ਚੰਡੀਗੜ੍ਹ 'ਚ ਹਿੰਸਕ ਪ੍ਰਦਰਸ਼ਨ, ਤਲਵਾਰਾਂ-ਡੰਡਿਆਂ ਨਾਲ ਪੁਲਸ 'ਤੇ ਹਮਲਾ, ਕਈ ਪ੍ਰਦਰਸ਼ਨਕਾਰੀ ਹਿਰਾਸਤ 'ਚ
Thursday, Feb 09, 2023 - 11:36 AM (IST)

ਚੰਡੀਗੜ੍ਹ (ਸੁਸ਼ੀਲ/ਸੰਦੀਪ) : ਸਿੱਖ ਕੈਦੀਆਂ ਦੀ ਰਿਹਾਈ ਲਈ ਮੋਹਾਲੀ-ਚੰਡੀਗੜ੍ਹ ਬਾਰਡਰ ’ਤੇ ਮਟੌਰ ਬੈਰੀਅਰ ਕੋਲ ਬੈਠੇ ਪ੍ਰਦਰਸ਼ਨਕਾਰੀਆਂ ਨੇ ਬੁੱਧਵਾਰ ਸ਼ਾਮ ਬੈਰੀਕੇਡ ਤੋੜ ਕੇ ਚੰਡੀਗੜ੍ਹ 'ਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ। ਪੁਲਸ ਨੇ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਵਾਟਰ ਕੈਨਨ ਦੇ ਨਾਲ ਪਾਣੀ ਦੀਆਂ ਵਾਛੜਾਂ ਮਾਰਨ ਦੇ ਨਾਲ ਹੀ ਅੱਥਰੂ ਗੈਂਸ ਦੇ ਗੋਲੇ ਛੱਡੇ। ਉੱਥੇ ਹੀ, ਪ੍ਰਦਰਸ਼ਨਕਾਰੀਆਂ ਨੇ ਤਲਵਾਰਾਂ ਅਤੇ ਡੰਡਿਆਂ ਨਾਲ ਪੁਲਸ ’ਤੇ ਹਮਲਾ ਕਰ ਦਿੱਤਾ। ਪੁਲਸ ਦੀਆਂ ਗੱਡੀਆਂ ਦੇ ਸ਼ੀਸ਼ੇ ਤੋੜ ਦਿੱਤੇ। ਪੁਲਸ ਜਵਾਨਾਂ ਨੇ ਜਾਨ ਬਚਾਉਣ ਲਈ ਗੱਡੀਆਂ ਪਿੱਛੇ ਕੀਤੀਆਂ ਤਾਂ ਪ੍ਰਦਰਸ਼ਨਕਾਰੀ ਪਿੱਛਾ ਕਰਦੇ ਹੋਏ ਸੈਕਟਰ-51/52 ਨੂੰ ਵੰਡਦੀ ਸੜਕ ਤੱਕ ਆ ਗਏ। ਮੌਕਾ ਸੰਭਾਲਣ ਲਈ ਵਾਧੂ ਫੋਰਸ ਮੰਗਵਾਈ ਗਈ। ਰਿਜ਼ਰਵ ਫੋਰਸ ਆਉਣ ਤੋਂ ਬਾਅਦ ਪ੍ਰਦਰਸ਼ਨਕਾਰੀਆਂ ’ਤੇ ਪੁਲਸ ਨੇ ਕਾਬੂ ਪਾਇਆ ਅਤੇ ਇਕ ਦਰਜਨ ਤੋਂ ਜ਼ਿਆਦਾ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ 'ਚ ਲਿਆ। ਪ੍ਰਦਰਸ਼ਨਕਾਰੀਆਂ ’ਤੇ ਕਤਲ ਦੀ ਕੋਸ਼ਿਸ਼ ਸਮੇਤ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਖਰੜ 'ਚ ਧਰਨੇ ਦੌਰਾਨ ਵਿਅਕਤੀ ਨੇ ਨਿਗਲਿਆ ਜ਼ਹਿਰ, ਮੌਕੇ 'ਤੇ ਭਾਰੀ ਪੁਲਸ ਬਲ ਤਾਇਨਾਤ
ਮਹਿਲਾ ਪੁਲਸ ਮੁਲਾਜ਼ਮਾਂ ਸਮੇਤ 22 ਤੋਂ ਜ਼ਿਆਦਾ ਜਵਾਨ ਜ਼ਖ਼ਮੀ ਹੋਏ, ਜਿਨ੍ਹਾਂ ਨੂੰ ਸੈਕਟਰ-16 ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਪੁਲਸ ਜਵਾਨਾਂ ’ਤੇ ਹਮਲੇ ਦੀ ਸੂਚਨਾ ਮਿਲਦੇ ਹੀ ਡੀ. ਜੀ. ਪੀ. ਪ੍ਰਵੀਰ ਰੰਜਨ, ਐੱਸ. ਐੱਸ. ਪੀ. ਮਨੀਸ਼ਾ ਚੌਧਰੀ, ਐੱਸ. ਪੀ. ਸਿਟੀ ਸ਼ਰੂਤੀ ਅਰੋੜਾ ਸਮੇਤ ਹੋਰ ਅਫ਼ਸਰ ਮੌਕੇ ’ਤੇ ਪਹੁੰਚੇ। ਉਨ੍ਹਾਂ ਨੂੰ ਬਾਰਡਰ ’ਤੇ ਪੁਲਸ ਦੀਆਂ ਟੁੱਟੀਆਂ ਗੱਡੀਆਂ ਅਤੇ ਖਿੱਲਰੇ ਬੈਰੀਕੇਡਸ ਮਿਲੇ। ਪੁਲਸ ਜਵਾਨਾਂ ਨੇ ਪ੍ਰਦਰਸ਼ਨਕਾਰੀਆਂ ’ਤੇ ਕਾਬੂ ਪਾਇਆ ਹੋਇਆ ਸੀ। ਜ਼ਿਕਰਯੋਗ ਹੈ ਕਿ ਸਿੱਖ ਕੈਦੀਆਂ ਦੀ ਰਿਹਾਈ ਨੂੰ ਲੈ ਕੇ ਇਕ ਜੱਥਾ ਬੁੱਧਵਾਰ ਸ਼ਾਮ ਪੰਜਾਬ ਸੀ. ਐੱਮ. ਹਾਊਸ ਜਾਣ ਲਈ ਚੰਡੀਗੜ੍ਹ ਪੁਲਸ ਦੇ ਅਫ਼ਸਰਾਂ ਨਾਲ ਗੱਲਬਾਤ ਕਰਨ ਲੱਗਾ। ਇਸ ਦੌਰਾਨ ਜੱਥੇ 'ਚ ਸ਼ਾਮਲ ਕੁੱਝ ਲੋਕ ਭੜਕ ਗਏ। ਪ੍ਰਦਰਸ਼ਨਕਾਰੀਆਂ ਨੇ ਇਕਦਮ ਪੁਲਸ ਜਵਾਨਾਂ ’ਤੇ ਪਥਰਾਅ ਕਰ ਦਿੱਤਾ। ਟਰੈਕਟਰ ’ਤੇ ਸਵਾਰ ਹੋ ਕੇ ਚੰਡੀਗੜ੍ਹ ਪੁਲਸ ਦੇ ਬੈਰੀਕੇਡਸ ਨੂੰ ਟੱਕਰ ਮਾਰ ਕੇ ਰਾਹ ਸਾਫ਼ ਕਰ ਦਿੱਤਾ। ਪ੍ਰਦਰਸ਼ਨਕਾਰੀ ਪੁਲਸ ਦੀਆਂ ਗੱਡੀਆਂ ’ਤੇ ਚੜ੍ਹ ਗਏ ਅਤੇ ਝੰਡੇ ਲਗਾ ਕੇ ਭੰਨਤੋੜ ਕਰਨ ਲੱਗੇ। ਪੁਲਸ ਨੇ ਪ੍ਰਦਰਸ਼ਨਕਾਰੀਆਂ ’ਤੇ ਅੱਥਰੂ ਗੈਸ ਅਤੇ ਵਾਟਰ ਕੈਨਨ ਨਾਲ ਪਾਣੀ ਦੀਆਂ ਵਾਛੜਾਂ ਕੀਤੀਆਂ। ਇਸ ’ਤੇ ਪ੍ਰਦਰਸ਼ਨਕਾਰੀਆਂ ਨੇ ਤਲਵਾਰਾਂ ਅਤੇ ਡੰਡਿਆਂ ਨਾਲ ਪੁਲਸ ਜਵਾਨਾਂ ’ਤੇ ਹਮਲਾ ਕਰ ਦਿੱਤਾ। ਪੁਲਸ ਜਵਾਨ ਤਲਵਾਰਾਂ ਅਤੇ ਡੰਡਿਆਂ ਨਾਲ ਹਮਲੇ ਤੋਂ ਬਚਣ ਲਈ ਚੰਡੀਗੜ੍ਹ ਵੱਲ ਭੱਜੇ ਪਰ ਪ੍ਰਦਰਸ਼ਨਕਾਰੀਆਂ ਨੇ ਗੱਡੀਆਂ ਦੇ ਸ਼ੀਸ਼ੇ ਤੋੜ ਦਿੱਤੇ।
ਇਹ ਵੀ ਪੜ੍ਹੋ : ਤੁਰਕੀ 'ਚ ਆਏ ਭੂਚਾਲ ਨੇ ਵਧਾਈ 'ਪੰਜਾਬ' ਦੀ ਚਿੰਤਾ, ਸੂਬੇ ਦੇ ਇਨ੍ਹਾਂ ਜ਼ਿਲ੍ਹਿਆਂ ਨੂੰ ਸਭ ਤੋਂ ਜ਼ਿਆਦਾ ਖ਼ਤਰਾ
ਤਲਵਾਰਾਂ ਅਤੇ ਰਾਡਾਂ ਨਾਲ ਘੋੜਿਆਂ ’ਤੇ ਸਵਾਰ ਨਿਹੰਗ ਸਿੰਘਾਂ ਨੇ ਕੀਤਾ ਹਮਲਾ
ਡੀ. ਜੀ. ਪੀ. ਪ੍ਰਵੀਰ ਰੰਜਨ ਨੇ ਦੱਸਿਆ ਕਿ ਕਈ ਪ੍ਰਦਰਸ਼ਨਕਾਰੀਆਂ ਕੋਲ ਹਥਿਆਰ, ਡੰਡੇ, ਰਾਡ ਤੇ ਕਈ ਹੋਰ ਖ਼ਤਰਨਾਕ ਹਥਿਆਰ ਵੀ ਸਨ। ਪ੍ਰਦਰਸ਼ਨਕਾਰੀਆਂ ਨੇ ਰੋਕੇ ਜਾਣ ’ਤੇ ਪੁਲਸ ਮੁਲਾਜ਼ਮਾਂ ’ਤੇ ਹਮਲਾ ਕੀਤਾ। ਕਈ ਪੁਲਸ ਮੁਲਾਜ਼ਮ ਜ਼ਖ਼ਮੀ ਹੋਏ ਹਨ। ਕੁੱਝ ਪ੍ਰਦਰਸ਼ਨਕਾਰੀ ਘੋੜਿਆਂ ’ਤੇ ਸਵਾਰ ਹੋ ਕੇ ਆਏ, ਜਿਨ੍ਹਾਂ 'ਚ ਨਿਹੰਗ ਸਿੰਘਾਂ ਦੇ ਦਲ ਵੀ ਸਨ। ਤਲਵਾਰਾਂ ਨਾਲ ਪੁਲਸ ਮੁਲਾਜ਼ਮਾਂ ’ਤੇ ਹਮਲਾ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਮਹਿਲਾ ਪੁਲਸ ਮੁਲਾਜ਼ਮਾਂ ਨੂੰ ਵੀ ਨਹੀਂ ਬਖਸ਼ਿਆ। ਡੀ.ਜੀ.ਪੀ. ਨੇ ਖ਼ੁਦ ਹਮਲੇ 'ਚ ਜ਼ਖ਼ਮੀ ਹੋਏ ਪੁਲਸ ਮੁਲਾਜ਼ਮਾਂ ਦਾ ਹਾਲ-ਚਾਲ ਪੁੱਛਿਆ। ਪ੍ਰਵੀਰ ਰੰਜਨ ਸੈਕਟਰ-16 ਜਨਰਲ ਹਸਪਤਾਲ ਪੁੱਜੇ।
ਇਹ ਵੀ ਪੜ੍ਹੋ : ਪੰਜਾਬ ਵਾਸੀ ਹੋ ਜਾਣ ਪਸੀਨੇ ਛੁਡਾਉਣ ਵਾਲੀ 'ਗਰਮੀ' ਲਈ ਤਿਆਰ, 'ਮੌਸਮ' ਨੂੰ ਲੈ ਕੇ ਆਈ ਨਵੀਂ ਅਪਡੇਟ
ਉਨ੍ਹਾਂ ਪੁਲਸ ਵਾਲਿਆਂ ਨੂੰ ਹੌਂਸਲਾ ਦਿੱਤਾ। ਡੀ.ਜੀ.ਪੀ. ਪ੍ਰਵੀਰ ਰਾਜਨ ਨੇ ਕਿਹਾ ਕਿ ਚੰਡੀਗੜ੍ਹ 'ਚ ਧਾਰਾ-144 ਲਾਗੂ ਕਰ ਦਿੱਤੀ ਗਈ ਹੈ, ਜਿਸ ਦੀ ਸੂਚਨਾ ਪ੍ਰਦਰਸ਼ਨਕਾਰੀਆਂ ਨੂੰ ਦਿੱਤੀ ਗਈ। ਇਸ ਦੇ ਬਾਵਜੂਦ ਪ੍ਰਦਰਸ਼ਨਕਾਰੀ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਮਾਰਚ ਕਰਨਾ ਚਾਹੁੰਦੇ ਸਨ। ਇਸ ਗੱਲ ਦੀ ਜਾਂਚ ਕੀਤੀ ਜਾਵੇਗੀ ਕਿ ਪ੍ਰਦਰਸ਼ਨਕਾਰੀ ਹਥਿਆਰਾਂ ਨਾਲ ਚੰਡੀਗੜ੍ਹ ਬਾਰਡਰ ਤੱਕ ਕਿਵੇਂ ਪਹੁੰਚੇ। ਇਸ ਘਟਨਾ ਪਿੱਛੇ ਡੀ. ਜੀ. ਪੀ. ਨੇ ਕੌਮੀ ਇਨਸਾਫ ਮੋਰਚਾ ’ਤੇ ਦੋਸ਼ ਲਗਾਇਆ। ਡੀ. ਜੀ. ਪੀ. ਨੇ ਕਿਹਾ ਕਿ ਪੁਲਸ ਕੋਲ ਪੁਖ਼ਤਾ ਸਬੂਤ ਹਨ ਅਤੇ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ