀਂ ਪ੍ਰਦਰਸ਼ਨ ਸਥਲ 'ਤੇ ਜਾ ਕੇ ਪਾਣੀ ਦਾ ਪ੍ਰਬੰਧ ਕਰ ਰਹੀ ਹੈ। ਦਿੱਲੀ ਸਰਕਾਰ ਪੂਰੀ ਤਰ੍ਹਾਂ ਕਿਸਾਨਾਂ ਦੇ ਅੰਦੋਲਨ ਨਾਲ ਹੈ ਅਤੇ ਪੰਜਾਬ ਵਿਚ ਆਮ ਆਦਮੀ ਪਾਰਟੀ ਦੇ ਵਿਧਾਇਕ ਵੀ ਬਿਨਾਂ ਕਿਸੇ ਰਾਜਸ਼ੀ ਹਿੱਤ ਤੋਂ ਕਿਸਾਨ ਜਥੇਬੰਦੀਆਂ ਦੇ ਝੰਡੇ ਥਲੇ ਅੰਦੋਲਨ 'ਚ ਡਟੇ ਹੋਏ ਹਨ। ਕੱਲ੍ਹ ਵੀ ਆਮ ਆਦਮੀ ਪਾਰਟੀ ਪੰਜਾਬ ਦੇ ਵਿਧਾਇਕਾਂ ਨੇ ਮੋਦੀ ਦੀ ਰਿਹਾਇਸ਼ ਮੂਹਰੇ ਜ਼ੋਰਦਾਰ ਪ੍ਰਦਰਸ਼ਨ ਕੀਤਾ, ਜਿਸ ਤੋਂ ਬਾਅਦ ਪੁਲਸ ਨੇ ਉਨ੍ਹਾਂ ਨਾਲ ਧੱਕਾ-ਮੁੱਕੀ ਕਰਦਿਆਂ ਥਾਣੇ 'ਚ ਲਿਜਾ ਕੇ ਬੰਦ ਕੀਤਾ।
ਇਹ ਵੀ ਪੜ੍ਹੋ : ਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸ ਦੌਰਾਨ ਪਾਸ ਕੀਤੇ ਗਏ ਅਹਿਮ ਮਤੇ